ਪ੍ਰਧਾਨ ਮੰਤਰੀ ਕੋਲ ਹਾਲੇ ਵੀ ਖੇਤੀ ਕਾਨੂੰਨ ਵਾਪਸ ਲੈਣ ਦਾ ਮੌਕਾ ਹੈ: ਟਿਕੈਤ

ਸਰਦੂਲਗੜ੍ਹ, 24 ਅਪਰੈਲ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਯੂਪੀ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿੱਚ ਕਿਸਾਨ ਰੈਲੀ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦਾ ਕਲੀਨ ਅਪਰੇਸ਼ਨ ਕਰ ਕੇ ਤਾਂ ਵੇਖੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਭਾਰਤ ਨੂੰ ਉਦਯੋਗਪਤੀਆਂ ਦੇ ਹੱਥ ਵਿੱਚ ਦੇਣਾ ਚਾਹੁੰਦਾ ਹੈ। ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਪੰਜਾਬ ਦੇ ਪਹਿਲੇ ਪਿੰਡ ਕਰੰਡੀ ਪਹੁੰਚਿਆ ਹਾਂ ਤੇ ਦੇਖਿਆ ਹੈ ਕਿ ਪੰਜਾਬ ਦੀਆਂ ਅਨਾਜ ਮੰਡੀਆਂ ’ਚ ਕਿਸਾਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਮੌਕਾ ਹੈ ਕਿ ਪ੍ਰਧਾਨ ਮੰਤਰੀ ਖੇਤੀ ਕਾਨੂੰਨ ਵਾਪਸ ਲੈ ਲਵੇ ਨਹੀਂ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸਾਨੀ ਸੰਘਰਸ਼ ਜਿੱਤ ਕੇ ਸਭ ਤੋਂ ਪਹਿਲਾਂ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ੁਕਰਾਨਾ ਕਰਨ ਜਾਣਗੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਖੇਤੀ ਦਾ ਕੰਮ ਨਿਬੇੜ ਕੇ ਦਿੱਲੀ ਮੋਰਚੇ ’ਚ ਪਹੁੰਚਣ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਸ੍ਰੀ ਟਿਕੈਤ ਨੂੰ ਗੱਡਾ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨ ਆਗੂਆ ਵਲੋਂ ਬਿਕਰਮ ਸਿੰਘ ਮੋਫਰ ਨੂੰ ਸਿਰੋਪਾ ਪਾਕੇ ਸਨਮਾਨਤ ਕੀਤਾ ਗਿਆ। ਪਿੰਡ ਦੇ ਚੌਧਰੀ ਅਨੂਪ ਸਿੰਘ ਕਰੰਡੀ ਦੇ ਗ੍ਰਹਿ ਵਿਖੇ ਕਿਸਾਨ ਆਗੂ ਰਾਕੇਸ਼ ਟੈਕਤ ਦਾ ਇਲਾਕੇ ਦੇ ਕਿਸਾਨਾਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੱਤਪਾਲ ਵਰਮਾ, ਸਰਪੰਚ ਅਜੀਤ ਸਿੰਘ ਕਰੰਡੀ ਇਲਾਕੇ ਦੇ ਸਮੂਹ ਕਿਸਾਨ ਆਗੂ ਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Total Views: 299 ,
Real Estate