ਪਾਸਪੋਰਟ

ਕਹਾਣੀ : ਪੁਸਤਕ ਜੇਹਾ ਬੀਜੈ ਸੋ ਲੁਣੈ ਚੋਂ
ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ ਬਠਿੰਡਾ
ਮੋਬਾ: 098882-75913
‘‘ਲੈ ਪੁੱਤ ਤੇਰੀ ਕੋਈ ਚਿੱਠੀ ਫੜਾ ਕੇ ਗਿਐ ਡਾਕੀਆ ਅੱਜ’’ ਕਰਤਾਰ ਕੁਰ ਜਿਸਨੂੰ ਆਂਢ ਗੁਆਂਢ ਵਾਲੇ ਕਰਤਾਰੀ ਕਹਿੰਦੇ ਸਨ, ਨੇ ਆਪਣੇ ਛੋਟੇ ਪੁੱਤਰ ਧਰਮਪ੍ਰੀਤ ਨੂੰ ਘਰ ਵੜਦਿਆਂ ਹੀ ਲਫਾਫ਼ਾ ਫੜਾਉਂਦਿਆਂ ਕਿਹਾ।
‘‘ਬੇਬੇ ਇਹ ਤਾਂ ਮੇਰਾ ਪਾਸਪੋਰਟ ਐ, ਹੁਣ ਤੇਰਾ ਪੁੱਤ ਜਾ ਕੇ ਬਾਹਰਲੇ ਦੇਸ਼ ਵਿੱਚ ਨੋਟਾਂ ਦੀਆਂ ਪੰਡਾਂ ਭੇਜਦੂ। ਹੁਣ ਮੈਂ ਘਰ ਦੀ ਗਰੀਬੀ ਨਹੀਂ ਰਹਿਣ ਦਿੰਦਾ, ਬੱਸ ਥੋੜੇ ਜਿਹੇ ਪੈਸਿਆਂ ਦਾ ਪ੍ਰਬੰਧ ਕਰਕੇ ਵੀਜਾ ਲੁਆ ਕੇ ਜਹਾਜ ਚੜ ਜਾਵਾਂ ਕੇਰਾਂ।’’ ਧਰਮਪ੍ਰੀਤ ਨੂੰ ਪਾਸਪੋਰਟ ਦੇਖਦਿਆਂ ਘਰ ਦੀ ਗ਼ੁਰਬਤ ਦੀ ਜ਼ਿੰਦਗੀ ਤੋਂ ਛੁਟਕਾਰਾ ਮਿਲਦਾ ਦਿਖਾਈ ਦਿੱਤਾ।
‘‘ਐਂ ਪੁੱਤ ਪੰਡਾਂ ਕਾਹਨੂੰ ਆਉਂਦੀਆਂ ਨੇ, ਤੇਰੀ ਮਾਸੀ ਬਲਜੀਤ ਕੁਰ ਦੇ ਮੁੰਡੇ ਨੂੰ ਤਿੰਨ ਸਾਲ ਗਏ ਨੂੰ ਹੋ ਗੇ, ਕਹਿੰਦੇ ਸੀ ਮਰੀਕਾ ’ਚ ਬਹੁਤ ਕਮਾਈ ਐ ਉਹਨੇ ਪੈਸੇ ਭੈਜਣੇ ਤਾਂ ਕੀ ਸੀ, ਸਗੋਂ ਐਥੋਂ ਮੰਗਾਉਂਦਾ ਰਹਿੰਦੈ।’’ ਕਰਤਾਰੀ ਨੇ ਭੈਣ ਤੋਂ ਸੁਣੀ ਸੁਣਾਈ ਆਪਣੇ ਪੁੱਤਰ ਨੂੰ ਦੱਸੀ।
‘‘ਬੇਬੇ ਉਹ ਹੋਰ ਗੱਲ ਐ, ਉਹ ਗਿਆ ਸੀ ਹੋਰ ਤਰੀਕੇ ਨਾਲ, ਉਹ ਪਹਿਲਾਂ ਤਿੰਨ ਸਾਲ ਉਥੇ ਪੜਾਈ ਕਰੂ ਤੇ ਉਸਤੋਂ ਦੋ ਸਾਲ ਬਾਅਦ ਉਹ ਕਮਾਈ ਕਰਨ ਲੱਗੂ, ਫੇਰ ਲਾਦੂ ਨੋਟਾਂ ਦੇ ਢੇਰ।’’ ਧਰਮਪ੍ਰੀਤ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
‘‘ਫੇਰ ਪੁੱਤ ਤੂੰ ਕਿਵੇਂ ਹੁਣੇ ਕਮਾਉਣ ਲੱਗਜੇਂ ਗਾ, ਤੈਨੂੰ ਵੀ ਕਈ ਸਾਲ ਲੱਗਣਗੇ ਹੀ।’’ ਬੇਬੇ ਨੇ ਅਗਲਾ ਸੁਆਲ ਕਰਕੇ ਗੱਲ ਸਪਸ਼ਟ ਕਰਨੀ ਚਾਹੀ।
‘‘ਬੇਬੇ ਮੈਂ ਅਮਰੀਕਾ ਨਹੀਂ ਜਾਂਦਾ, ਮੈਂ ਤਾਂ ਉਥੇ ਜਾਊਂ ਜਿੱਥੇ ਆਪਣੇ ਪਿੰਡ ਵਾਲਾ ਤਾਰਾ ਸਿਉਂ ਗਿਆ ਸੀ, ਉ¤ਥੇ ਤਿੰਨ ਸਾਲ ਉਡੀਕਣ ਦੀ ਲੋੜ ਨਹੀਂ ਤੇ ਨਾ ਹੀ ਪੜਾਈ ਕਰਨੀ ਪਵੇ। ਬੱਸ ਪਹੁੰਚੋ ਤੇ ਕਰੋ ਕਮਾਈ ਸੁਰੂ। ਤੂੰ ਹੁਣ ਫਿਕਰ ਨਾ ਕਰ।’’ ਧਰਮਪ੍ਰੀਤ ਨੇ ਬੇਬੇ ਨੂੰ ਸਮਝਾਇਆ।
‘‘ਚੰਗਾ ਪੁੱਤਰ ਰੱਬ ਤੇਰੀ ਕਮਾਈ ’ਚ ਬਰਕਤ ਪਾਵੇ। ਜੇ ਤੇਰੇ ਬਾਪੂ ਦੇ ਗਲ ਚੋਂ ਵੀ ਗਰੀਬੀ ਦਾ ਜੂਲਾ ਲਹਿ ਜਾਏ।’’ ਕਰਤਾਰੀ ਨੇ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਹੱਥ ਜੋੜ ਕੇ ਮੱਥੇ ਨੂੰ ਲਾਏ।
ਸ਼ਾਮ ਨੂੰ ਰੋਟੀ ਟੁੱਕ ਖਾਣ ਤੋਂ ਬਾਅਦ ਧਰਮਪ੍ਰੀਤ ਦਾ ਬਾਪੂ ਗੁਲਜਾਰ ਸਿੰਘ ਤੇ ਵੱਡਾ ਭਰਾ ਕਰਮਜੀਤ ਜੋ ਅਦਾਲਤ ਵਿੱਚ ਚਪੜਾਸੀ ਲੱਗਾ ਹੋਇਆ ਹੈ, ਵਿਹੜੇ ਵਿੱਚ ਮੰਜੇ ਤੇ ਬੈਠੇ ਸਨ ਤੇ ਧਰਮਪ੍ਰੀਤ ਵੀ ਬਾਹਰੋਂ ਆ ਕੇ ਉਹਨਾਂ ਕੋਲ ਅਜੇ ਬੈਠਾ ਹੀ ਸੀ, ਕਿ ਕਰਤਾਰੀ ਦੁੱਧ ਦਾ ਡੋਲੂ ਭਰ ਕੇ ਤੇ ਪਲਾ ਬਾਟੀਆਂ ਲੈ ਕੇ ਉਹਨਾਂ ਕੋਲ ਪੀੜੀ ਡਾਹ ਕੇ ਬੈਠ ਗਈ। ਕਰਤਾਰੀ ਨੇ ਪਲੇ ਨਾਲ ਬਾਟੀਆਂ ’ਚ ਦੁੱਧ ਪਾ ਕੇ ਤਿੰਨਾਂ ਨੂੰ ਫੜਾ ਦਿੱਤਾ ਤੇ ਉਹ ਫੂਕਾਂ ਮਾਰ ਮਾਰ ਕੇ ਪੀਣ ਲੱਗੇ। ਕਰਤਾਰੀ ਨੇ ਖੁਸ਼ੀ ਸਾਂਝੀ ਕਰਦਿਆਂ ਗੁਲਜਾਰ ਸਿੰਘ ਨੂੰ ਸੰਬੋਧਤ ਹੁੰਦਿਆਂ ਕਿਹਾ, ਦੇਖ ਧਰਮੂ ਦੇ ਬਾਪੂ ! ਹੁਣ ਤੂੰ ਫਿਕਰ ਨਾ ਕਰਿਆ ਕਰ, ਆਪਣੇ ਧਰਮੂ ਦਾ ਬਾਹਰ ਜਾਣ ਆਲਾ ਉਹ ਆ ਗਿਆ ਅੱਜ, ਮੈਨੂੰ ਡੁੱਬ ਜਾਣੇ ਦਾ ਨਾਂ ਨੀ ਲੈਣਾ ਆਉਂਦਾ ‘ਪੋਸਪਾਰਟ’। ਧਰਮਪ੍ਰੀਤ ਦਾ ਹਾਸਾ ਨਿਕਲ ਗਿਆ ਤੇ ਉਸਨੇ ਸਪਸ਼ਟ ਕਰਦਿਆਂ ਕਿਹਾ ਪੋਸਪਾਰਟ ਨੀ ਬੇਬੇ, ਪਾਸਪੋਰਟ। ਇਹ ਸੁਣ ਕੇ ਗੁਲਜਾਰ ਸਿੰਘ ਤੇ ਕਰਮਜੀਤ ਵੀ ਹੱਸਣ ਲੱਗੇ।
‘‘ਧਰਮੂ ਹੁਣ ਤੂੰ ਆਈਲੈਟਸ ਕਰ ਲੈ, ਅਮਰੀਕਾ ਜਾਂ ਕੈਨੇਡਾ ’ਚ ਪੜਈ ਵੇਸ ਤੇ ਪਹੁੰਚ ਕੇ ਉਥੇ ਦਾਖਲਾ ਲੈ ਲਵੀਂ, ਤਿੰਨ ਕੁ ਸਾਲ ’ਚ ਸੈਟ ਹੋ ਜਾਵੇਂਗਾ। ਤੇਰਾ ਵਿਆਹ ਵੀ ਫੇਰ ਹੀ ਕਰਾਂਗੇ। ਹੁਣ ਤੂੰ ਅੰਗਰੇਜੀ ਸਿੱਖਣ ਤੇ ਦਿਨ ਰਾਤ ਇੱਕ ਕਰ ਦੇਹ।’’ ਕਰਮਜੀਤ ਨੇ ਸਲਾਹ ਦਿੱਤੀ।
‘‘ਕਿਉਂ! ਪੁੱਤ ਤੂੰ ਏਹਨੂੰ ਪੁੱਠੇ ਰਾਹ ਤੋਰਦੈਂ, ਆਪਾਂ ਮਰੀਕਾ ਮਰੂਕਾ ਤੋਂ ਕੀ ਲੈਣੈ, ਐਨੇ ਸਾਲ ਖਰਾਬ ਕਰੂ। ਇਹ ਤਾਂ ਓਥੇ ਜਾਊ ਜਿੱਥੇ ਆਪਣੇ ਪਿੰਡ ਆਲਾ ਤਾਰ ਸਿਉਂ ਗਿਆ ਸੀ। ਦੇਖ! ਕਿਵੇਂ ਬੋਰੇ ਭਰ ਭਰ ਭੇਜਦਾ ਰਿਹੈ ਨੋਟਾਂ ਦੇ। ਕਿੰਨੀ ਜ਼ਮੀਨ ਬਣਾ ਲਈ ਓਹਨਾਂ ਨੇ, ਨਾਲੇ ਕਹਿੰਦੇ ਨੇ ਕਿ ਵੱਡੇ ਵੱਡੇ ਸ਼ਹਿਰਾਂ ’ਚ ਉਹਨਾਂ ਕੋਠੀਆਂ ਲੈ ਲਈਆਂ ਨ।’’ ਕਰਤਾਰੀ ਨੇ ਮਨ ਦੀ ਕਹਿ ਸੁਣਾਈ।
‘‘ ਨਾ ਬੇਬੇ! ਉਹ ਤਾਂ ਮਨੀਲਾ ’ਚ ਗਿਆ ਸੀ ਬਹੁਤ ਸਾਲ ਪਹਿਲਾਂ, ਪੁਰਾਣੀ ਗੱਲ ਹੋ ਗਈ, ਹੁਣ ਅਸੀਂ ਨੀ ਧਰਮੂ ਨੂੰ ਮਨੀਲੇ ਜਾਣ ਦੇਣਾ। ਉਹ ਦੇਸ਼ ਵਧੀਆ ਨਹੀਂ, ਪੈਸੇ ਤਾਂ ਉਥੇ ਜਰੂਰ ਬਣ ਜਾਂਦੇ ਨੇ, ਪਰ ਉਥੇ ਪੰਜਾਬੀ ਮੁੰਡਿਆਂ ਦੇ ਕਤਲਾਂ ਦੀਆਂ ਰੋਜ ਅਖ਼ਬਾਰਾਂ ਵਿੱਚ ਖ਼ਬਰਾਂ ਆਉਂਦੀਆਂ ਨੇ। ਮੈਨੂੰ ਭਰਾ ਦੀ ਲੋੜ ਐ ਪੈਸਿਆਂ ਦੀ ਨਹੀਂ। ਜੇ ਅਮਰੀਕਾ ਕੈਨੇਡਾ ਜਾ ਸਕਿਆ ਤਾਂ ਭੇਜਾਂਗੇ, ਨਹੀਂ ਘੱਟ ਖਾ ਲਵਾਂਗੇ ਪਰ ਮੌਤ ਦੇ ਮੂੰਹ ’ਚ ਨਹੀਂ ਭੇਜਣਾ ਅਸੀਂ ਧਰਮੂ ਨੂੰ।’’ ਕਰਮਜੀਤ ਨੇ ਸਿਰੇ ਦੀ ਇੱਕ ਕਹਿ ਸੁਣਾਈ।
‘‘ਲੈ ਅਈਂ ਮਾਰੀ ਜਾਂਦੇ ਨੇ ਉਥੇ ਸਾਡੇ ਮੁੰਡਿਆਂ ਨੂੰ।’’ ਕੋਲ ਬੈਠੇ ਗੁਲਜਾਰ ਸਿੰਘ ਨੂੰ ਕਰਮਜੀਤ ਦੀ ਗੱਲ ਵਿੱਚ ਵਿੱਚ ਬਹੁਤੀ ਸੱਚਾਈ ਨਾ ਲੱਗੀ।
ਐਵੇਂ ਮਾਰਨ ਵਾਲੀ ਗੱਲ ਹੀ ਐ ਬਾਪੂ, ਮੈ ਕੁਝ ਦਿਨ ਪਹਿਲਾਂ ਜਦ ਅਖ਼ਬਾਰ ਖੋਹਲਿਆ ਤਾਂ ਉਸਦੇ ਪਹਿਲੇ ਪੰਨੇ ਤੇ ਖ਼ਬਰ ਵੇਖ ਦੇ ਮਨ ਬਹੁਤ ਦੁਖੀ ਹੋਇਆ ਸੀ, ਖ਼ਬਰ ਸੀ ਵੀ ਬਰਨਾਲਾ ਦੇ ਨੇੜੇ ਦੇ ਪਿੰਡ ਜੋਧਪੁਰ ਦੇ ਕੁਲਵੰਤ ਸਿੰਘ ਤੇ ਉਸਦੀ ਪਤਨੀ ਚਰਨਜੀਤ ਕੌਰ ਨੂੰ ਲੁਟੇਰਿਆਂ ਨੇ ਮਨੀਲਾ ਵਿਖੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਕ ਹੋਰ ਅਖ਼ਬਾਰ ਦੀ ਖਬਰ ਸੀ ਕਿ ਫਿਲਪਾਈਨ ਵਿੱਚ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਹੈ, ਮਨੀਲਾ ਫਿਲਪਾਈਨ ਦੇਸ਼ ਦੀ ਹੀ ਰਾਜਧਾਨੀ ਹੀ ਹੈ ਬਾਪੂ। ਪਿਛਲੇ ਚਾਰ ਕੁ ਸਾਲਾਂ ਵਿੱਚ ਮੈਂ ਗੁਰਮੇਲ ਸਿੰਘ ਚੱਕ ਬਖਤੂ, ਹਰਵੀਰ ਸਿੰਘ ਰੌਂਤਾ, ਬਲਜੀਤ ਸਿੰਘ ਕੋਕਰੀ ਕਲਾਂ, ਗੁਰਦਿਆਲ ਸਿੰਘ ਦੁਸਾਂਝ, ਗੁਰਮੀਤ ਸਿੰਘ ਭਿੰਡਰ ਕਲਾਂ, ਬਲਵਿੰਦਰ ਸਿੰਘ ਮਾਣੂਕੇ, ਵੀਰ ਸਿੰਘ ਭਿੰਡਰ ਕਲਾਂ, ਗੁਰਜੰਟ ਸਿੰਘ ਕੋਕਰੀ ਬੁੱਟਰ, ਪਰਮਜੀਤ ਸਿੰਘ ਡੱਲਾ ਆਦਿ ਦਰਜਨਾਂ ਨੌਜਵਾਨਾਂ ਦੀਆਂ ਲੁਟੇਰਿਆਂ ਹੱਥੋਂ ਕਤਲ ਹੋਣ ਦੀਆਂ ਖਬਰਾਂ ਪੜੀਆਂ ਨੇ। ਜੇ ਸੱਚ ਪੁਛਦੇ ਹੋ ਤਾਂ ਮੈਨੂੰ ਮਨੀਲਾ ਪੰਜਾਬੀਆਂ ਦੀ ਕਤਲਗਾਹ ਦੀ ਦਿਖਾਈ ਦੇਣ ਲੱਗ ਪਿਆ ਹੈ। ਇਸ ਲਈ ਮੈਂ ਆਪਣੇ ਛੋਟੇ ਭਰਾ ਨੂੰ ਮਨੀਲੇ ਨਹੀਂ ਜਾਣ ਦੇਵਾਂਗਾ, ਹੋਰ ਚਾਹੇ ਕਿਸੇ ਵੀ ਦੇਸ਼ ਵਿੱਚ ਚਲਿਆ ਜਾਵੇ।

ਗੁਲਜਾਰ ਸਿੰਘ ਵੀ ਕਰਮਜੀਤ ਦੀਆਂ ਗੱਲਾਂ ਸੁਣਕੇ ਚਿੰਤਤ ਹੋ ਗਿਆ ਤੇ ਉਸਨੇ ਅਜਿਹੀਆਂ ਘਟਨਾਵਾਂ ਦਾ ਕਾਰਨ ਵੀ ਜਾਣਨਾ ਚਾਹਿਆ ਤਾਂ ਕਰਮਜੀਤ ਨੇ ਦੱਸਿਆ, ‘‘ਸੁਰੂ ਸੁਰੂ ਵਿੱਚ ਮਨੀਲੇ ਦੇ ਵਸਨੀਕ ਪੰਜਾਬੀਆਂ ਦੀ ਬਹੁਤ ਇੱਜਤ ਕਰਦੇ ਸਨ। ਪੰਜਾਬ ਦੇ ਲੋਕ ਉਧਰ ਜਾ ਕੇ ਪਿੰਡਾਂ ਵਿੱਚ ਘਰੇਲੂ ਸਮਾਨ ਸਪਲਾਈ ਕਰਦੇ ਨੇ ਅਤੇ ਉਹਨਾਂ ਦੀ ਕੀਮਤ ਕਿਸ਼ਤਾਂ ਵਿੱਚ ਲੈਂਦੇ ਹਨ, ਕੁਝ ਸਾਲ ਪਹਿਲਾਂ ਤਾਂ ਮਨੀਲਾ ਦੇ ਲੋਕ ਇਸ ਕੰਮ ਨੂੰ ਆਪਣੀ ਸਹੂਲਤ ਹੀ ਸਮਝਦੇ ਸਨ, ਪਰ ਜਦ ਪੰਜਾਬੀ ਲੋਕਾਂ ਨੇ ਆਪਣਾ ਇਹ ਕਾਰੋਬਾਰ ਵਧਾ ਲਿਆ ਤੇ ਉਹ ਕਾਫ਼ੀ ਅਮੀਰ ਹੋ ਗਏ ਤਾਂ ਉਹ ਲੋਕ ਪੰਜਾਬੀਆਂ ਨਾਲ ਘਿਰਣਾ ਕਰਨ ਲੱਗ ਪਏ। ਸਵੇਰ ਦੇ ਸਮੇਂ ਪੰਜਾਬੀ ਪਿੰਡਾਂ ਵਿੱਚ ਸਮਾਨ ਦੀ ਸਪਲਾਈ ਕਰਦੇ ਨੇ ਅਤੇ ਸ਼ਾਮ ਸਮੇਂ ਉਹ ਆਪਣੀਆਂ ਕਿਸ਼ਤਾਂ ਇਕੱਠੀਆਂ ਕਰਦੇ ਨੇ। ਮਨੀਲਾ ਦੇ ਰਹਿਣ ਵਾਲੇ ਲੁਟੇਰੇ ਕਿਸਮ ਦੇ ਲੋਕਾਂ ਨੂੰ ਜਦ ਇਸ ਸਬੰਧੀ ਪੂਰੀ ਜਾਣਕਾਰੀ ਮਿਲ ਗਈ, ਕਿ ਸ਼ਾਮ ਨੂੰ ਪੰਜਾਬੀ ਮੋਟਰ ਸਾਈਕਲਾਂ ਤੇ ਕਿਸ਼ਤਾਂ ਦੀ ਰਕਮ ਇਕੱਠੀ ਕਰਕੇ ਘਰਾਂ ਨੂੰ ਪਰਤਦੇ ਹਨ ਤਾਂ ਉਹ ਰਸਤੇ ਵਿੱਚ ਉਹਨਾਂ ਦਾ ਕਤਲ ਕਰਕੇ ਰਕਮ ਖੋਹ ਲੈਂਦੇ ਨੇ। ਭਾਵੇਂ ਕਦੇ ਕਦੇ ਕੁੱਟਮਾਰ ਜਾਂ ਕਤਲ ਦੀ ਘਟਨਾ ਅਮਰੀਕਾ ਕੈਨੇਡਾ ਜਾਂ ਆਸਟਰੇਲੀਆ ਵਰਗੇ ਦੇਸਾਂ ਵਿੱਚ ਵੀ ਵਾਪਰ ਜਾਂਦੀ ਹੈ, ਪਰੰਤੂ ਮਨੀਲਾ ਵਿੱਚ ਤਾਂ ਪੰਜਾਬੀਆਂ ਦੇ ਕਤਲਾਂ ਦੀ ਖ਼ਬਰਾਂ ਲਗਦੀਆਂ ਹੀ ਰਹਿੰਦੀਆਂ ਹਨ।
‘‘ਇਉਂ ਤਾਂ ਕਿਵੇਂ ਹੋ ਜਾਊ, ਉਥੇ ਪੁਲਿਸ ਜਾਂ ਅਦਾਲਤਾਂ ਨਹੀਂ ਜੋ ਲੁਟੇਰਿਆਂ ਕਾਤਲਾਂ ਨੂੰ ਕਾਬੂ ਕਰ ਸਕਣ ਜਾਂ ਸਜਾਵਾਂ ਦੇ ਕੇ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ।’’ ਗੁਲਜਾਰ ਸਿੰਘ ਨੂੰ ਕਤਲਾਂ ਦੀਆਂ ਘਟਨਾਵਾਂ ਸੱਚ ਨਹੀਂ ਸਨ ਜਾਪਦੀਆਂ।
‘‘ਪੁਲਿਸ ਤੇ ਅਦਾਲਤਾਂ ਸਭ ਕੁਝ ਹੈ ਬਾਪੂ, ਪਰ ਮਨੀਲਾ ਦੇ ਲੁਟੇਰੇ ਇਲਾਕੇ ਬਾਰੇ ਜਾਣਕਾਰੀ ਰਖਦੇ ਨੇ ਅਤੇ ਬਚ ਕੇ ਨਿਕਲਣ ’ਚ ਕਾਮਯਾਬ ਹੋ ਜਾਂਦੇ ਹਨ, ਬਾਕੀ ਪੁਲਿਸ ਵਿਦੇਸ਼ੀਆਂ ਨਾਲੋਂ ਆਪਣੇ ਦੇਸ਼ ਦੇ ਵਾਸੀਆਂ ਦੀ ਹੀ ਬਣਦੀ ਹੈ ਕਿਉਂਕਿ ਜਿਵੇਂ ਮਨੀਲਾ ਵਾਸੀ ਪੰਜਾਬੀਆਂ ਨਾਲ ਘਿਰਣਾ ਕਰਦੇ ਹਨ ਉਸੇ ਤਰਾਂ ਪੁਲਿਸ ਵੀ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੀ। ਪੰਜਾਬ ਦੇ ਲੋਕ ਜਿਵੇਂ ਭਈਆਂ ਨੂੰ ਚੰਗਾ ਨਹੀਂ ਸਮਝਦੇ ਨਾਲੇ ਉਹ ਤਾਂ ਵਿਦੇਸ਼ੀ ਨਹੀਂ ਆਪਣੇ ਹੀ ਦੇਸ਼ ਦੇ ਵਾਸੀ ਹਨ। ਦੂਜੀ ਗੱਲ ਜੇਕਰ ਕੋਈ ਕਾਤਲ ਕਾਬੂ ਵੀ ਆ ਜਾਵੇ ਤਾਂ ਉਸ ਵੱਲੋਂ ਕੀਤੇ ਕਤਲ ਸਬੰਧੀ ਮਰਨ ਵਾਲੇ ਪੰਜਾਬੀ ਦੇ ਵਾਰਸ ਚੰਗੀ ਤਰਾਂ ਪੈਰਵੀ ਹੀ ਨਹੀਂ ਕਰ ਸਕਦੇ, ਜਿਸ ਕਰਕੇ ਉਹ ਅਦਾਲਤਾਂ ਚੋਂ ਵੀ ਬਰੀ ਹੋ ਜਾਂਦੇ ਹਨ।’’ ਕਰਮਜੀਤ ਨੇ ਆਪਣੇ ਬਾਪੂ ਨੂੰ ਸਾਰੇ ਸੱਚ ਤੋਂ ਜਾਣੂ ਕਰਵਾ ਦਿੱਤਾ।
‘‘ਫੇਰ ਤਾਂ ਜਿਹੜੇ ਪੰਜਾਬੀ ਪਹਿਲਾਂ ਹੀ ਮਨੀਲਾ ਵਿੱਚ ਰਹਿ ਰਹੇ ਹਨ, ਉਹਨਾਂ ਦੀ ਜਿੰਦਗੀ ਦਾ ਵੀ ਕੋਈ ਭਰੋਸਾ ਨਹੀਂ, ਕਦੋਂ ਲੁਟੇਰਿਆਂ ਦੇ ਢਹੇ ਚੜ ਜਾਣ।’’ ਚਿੰਤਾ ਗੁਲਜਾਰ ਸਿੰਘ ਦਾ ਖਹਿੜਾ ਨਹੀਂ ਸੀ ਛੱਡ ਰਹੀ।
‘‘ਜਿਹੜੇ ਨੌਜਵਾਨ ਪਹਿਲਾਂ ਮਨੀਲੇ ਰਹਿ ਰਹੇ ਹਨ, ਉਹਨਾਂ ਦੇ ਮਨ ਦਾ ਡਰ ਹੀ ਉਥੋਂ ਦੀਆਂ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਰੁਚੀ ਵਧਣ ਦਾ ਕਾਰਨ ਬਣ ਰਿਹਾ ਹੈ। ਇੱਕ ਤਾਂ ਮਨੀਲਾ ਫਿਲਪਾਈਨ ਦੀਆਂ ਕੁੜੀਆਂ ਵੈਸੇ ਹੀ ਪੰਜਾਬੀ ਮੁੰਡਿਆਂ ਨੂੰ ਚੰਗਾ ਸਮਝਦੀਆਂ ਹਨ। ਦੂਜਾ ਪੰਜਾਬੀ ਮੁੰਡੇ ਕਿਸੇ ਲੜਕੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਬੱਚਾ ਪੈਦਾ ਕਰਨ ਨੂੰ ਚੰਗਾ ਨਹੀਂ ਸਮਝਦੇ, ਜੋ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਵਿੱਚੋਂ ਮਿਲੀ ਸਿੱਖਿਆ ਹੈ। ਜਦ ਕਿ ਫਿਲਪਾਈਨ ਦੇ ਮੁੰਡੇ ਕੁੜੀਆਂ ਵਿਆਹ ਤੋਂ ਕਈ ਕਈ ਸਾਲ ਪਹਿਲਾਂ ਸਰੀਰਕ ਸਬੰਧ ਬਣਾ ਕੇ ਰਹਿੰਦੇ ਹਨ ਅਤੇ ਕਈ ਵਾਰ ਬੱਚੇ ਵੀ ਪੈਦਾ ਕਰ ਲੈਂਦੇ ਹਨ। ਕਈਆਂ ਦੇ ਬੱਚੇ ਵੀ ਆਪਣੇ ਮਾਂ ਬਾਪ ਦੇ ਵਿਆਹ ਵਿੱਚ ਸ਼ਾਮਲ ਹੁੰਦੇ ਹਨ। ਇਸ ਲਈ ਨਰੋਏ ਪੰਜਾਬੀ ਸੱਭਿਆਚਾਰ ਨੂੰ ਉਥੋਂ ਦੀਆਂ ਕੁੜੀਆਂ ਮਹਾਨ ਕਲਚਰ ਮੰਨਦੀਆਂ ਹਨ। ਪੰਜਾਬੀ ਮੁੰਡਿਆਂ ਨੂੰ ਉਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਨਾਲ ਖਤਰਾ ਘਟ ਜਾਂਦਾ ਹੈ, ਉਹ ਉਗਰਾਹੀ ਕਰਨ ਸਮੇਂ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਚਲਦੇ ਹਨ।
‘‘ਮੈਂ ਪੁੱਤ ਤੇਰੀਆਂ ਤੇ ਤੇਰੇ ਬਾਪੂ ਦੀਆਂ ਸਭ ਗੱਲਾਂ ਸੁਣ ਲਈਆਂ ਹਨ, ਮੈਂ ਵੀ ਆਪਣੇ ਦਿਲ ਦੇ ਟੁਕੜੇ ਨੂੰ ਮਨੀਲੇ ਨਹੀਂ ਜਾਣ ਦੇਊਂਗੀ। ਹੁਣ ਤੂੰ ਦੱਸ ਉਸਨੂੰ ਕਿੱਥੇ ਭੇਜੀਏ।’’ ਟਿਕ ਟਿਕੀ ਨਾਲ ਦੇਖਦੀ ਗੱਲਾਂ ਸੁਣ ਰਹੀ ਕਰਤਾਰੀ ਨੇ ਵੀ ਆਪਣਾ ਆਖ਼ਰੀ ਫੈਸਲਾ ਸੁਣਾ ਦਿੱਤਾ।
ਧਰਮਪ੍ਰੀਤ ਸਾਰੀ ਰਾਤ ਆਪਣੇ ਪਰਿਵਾਰ, ਆਪਣੇ ਭਵਿੱਖ ਤੇ ਘਰ ਦੀਆਂ ਤੰਗੀਆਂ ਤਰੁਸ਼ੀਆਂ ਬਾਰੇ ਸੋਚਦਾ ਉਸਲਵੱਟੇ ਲੈਂਦਾ ਰਿਹਾ। ਸੁਭਾ ਚਾਹ ਪਾਣੀ ਪੀਣ ਤੋਂ ਮਗਰੋਂ ਉਹ ਨਹਾ ਕੇ ਤਿਆਰ ਹੋ ਗਿਆ ਤੇ ‘‘ਮੈਂ ਅੰਗਰੇਜੀ ਸਿੱਖਣ ਤੇ ਆਈਲੈਟਸ ਦਾ ਦਾਖਲਾ ਭਰਨ ਲਈ ਸ਼ਹਿਰ ਜਾਂਦਾ ਹਾਂ, ਬਾਪੂ’’ ਕਹਿ ਕੇ ਬੱਸ ਅੱਡੇ ਨੂੰ ਤੁਰ ਪਿਆ।

Total Views: 154 ,
Real Estate