ਮੁਹੱਬਤ ਭਰੇ ਤਜਰਬੇ ੨

ਹਰਮੀਤ ਬਰਾੜ
ਸਿੰਘੂ ਬੌਰਡਰ ਤੇ ਲਵਪ੍ਰੀਤ ਹੋਰਾਂ ਕੋਲ ਰਹਿਣ ਦਾ ਟਿਕਾਣਾ ਹੈ ਜਿੱਥੇ ਰਾਤ ਨੂੰ ਬਹਿ ਕੇ ਬੋਲੀਆਂ ਘੜਨਾ ਮੈਨੂੰ ਬਹੁਤ ਪਸੰਦ ਹੈ ਤੇ ਸਾਡੀ ਅਮਨ ਗਾ ਕੇ ਐਨਡੀਟੀਵੀ ਤੱਕ ਧੁੰਮਾਂ ਪਾ ਆਉਂਦੀ ਹੈ । ਇਹ ਨਿੱਘੇ ਤੇ ਸਿਆਣੇ ਬੱਚੇ ਨੇ , ਜਿੰਨਾ ਦੀ ਸੰਗਤ ਕਰਨਾ ਮੈਨੂੰ ਬਹੁਤ ਚੰਗਾ ਲਗਦੈ। ਇਸ ਵਾਰ ਲਵਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਬਠਿੰਡੇ ਆਏ ਹੋਏ ਨੇ ਪਰ ਸਾਡੇ ਲਈ ਜਗਾਹ ਫੇਰ ਵੀ ਮਿਲੇਗੀ । ਮੈ ਗੁਰਬਖਸ਼ ਸਿੰਘ ਬਰਨਾਲਾ ਨੂੰ ਫ਼ੋਨ ਕੀਤਾ ਤੇ ਉਹਨਾ ਕਿਹਾ ਕਿ ਇੰਤਜਾਰ ਰਹੇਗਾ।
ਰਾਤ ਨੂੰ ਲੰਗਰ ਪਾਣੀ ਮਗਰੋਂ ਅਸੀਂ ਗੱਲਾਂ ਮਾਰਨ ਲਈ ਗੁਰਬਖਸ਼ ਸਿੰਘ ਹੋਰਾਂ ਕੋਲ ਬਹਿ ਗਏ , ਜਿੱਥੇ ਯੋਗਿੰਦਰ ਯਾਦਵ ਹੋਰਾਂ ਦਾ ਡਰਾਈਵਰ ਮੂਲ ਚੰਦ ਵੀ ਮੌਜੂਦ ਸੀ । ਸਾਨੂੰ ਵੇਖ ਕੇ ਮੂਲ ਚੰਦ ਨੂੰ ਜਿਵੇਂ ਚਾਅ ਜਿਹਾ ਚੜ ਗਿਆ , ਉਹ ਇੱਕਦਮ ਬੋਲਿਆ ,” ਮੈ ਬਾਹਰ ਗਾਨੇ ਸੁਨ ਰਹਾ ਥਾ , ਪੰਜਾਬੀ ਬੋਲ ਰਹੇ ਥੇ ਜਿਸੇ ਅਪਨੀ ਜਨਾਨੀ ਕਾ ਨਹੀ ਪਤਾ ਕਿਸਾਨੀ ਕਾ ਕਿਆ ਖ਼ਾਕ ਪਤਾ ਹੋਗਾ। “
ਮੂਲ ਚੰਦ ਦੀਆਂ ਗੱਲਾਂ ਚ ਅਜੀਬ ਜੋਸ਼ ਸੀ । ਉਹ ਅੱਗਿਓਂ ਬੋਲਿਆ ਕਿ, “ ਆਜ ਮੇਰੇ ਮਾਂ ਬਾਪ ਸੇ ਬਾਤ ਹੋ ਰਹੀ ਥੀ , ਮੈਨੇ ਬਤਾਇਆ ਕਿ ਪੰਜਾਬੀ ਐਸੇ ਅੰਦੋਲਨ ਚਲਾ ਰਹੇ ਹੈਂ ਕਿ ਮੋਦੀ ਕੀ ਖਾਟ ਖੜੀ ਕਰ ਕੇ ਦਮ ਲੇਂਗੇ ।” ਆਗੇ ਮਾਂ ਬੋਲੀ , “ ਕਹਾਂ ਸੇ ਲਾਤੇ ਹੈਂ ਯੇ ਲੋਗ ਇਤਨੀ ਹਿੰਮਤ ? “ ਤੋ ਮੈਨੇ ਕਹਾ , “ ਇਨਕੇ ਖ਼ੂਨ ਮੇ ਹੀ ਕੁਛ ਐਸਾ ਹੈ ਕਿ ਡਰਤੇ ਹੀ ਨਹੀ , ਕਿਆ ਬੂੜੇ , ਕਿਆ ਔਰਤੇਂ , ਕਿਆ ਬੱਚੇ .. ਸਭੀ ਅੰਦੋਲਨ ਮੇਂ ਹੈ। “ “ ਮੁਝੇ ਪੰਜਾਬੀਓਂ ਸੇ ਮਿਲ ਕੇ ਅਜੀਬ ਹਿੰਮਤ ਮਿਲਤੀ ਹੈ।”
ਜੀ ਕਰਦਾ ਸੀ ਕਿ ਮੂਲ ਚੰਦ ਬੋਲੀ ਜਾਵੇ ਤੇ ਅਸੀ ਸੁਣਦੇ ਰਹੀਏ । ਕਿੰਨਾ ਮੋਹ ਕਰਦੇ ਨੇ ਲੋਕ ਕਿ ਅਸੀ ਪੰਜਾਬੀ ਆਂ , ਤੁਸੀ ਸਾਨੂੰ ਅੱਤਵਾਦੀ ਕਹੋ , ਖਾਲਿਸਤਾਨੀ ਜਾਂ ਨਕਸਲਵਾਦੀ ਕਹੋਂ ਪਰ ਸੱਚ ਤਾਂ ਇਹ ਹੈ ਕਿ ਅੱਜ ਸਮੂਹ ਮੁਲਕ ਦੇ ਦਿਲਾਂ ਤੇ ਸਾਡਾ ਰਾਜ ਹੈ ਤੇ ਇਹ ਗੱਲ ਥੋਨੂੰ ਪਰੇਸ਼ਾਨ ਕਰਦੀ ਹੈ ਤੇ ਸਾਨੂੰ ਸਕੂਨ ਬਖ਼ਸ਼ਦੀ ਹੈ ।
ਮੁਹੱਬਤ ਜਿੰਦਾਬਾਦ , ਸੰਘਰਸ਼ ਜਿੰਦਾਬਾਦ
Total Views: 174 ,
Real Estate