ਜਸਵੰਤ ਸਿੰਘ ਸਮਾਲਸਰ ਦੀਆਂ ਕੁਝ ਨਜ਼ਮਾਂ

ਇਹ ਉਹ ਨਹੀਂ ਰਹੇ
ਇਹ ਜੋ ਇਨਕਲਾਬ ਦੇ
ਨਾਅਰੇ ਲਾ ਰਹੇ ਨੇ
ਇਹ ਜੋ ਗੀਤ
ਕ੍ਰਾਂਤੀ ਦੇ ਗਾ ਰਹੇ ਨੇ
ਇਹ ਉਹੀ ਨੇ
ਜੋ ਕਦੇ ਕੰਨ ਪੜਵਾ ਮੁੰਦਰਾਂ ਪਾ
ਗੋਰਖ ਦੇ ਟਿੱਲੇ ਚੋਂ
ਜੋਗ ਲੈ ਆਇਆ ਕਰਦੇ ਸੀ
ਪਰ ਹੁਣ ਇਹ ਉਹ ਨਹੀਂ ਰਹੇ
ਇਨ੍ਹਾਂ ਪੜ੍ਹ ਲਿਆ ਏ ਇਤਿਹਾਸ ਨੂੰ
ਜਾਣ ਲਿਆ ਏ
ਸ਼ਹੀਦੀ ਦੀ ਕੀਮਤ ਨੂੰ
ਹੁਣ ਇਨ੍ਹਾਂ ਨੂੰ
ਕਿਸੇ ਹੀਰ ਦੇ ਤਿੱਖੇ ਨੈਣ
ਤੇ ਸੁਰੱਖ ਗੁਲਾਬੀ ਬੁੱਲ੍ਹੀਆਂ
ਨਹੀਂ ਮੋਹ ਸਕਦੀਆਂ
ਹੁਣ ਇਨ੍ਹਾਂ ਦੀ ਜਵਾਨੀ
ਪ੍ਰੇਮ ਜਾਲ ਵਿੱਚ ਨਹੀਂ ਫਸ ਸਕਦੀ
ਅਰਥ ਮਿਲ ਗਏ ਨੇ
ਇਨ੍ਹਾਂ ਨੂੰ ਜਿੰਦਗੀ ਦੇ
ਰਾਹ ਲੱਭ ਗਏ ਨੇ ਜਿਊਣ ਦੇ
ਇਹ ਹੁਣ ਧਰਮਾਂ ਜਾਤਾਂ ‘ਚੋਂ ਨਿਕਲੇ ਨੇ
ਇਹ ਹੁਣ ਇਸ਼ਕ ਦੀਆਂ ਬਾਤਾਂ ‘ਚੋਂ ਨਿਕਲੇ ਨੇ
ਇਹ ਹੁਣ ਆਸ਼ਿਕ ਬਣ ਗਏ ਨੇ ਕ੍ਰਾਂਤੀ ਦੇ।

ਪੋਹ ਦੀ ਸਰਦ ਰੁੱਤ
ਸਾਹਿਬਜ਼ਾਦਿਆਂ ਦੀ ਸ਼ਹੀਦੀ
ਗਦਰੀ ਬਾਬਿਆਂ ਦਾ ਜਜ਼ਬਾ
ਫਾਂਸੀਆਂ ਦੇ ਰੱਸੇ ਚੁੰਮਦੇ ਬੁੱਲ੍ਹ
ਇਨ੍ਹਾਂ ਦੀਆਂ ਅੱਖਾਂ ਸਾਹਵੇਂ
ਘੁੰਮਣ ਲੱਗੇ ਨੇ
ਹੁਣ ਇਨ੍ਹਾਂ ਦੀਆਂ ਰਗਾਂ ਵਿੱਚ
ਹੱਕਾਂ ਖਾਤਰ ਲੜਣ ਮਰਨ ਦਾ
ਜਨੂਨ ਦੌੜ ਰਿਹਾ ਹੈ
ਲਾਹ ਦਿੱਤੀਆਂ ਨੇ ਕੰਨਾਂ ਦੀਆਂ ਮੁੰਦਰਾਂ
ਵਗਾਹ ਮਾਰਿਆ ਏ ਜੋਗ ਨੂੰ
ਚੁੱਕ ਲਏ ਨੇ ਕ੍ਰਾਂਤੀ ਦੇ ਝੰਡੇ
ਜੰਗਲਾਂ ਚੋਂ ਨਿਕਲ
ਸੜਕਾਂ ‘ਤੇ ਉਤਰ ਆਏ ਨੇ
ਤੇ ਵਜਾਅ ਦਿੱਤਾ ਏ ਬਿਗਲ ਜੰਗ ਦਾ।

ਜਵਾਨੀ ਦੇ ਮੂੰਹੋਂ ਸ਼ਹਾਦਤਾਂ ਦੇ ਗੀਤ ਸੁਣ
ਤਖ਼ਤਾਂ ਨੂੰ ਫਿਕਰ ਪੈ ਗਿਆ ਏ
ਆਪਣੇ ਵਜੂਦ ਦਾ
ਕਿਉਂਕਿ ਇਹ ਹੁਣ
ਗੋਰਖ ਦੇ ਚੇਲੇ ਬਣ
ਭਿੱਖਿਆ ਮੰਗਣ ਨਹੀਂ ਆਏ
ਇਹ ਤਾਂ ਆਪਣੇ ਹੱਕ ਲੈਣ ਆਏ ਨੇ
ਤੇ ਪਤਾ ਲੱਗ ਗਿਆ ਇਨ੍ਹਾਂ ਨੂੰ
ਹੱਕ ਮੰਗਿਆ ਨਹੀਂ ਮਿਲਦੇ।

ਕੁਰਸੀਆਂ ਵਾਲਿਓ
ਇਹ ਉਹੀ ਨੇ ਜਿਨ੍ਹਾਂ ਦੇ ਬਾਰੇ ਤੁਸੀਂ
ਆਸ਼ਿਕ,ਨਸ਼ੇੜੀ ਹੋਣ ਦੇ ਚਰਚੇ ਸੁਣੇ ਸੀ
ਪਰ ਇਹ ਉਹ ਨਹੀਂ ਹਨ
ਇਹ ਤਾਂ ਤੁਹਾਡੇ ਜ਼ਬਰ ਜੁਲਮ ਚੋਂ ਪੈਦਾ ਹੋਏ
ਸੰਘਰਸ਼ੀ ਯੋਧੇ ਸੂਰਮੇ ਹਨ
ਜੋ ਤੁਹਾਡਾ ਰਾਜ ਪਲਟਣ ਲਈ
ਵਧ ਰਹੇ ਨੇ ਅੱਗੇ
ਤੇ ਇਨ੍ਹਾਂ ਦੇ ਪੈਰਾਂ ਦੇ ਖੜਕੇ ਨੇ
ਹਿਲਾ ਦਿੱਤਾ ਏ ਤੁਹਾਡੇ ਤਾਜਾਂ ਤਖ਼ਤਾਂ ਨੂੰ
ਉਡਾਅ ਦਿੱਤੀ ਏ ਰਾਤਾਂ ਦੀ ਨੀਂਦ।
__________________________________
ਮੋਦੀ

ਤੇਰੇ ਅੱਛਾ ਦਿਨਾਂ ਨੇ ਪਹਿਲਾਂ ਡੋਬਿਆਂ ਦੇਸ਼ ਮੋਦੀ,
ਹੁਣ ਡੋਬਣਗੇ ਭਾਜਪਾ ਤੇਰੇ ਬਦਲੇ ਹੋਏ ਭੇਸ ਮੋਦੀ।

ਲਏ ਫੈਸਲੇ ਹੁਣ ਤੱਕ ਦੇ ਤੇਰੇ ਸਭ ਗਲਤ ਨਿਕਲੇ,
ਫੱਟੀ ਪੋਚੀ ਗਈ ਤੇਰੇ ਰਾਜ ਦੀ ਦੇਸ਼ ਵਿਦੇਸ਼ ਮੋਦੀ।

ਅਕਲ ਨੂੰ ਮਾਰ ਹੱਥ ਛੱਡ ਵਿਚੋਲਗੀ ਸਾਂਭ ਵਤਨ,
ਸੇਵਾ ਕਰ ਤੂੰ ਜਨਤਾ ਦੀ ਬਣ ਸੱਚਾ ਦਰਵੇਸ਼ ਮੋਦੀ।

ਵਸ ਲਾਲਚ ਜੇ ਚੱਪਾ ਚੱਪਾ ਤੂੰ ਦਿੱਤਾ ਵੇਚ ਏਸ ਦਾ,
ਨਾ ਦੋ ਗਜ ਜਗ੍ਹਾ ਮਿਲੇ ਨਾ ਕਫਨ ਲਈ ਖੇਸ ਮੋਦੀ।

ਦੱਸ ਕਿੰਨਾ ਚਿਰ ਲੁਕੇਗਾ ਹੋਰ ਸਿਆਸਤ ਦੇ ਓਹਲੇ,
ਲੋਕਤੰਤਰ ਆਇਆ ਹਿਸਾਬ ਕਰਨ ਹੋ ਪੇਸ਼ ਮੋਦੀ।

ਤੂੰ ਦੌੜਦਾ ਰਿਹਾ ਸੀ ਕੁਰਸੀਆਂ ਦੇ ਨਾਲ ਪਹਿਲਾਂ,
ਪਰ ਹੁਣ ਲੱਗੀ ਤੇਰੀ ਕਿਰਤੀਆਂ ਨਾਲ ਰੇਸ ਮੋਦੀ।

ਛੱਡ ਦੇ ਅੜੀ ਤੇ ਬੈਠ ਜਾ ਗੋਡਣੀਆਂ ਭਾਰ ਆ ਕੇ,
ਦੇਖ ਚੜ੍ਹਦੀ ਆਉਂਦੀ ਦਿੱਲੀ ‘ਤੇ ਫੌਜ ਦਸਮੇਸ਼ ਮੋਦੀ।
________________________________________
ਕੰਗਣਾ ਦੇ ਨਾਂ ਖ਼ਤ

ਬੀਬਾ ਇਹ ਕੋਈ
ਤੇਰੀ ਫਿਲਮ ਦੀ
ਸੂਟਿੰਗ ਨਹੀਂ ਚੱਲ ਰਹੀ
ਜਿਸ ਵਿੱਚ ਤੂੰ
ਭਾੜੇ ਦੀ ਭੀੜ ਇਕੱਠੀ ਕਰਕੇ
ਇਕੱਠ ਦਿਖਾ ਦੇਵੇ
ਨਾ ਹੀ ਏਹ ਤੇਰੇ ਵਾਂਗ
ਪੁੱਠੇ ਸਿੱਧੇ ਬਿਆਨ ਦੇ
ਸਿਆਸਤ ਵਿੱਚ ਆਉਣਾ ਚਾਹੁੰਦੇ ਨੇ
ਇਹ ਤਾਂ ਉਹ ਨੇ
ਜੋ ਆਪਣੇ ਵਜੂਦ ਨੂੰ
ਬਚਾਉਣ ਲਈ ਲੜ ਰਹੇ ਨੇ।

ਤੂੰ ਕਦੇ ਆਪਣੇ
ਜਿਸਮ ਦੀ ਨੁਮਾਇਸ਼
ਕਰਨ ਤੋਂ ਬਾਹਰ ਨਿਕਲ
ਤੇ ਪੜ੍ਹ ਭਾਰਤ ਦੇ ਇਤਿਹਾਸ ਨੂੰ
ਜੇ ਪੜ੍ਹਣਾ ਨਹੀਂ ਆਉਂਦਾ
ਤਾਂ ਆਪਣੇ ਵੱਡ ਵਡੇਰਿਆਂ ਤੋਂ ਪੁੱਛੀਂ
ਭਾਰਤ ਪੰਜਾਬ ਦੇ ਇਤਿਹਾਸ ਬਾਰੇ
ਇਹ ਉਹੀ ਪੰਜਾਬੀ ਨੇ
ਜਿਨ੍ਹਾਂ ਨੇ ਮੁਗਲ ਲੁਟੇਰਿਆਂ
ਤੋਂ ਲੈ ਕੇ ਮੁਗਲ ਸਾਮਰਾਜ
ਤੇ ਅੰਗਰੇਜ਼ ਰਾਜ ਦੀਆਂ
ਜੜ੍ਹਾਂ ਹਲਾ ਕੇ ਰੱਖ ਦਿੱਤੀਆਂ ਸੀ
ਕਦੇ ਕੁਰਬਾਨੀਆਂ ਦਾ ਇਤਿਹਾਸ ਪੜ੍ਹੀ
ਤੇ ਦੇਖੀ ਸਭ ਤੋਂ ਵੱਧ ਨਾਂ
ਪੰਜਾਬੀਆਂ ਦੇ ਹੋਣਗੇ।

ਹਾਂ ਸੱਚ ਦਿੱਲੀ ਦੇ ਚਾਂਦਨੀ ਚੌਂਕ
ਤੇ ਗੁਰੂ ਤੇਗ਼ ਬਹਾਦਰ ਬਾਰੇ ਵੀ ਪੁੱਛੀ
ਜਿਨ੍ਹਾਂ ਨੇ
ਜੰਝੂ ਤੇ ਤਿਲਕ ਦੀ ਰਾਖੀ ਲਈ
ਆਪਣਾ ਸੀਸ ਕਟਵਾਉਣ ਲੱਗਿਆ
ਸੀਹ ਤੱਕ ਵੀ ਨਹੀਂ ਸੀ ਕੀਤੀ।

ਇਹ ਜੋ ਮਾਵਾਂ ਤੈਨੂੰ
ਦਿਹਾੜੀ ਵਾਲੀਆਂ ਲੱਗਦੀਆਂ ਨੇ
ਸੱਚ ਹੈ
ਇਹ ਦਿਹਾੜੀ ਵਾਲੀਆ ਹੀ ਹਨ
ਜੋ ਆਪਣੇ ਖੇਤਾਂ ਤੋਂ ਲੈ ਕੇ
ਭੱਠਿਆਂ,ਨਹਿਰਾਂ ਨਾਲਿਆਂ ਤੱਕ
ਆਪਣੇ ਬੰਦਿਆਂ ਨਾਲ
ਮੋਢੇ ਨਾਲ ਮੋਢਾ ਜੋੜ ਕੇ
ਕੰਮ ਕਰਦੀਆਂ ਨੇ
ਇਹ ਤੇਰੀ ਫਿਲਮ ਇੰਡਸਟਰੀ ਵਾਂਗ
ਕੰਮ ਦੀ ਤਲਾਸ਼ ਲਈ
ਕਿਸੇ ਨਾਲ ਵੀ ਹਮ ਬਿਸਤਰ ਨਹੀਂ ਹੁੰਦੀਆਂ ।

ਇਹ ਉਹੀ ਮਾਵਾਂ ਨੇ ਜਿਨ੍ਹਾਂ
ਪੁੱਤਰਾਂ ਦੇ ਟੋਟੇ ਝੋਲੀ ਵਿੱਚ ਪਵਾਏ
ਪਰ ਆਪਣਾ ਸਿਦਕ
ਨਹੀਂ ਟੁੱਟਣ ਦਿੱਤਾ ਸੀ
ਜਿਹੜੀਆਂ ਸਬਰ ਤੋਂ ਜਬਰ ਤੱਕ ਚੱਲ
ਤਲਵਾਰ ਚੁੱਕ ਮਾਈ ਭਾਗੋ ਬਣ
ਮੈਦਾਨ ਵਿੱਚ ਲੜੀਆਂ।

ਇਹ ਉਹੀ ਮਾਵਾਂ ਨੇ
ਜਿਨ੍ਹਾਂ ਦੀ ਕੁੱਖ ਚੋਂ ਪੈਦਾ ਹੋਏ
ਸੂਰਮਿਆਂ,ਯੋਧਿਆ ਨੇ
ਲੰਡਨ ਜਾ ਵੈਰੀ ਮਾਰੇ
ਛੋਟੀਆਂ ਉਮਰਾਂ ਵਿੱਚ
ਤੋਪਾਂ ਅੱਗੇ ਸੀਨੇ ਤਾਣ ਦਿੱਤੇ
ਤੇ ਫਾਂਸੀਆਂ ਦੇ ਰੱਸੇ ਚੁੰਮੇ
ਜਿਨ੍ਹਾਂ ਨੇ ਆਪਣਾ ਰਾਜ ਬਚਾਉਣ ਲਈ
ਕਦੇ ਧੀਆਂ ਭੈਣਾ ਦੇ ਸੌਦੇ ਨਹੀਂ ਕੀਤੇ
ਸਗੋਂ ਬਹਾਦਰੀ ਨਾਲ
ਕਾਬਲ ਕੰਧਾਰ ਅਫਗਾਨ
ਤੱਕ ਫਤਹਿ ਹਾਸਿਲ ਕੀਤੀ
ਤੇਰੀ ਦਿੱਲੀ ਦਾ ਤਖਤ ਪਲਟ
ਕਈ ਵਾਰ ਜਿੱਤ
ਫਿਰ ਦਾਨ ਵਿੱਚ ਵਾਪਸ ਦਿੱਤੀ।

ਇਹ ਉਹੀ ਮਾਵਾਂ ਨੇ
ਜੋ ਅੱਜ ਫੇਰ ਚੱਲ ਪਈਆਂ ਨੇ
ਤੇਰੀ ਦਿੱਲੀ ਵੱਲ ਨੂੰ
ਹਥਿਆਰਾਂ ਦੀ ਥਾਂ
ਡਾਂਗਾਂ ਤੇ ਝੰਡੇ ਚੁੱਕ
ਜਿੱਤ ਲਈ ਜੰਗ ਨੂੰ।

ਇਹ ਮਾਵਾਂ ਉਸੇ ਹੀ
ਗੁਰੂ ਦਾ ਵੰਸ਼ ਨੇ
ਜਿਸ ਨੇ ਥਾਪੜਾ ਦੇ
ਮਾਧੋ ਦਾਸ ਨੂੰ
ਗੁਰੂ ਦਾ ਬੰਦਾ ਬਣਾ
ਬੈਰਾਗੀ ਤੋੰ ਬੰਦਾ ਸਿੰਘ ਬਹਾਦਰ
ਦਾ ਖਿਤਾਬ ਦੇ
ਸਰਹਿੰਦ ਦੀ ਇੱਟ ਨਾਲ ਇੱਟ
ਖੜਕਾਉਣ ਲਈ ਤੋਰ ਦਿੱਤਾ ਸੀ
ਮੈਦਾਨੇ ਜੰਗ ਲਈ
ਇਹ ਉਸੇ ਹੀ
ਗੁਰੂ ਦੇ ਬੰਦੇ ਦੀਆਂ ਵਾਰਿਸ ਨੇ
ਜਿਸ ਨੇ ਆਪਣੇ ਪੁੱਤਰ ਦਾ ਕਲੇਜਾ
ਖਾ ਲਿਆ ਪਰ ਦੁਸ਼ਮਣ ਅੱਗੇ
ਹਾਰ ਨਹੀਂ ਮੰਨੀ
ਪਰ ਤੂੰ ਇਨ੍ਹਾਂ ਦਾ ਬੁਢੇਪਾ
ਤੇ ਪਿੱਠਾਂ ਵਿੱਚ ਕੁੱਬ ਦੇਖ
ਗਲਤ ਅੰਦਾਜ਼ੇ ਲਾ ਬੈਠੀ ਏ।

ਕਦੇ ਆਪਣੇ
ਟਵਿੱਟਰ ਤੋਂ ਬਾਹਰ ਆ
ਤੇ ਕਰ ਦੋ ਹੱਥ ਇੰਨਾ ਮਾਵਾਂ ਨਾਲ
ਜਦ ਤੇਰੀ ਧੌਣ ਮਰੋੜ
ਤੈਨੂੰ ਗੋਡਿਆਂ ਹੇਠਾਂ ਦੇ ਲਿਆ
ਫਿਰ ਕਿਸੇ ਫਿਲਮੀ ਹੀਰੋ ਨੇ
ਤੈਨੂੰ ਬਚਾਉਣ ਨਹੀਂ ਆਉਣਾ
ਕਿਉਂਕਿ ਬੀਬਾ
ਇਹ ਫਿਲਮ ਨਹੀਂ ਏ
ਤੇ ਨਾ ਭਾੜੇ ਦੇ ਖਰੀਦੇ ਗੁੰਡੇ
ਇਹ ਅਸਲ ਜਿੰਦਗੀ ਦੇ
ਅਸਲ ਹੀਰੋ ਨੇ ।

ਜਸਵੰਤ ਗਿੱਲ ਸਮਾਲਸਰ
97804-51878

Total Views: 242 ,
Real Estate