ਗੁਰਦਿਆਲ ਬੱਲ
ਬਿੱਕਰ ਸਿੰਘ ਕੰਮੇਆਣਾ ਦੀ ਲਿਖਤ ਅਨੁਸਾਰ ਮੋਗੇ ਵਿਚ ਬਣੀ ਸਟੂਡੈਂਟਸ ਵੈਲਫੇਅਰ ਕਮੇਟੀ ਮੂਲ ਰੂਪ ਵਿਚ ਸਭਿਆਚਾਰਕ ਸੁਸਾਇਟੀ ਸੀ ਅਤੇ ਉਸ ਦੇ ਆਮ ਉਸਾਰੂ ਕਿਸਮ ਦੇ ਸਰੋਕਾਰ ਸਨ। ਮਸਲੇ ਨੂੰ ਉਲਝਾਉਣ ਲਈ ਮੁੱਖ ਰੂਪ ਪ੍ਰਸ਼ਾਸਨ ਅਤੇ ਪੁਲਿਸ ਦਾ ਕੌੜਾ ਰਵੱਈਆ ਹੀ ਜ਼ਿੰਮੇਵਾਰ ਸੀ। ਸਥਾਪਤੀ ਦੀ ਪਿੱਠ ‘ਤੇ ਖੜ੍ਹਦਿਆਂ ਪੁਲਿਸ ਨੇ ਸਾਲ 1968 ਵਿਚ ਸ਼ਾਂਤਮਈ ਵਿਦਿਆਰਥੀ ਭੁੱਖ ਹੜਤਾਲੀਆਂ ਉਪਰ ਅਚਨਚੇਤ ਹੱਲਾ ਬੋਲ ਕੇ ਜ਼ਬਰਦਸਤ ਭੜਕਾਹਟ ਪੈਦਾ ਕਰ ਦਿੱਤੀ ਜਿਸ ਕਿਸਮ ਦੀ ਬੇਲੋੜੀ ਭੜਕਾਹਟ ਦੀ ਕਹਾਣੀ 5 ਅਕਤੂਬਰ 1970 ਦੇ ਦਿਨ ਮੋਗਾ ਸ਼ਹਿਰ ਵਿਚ ਦੁਹਰਾਈ ਗਈ ਸੀ। ਲੁਧਿਆਣਾ ਵਿਚ ਪੁਲਿਸ ਕਾਰਵਾਈ ਨੇ ਵਿਦਿਆਰਥੀ ਅੰਦੋਲਨ ਨੂੰ ਤੂਲ ਦੇ ਦਿੱਤੀ ਅਤੇ ਇਸ ਨੇ ਪੂਰੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ। –ਸੰਪਾਦਕ
ਵਿਦਿਆਰਥੀਆਂ ਦੇ ਰੋਹ ਅੱਗ ਆਖਰਕਾਰ ਝੁਕਿਆ ਪ੍ਰਸ਼ਾਸਨ
ਦੋ ਪ੍ਰਿੰਸੀਪਲ ਬਦਲਣੇ ਪਏ
ਸ਼ਮਸ਼ੇਰ ਸਿੰਘ ਸ਼ੇਰੀ ਦੱਸਦਾ ਹੈ ਕਿ ਗੌਰਮਿੰਟ ਕਾਲਜ ਲੁਧਿਆਣਾ ਦੇ ਹੜਤਾਲੀ ਵਿਦਿਆਰਥੀਆਂ ਵਿਰੁਧ ਉਸ ਰਾਤ ਪੁਲਿਸ ਕਾਰਵਾਈ ਤੋਂ ਪਹਿਲਾਂ, ਅੰਦੋਲਕਾਰੀਆਂ ਦੀ ਤਾਲਮੇਲ ਕਮੇਟੀ ਅਤੇ ਪੀ.ਐਸ.ਯੂ. ਦੀ ਸੂਬਾਈ ਲੀਡਰਸ਼ਿਪ ਦਾ ਅੰਦੋਲਨ ਨੂੰ ਖਾੜਕੂ ਲੀਹਾਂ ‘ਤੇ ਲਿਜਾਣ ਦਾ ਕੋਈ ਨਿਰਧਾਰਤ ਏਜੰਡਾ ਨਹੀਂ ਸੀ। “ਸਮਾਜਕ ਨਿਜ਼ਾਮ, ਵਕਤ ਦੀ ਰਾਜਨੀਤੀ ਅਤੇ ਸਥਾਪਤੀ ਦੀਆਂ ਸੰਸਥਾਵਾਂ ਦੇ ਲੋਕ ਵਿਰੋਧੀ ਰਵੱਈਏ ਦੇ ਅਸੀਂ ਜ਼ਰੂਰ ਵਿਰੋਧੀ ਸਾਂ, ਕਿਉਂਕਿ ਸਾਡਾ ਵਿਸ਼ਵਾਸ ਸੀ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਦੇ ਪਾਲੇ ਵਿਚ ਖੜ੍ਹੀਆਂ ਹਨ; ਪਰ ਉਸ ਸਮੇਂ ਤੱਕ ਭਾਰੂ ਲੀਡਰਸ਼ਿਪ ਦਾ ਜੇ ਕੋਈ ਲੁਕਵਾਂ ਏਜੰਡਾ ਹੈ ਵੀ ਸੀ ਤਾਂ ਉਹ ਕੇਵਲ ਇਨਾ ਕਿ ਨੌਜਵਾਨ ਵਿਦਿਆਰਥੀ ਵਰਗ ਨੂੰ ਅਜਿਹੀ ਅਮਲੀ ਸਰਗਰਮੀ ਵਿਚੋਂ ਲੰਘਾਇਆ ਜਾਵੇ ਜਿਸ ਰਾਹੀਂ ਇਹ ਰਾਜਸੀ ਨਿਜ਼ਾਮ ਦੇ ਅਸਲ ਖਾਸੇ ਤੋਂ ਜਾਣੂ ਹੋਵੇ ਅਤੇ ਉਨ੍ਹਾਂ ਦੇ ਮਨਾਂ ਅੰਦਰ ਰਾਜਨੀਤਿਕ/ ਸਮਾਜਕ ਚੇਤਨਾ ਦੀ ਧਾਰ ਪ੍ਰਚੰਡ ਹੋਵੇ; ਪਰ ਪੁਲਿਸ ਦੀ ਅਚਨਚੇਤੀ ਕਾਰਵਾਈ ਨੇ ਲੀਡਰਸ਼ਿਪ ਅੱਗੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ। ਪੁਲਿਸ ਵੱਲੋਂ ਭੁੱਖ ਹੜਤਾਲੀ ਵਿਦਿਆਰਥੀਆਂ ਦਾ ਟਿੰਡ-ਫਹੁੜੀ ਚੁੱਕ ਕੇ ਲੈ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਅਗਲੇ ਦਿਨ ਕਾਲਜ ਖੋਲ੍ਹਣ ਦਾ ਐਲਾਨ ਕਰ ਦਿੱਤਾ। ਤਾਲਮੇਲ ਕਮੇਟੀ ਨੇ ਰਾਤੋ-ਰਾਤ ਪੋਸਟਰ ਕੱਢ ਕੇ ਆਪਣੇ ਨੁਮਾਇੰਦੇ ਰਾਜ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਲ ਭੇਜ ਦਿੱਤੇ। ਸ਼ੇਰੀ ਅਨੁਸਾਰ ਰਣਨੀਤੀ ਉਨ੍ਹਾਂ ਨੇ ਪਹਿਲਾਂ ਹੀ ਤੈਅ ਕੀਤੀ ਹੋਈ ਸੀ। ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬ ਦਾ ਪਹਿਲਾ ਪ੍ਰਧਾਨ ਸੁਰਿੰਦਰ ਸਿੰਘ ਚਹਿਲ ਅਤੇ ਗੁਰਦੇਵ ਸਿੰਘ ਬੱਲ (ਸਠਿਆਲਾ) ਸ਼ੇਰੀ ਨੂੰ ਮਿਲਣ ਲੁਧਿਆਣੇ ਆਏ ਹੋਏ ਸਨ ਅਤੇ ਉਨ੍ਹਾਂ ਯਕੀਨ ਦਿਵਾਇਆ ਕਿ ਅੰਮ੍ਰਿਤਸਰ ਏਰੀਏ ਵਿਚ ਅੰਦੋਲਨ ਭਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅਗਲੇ ਦਿਨ ਗੌਰਮਿੰਟ ਕਾਲਜ ਲੁਧਿਆਣਾ ਖੁੱਲ੍ਹ ਗਿਆ ਅਤੇ ਵਿਦਿਆਰਥੀ ਕਲਾਸਾਂ ਵਿਚ ਚਲੇ ਗਏ। ਉਧਰ, ਮਿਥੇ ਪ੍ਰੋਗਰਾਮ ਅਨੁਸਾਰ ਵਿਦਿਆਰਥੀ ਆਗੂ ਕਲਾਸਾਂ ਵਿਚ ਗਏ ਅਤੇ ਉਨ੍ਹਾਂ ਨੂੰ ਨਵੀਂ ਪੈਦਾ ਹੋਈ ਹੰਗਾਮੀ ਹਾਲਤ ਬਾਰੇ ਜਾਣੂ ਕਰਵਾਇਆ। ਕਿਸੇ ਵੀ ਥਾਂ ‘ਤੇ ਕੋਈ ਵਿਰੋਧ ਨਹੀਂ ਹੋਇਆ। ਵਿਦਿਆਰਥੀ ਜਲੂਸ ਦੀ ਸ਼ਕਲ ਵਿਚ ਕਲਾਸਾਂ ਤੋਂ ਬਾਹਰ ਆ ਗਏ। ਪ੍ਰਮਿੰਦਰ ਨੇ ਵਿਦਿਆਰਥੀਆਂ ਨੂੰ ਲੀਡ ਦਿੱਤੀ। ਹਰਭਜਨ ਹਲਵਾਰਵੀ ਵੀ ਉਸ ਦੇ ਨਾਲ ਸੀ। ਪੁਲਿਸ ਨੇ ਕਾਲਜ ਰੋਡ ‘ਤੇ ਜਲੂਸ ਰੋਕ ਕੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਕਿਸੇ ਨੂੰ ਅਦਾਲਤਾਂ ਵੱਲ ਕਿਸੇ ਸੂਰਤ ਵਿਚ ਵੀ ਨਹੀਂ ਜਾਣ ਦੇਣਾ। ਪ੍ਰਮਿੰਦਰ ਨੇ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਹਜੂਮ ਨੂੰ ਅੱਗੇ ਵਧਣ ਲਈ ਪ੍ਰੇਰਿਆ। ਪੁਲਿਸ ਲਾਠੀਚਾਰਜ ‘ਤੇ ਉਤਰ ਆਈ। ਇਸ ‘ਤੇ ਪ੍ਰਮਿੰਦਰ ਦਾ ਪਾਰਾ ਵੀ ਚੜ੍ਹ ਗਿਆ ਅਤੇ ਉਸ ਨੇ ਇਕ ਭੂਸਰੇ ਹੋਏ ਪੁਲਿਸ ਵਾਲੇ ਦੇ ਥੱਪੜ ਕੱਢ ਮਾਰਿਆ ਜਿਸ ਕਾਰਨ ਹਾਲਤ ਤਣਾਉਪੂਰਨ ਹੋ ਗਈ। ਇਸ ਮੋੜ ਤੋਂ ਬਾਅਦ ਵਿਦਿਆਰਥੀ ਲਹਿਰ ਅੰਦਰ ਮਿਲੀਟੈਂਸੀ ਦਾ ਅੰਸ਼ ਪ੍ਰਵੇਸ਼ ਕਰ ਗਿਆ। ਦੂਜੇ ਪਾਸੇ ਪੁਰਾਣੇ ਰਵਾਇਤੀ ਫੈਡਰੇਸ਼ਨੀਏ ਅਤੇ ਜਨਸੰਘੀ ਪਿਛੋਕੜ ਵਾਲੇ ਵਿਦਿਆਰਥੀ ਇਸ ਮੋੜ ਤੋਂ ਬਾਅਦ ਅੰਦੋਲਨ ਤੋਂ ਲਾਂਭੇ ਹੋ ਗਏ। ਇਸੇ ਕਿਸਮ ਦਾ ਭਾਣਾ ਦਰਸ਼ਨ ਬਾਗੀ ਨੇ ਬਠਿੰਡੇ ਵੀ ਵਰਤਾ ਦਿੱਤਾ। ਬੰਗਾ ਕਾਲਜ ਵਿਚ ਦਰਸ਼ਨ ਖਟਕੜ ਹੋਰਾਂ ਨੇ ਅੰਦੋਲਨ ਪਹਿਲਾਂ ਹੀ ਕਾਫੀ ਭਖਾਇਆ ਹੋਇਆ ਸੀ। ਨਤੀਜੇ ਵਜੋਂ ਬਰਨਾਲਾ, ਮਾਨਸਾ ਅਤੇ ਦੂਜੀ ਸਾਈਡ ‘ਤੇ ਸਠਿਆਲਾ ਕਾਲਜ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਵੀ ਅੰਦੋਲਨ ਵਿਚ ਤੇਜ਼ੀ ਆ ਗਈ। 1968 ਦੇ ਸੈਸ਼ਨ ਲਈ ਅੰਮ੍ਰਿਤਸਰ ਖਾਲਸਾ ਕਾਲਜ ਅੰਦਰ ਦਾਖਲੇ ਤੋਂ ਇਨਕਾਰ ਹੋ ਜਾਣ ‘ਤੇ ਜਦੋਂ ਸ਼ੇਰੀ ਲੁਧਿਆਣੇ ਗਿਆ ਤਾਂ ਇਸੇ ਸੈਸ਼ਨ ਲਈ ਸਠਿਆਲਾ ਇਕਾਈ ਦਾ ਸੀਨੀਅਰ ਮੈਂਬਰ ਕੁਲਬੀਰ ਸਿੰਘ ਹੁੰਦਲ ਬੀ.ਏ. ਪੂਰੀ ਕਰਨ ਤੋਂ ਬਾਅਦ ਡੀ.ਏ.ਵੀ. ਕਾਲਜ ਜਲੰਧਰ ਵਿਚ ਅੰਗਰੇਜ਼ੀ ਦੀ ਐਮ.ਏ. ਲਈ ਪਹੁੰਚ ਗਿਆ। ਕੁਲਬੀਰ ਹੁੰਦਲ ਦੀ ਪਹਿਲਕਦਮੀ ‘ਤੇ ਲਾਇਲਪੁਰ ਖਾਲਸਾ ਕਾਲਜ ਵਿਚ ਕੁਲਤਾਰ ਮਾਨ ਅਤੇ ਦਲਜੀਤ ਸੇਖੋਂ ਦੀ ਅਗਵਾਈ ਹੇਠ ਪੀ.ਐਸ.ਯੂ. ਦੀ ਮਜ਼ਬੂਤ ਇਕਾਈ ਬਣ ਗਈ ਜਿਸ ਦੀ ਅਗਵਾਈ ਅਗਲੇ ਸਾਲਾਂ ਦੌਰਾਨ ਨਿਰੰਜਣ ਸਿੰਘ ਢੇਸੀ ਦੇ ਹੱਥਾਂ ਵਿਚ ਆ ਗਈ। ਨਤੀਜੇ ਵਜੋਂ ਲੁਧਿਆਣਾ ਵਾਲੀ ਹੜਤਾਲ ਨੂੰ ਇਥੋਂ ਵੀ ਨਿੱਗਰ ਹੁੰਗਾਰਾ ਮਿਲਣ ਲੱਗ ਪਿਆ। ਸ਼ਮਸ਼ੇਰ ਦੱਸਦਾ ਹੈ ਕਿ ਇਸੇ ਦੌਰ ਵਿਚ ਪੰਜਾਬ ਦਾ ਰਾਜਪਾਲ ਧਰਮਵੀਰ ਖੁਦ ਵਿਦਿਆਰਥੀ ਨੇਤਾਵਾਂ ਨੂੰ ਮਿਲ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਆਇਆ। ਸਰਕਟ ਹਾਊਸ, ਲੁਧਿਆਣਾ ਵਿਚ ਦਰਸ਼ਨ ਬਾਗੀ, ਸ਼ਮਸ਼ੇਰ ਸਿੰਘ ਸ਼ੇਰੀ ਅਤੇ ਪ੍ਰਮਿੰਦਰ ਨੇ ਰਾਜਪਾਲ ਨਾਲ ਗੱਲਬਾਤ ਕੀਤੀ। ਵਿਦਿਆਰਥੀ ਨੇਤਾਵਾਂ ਨੇ ਗਵਰਨਰ ਨੂੰ ਸਪੱਸ਼ਟ ਕਰ ਦਿੱਤਾ ਕਿ ਇਸ ਸਟੇਜ ‘ਤੇ ਪ੍ਰਿੰਸੀਪਲ ਨੂੰ ਹਟਾਏ ਬਗੈਰ ਜਾਂ ਘੱਟੋ-ਘੱਟ ਉਸ ਕੋਲੋਂ ਉਸ ਦੇ ਹੈਂਕੜੀ ਰਵੱਈਏ ਬਾਰੇ ਪਛਤਾਵਾ ਕਰਵਾਏ ਬਗੈਰ ਵਿਦਿਆਰਥੀਆਂ ਦੇ ਜਜ਼ਬਾਤ ਸ਼ਾਂਤ ਨਹੀਂ ਹੋਣੇ ਅਤੇ ਅੰਦੋਲਨ ਦੀ ਵਾਪਸੀ ਵੀ ਅਸੰਭਵ ਸੀ, ਪਰ ਗੱਲਬਾਤ ਦੌਰਾਨ ਗਵਰਨਰ ਦੀ ਸੁਰ ਵਿਚ ਧਮਕੀਆਂ ਵਾਲਾ ਭਾਵ ਹੀ ਭਾਰੂ ਰਿਹਾ। ਬਾਗੀ ਤਾਂ ਮੀਟਿੰਗ ਦੌਰਾਨ ਸ਼ਾਂਤ ਰਿਹਾ, ਪਰ ਪ੍ਰਮਿੰਦਰ ਅਤੇ ਸ਼ੇਰੀ ਦੋਵਾਂ ਨੇ ਬੇਖੌਫ਼ ਹੋ ਕੇ ਕਰੜਾ ਰਵੱਈਆ ਧਾਰਨ ਕਰੀ ਰੱਖਿਆ। ਗੱਲਬਾਤ ਬੇਸਿੱਟਾ ਖਤਮ ਹੋ ਗਈ। ਇਕ ਵਾਰ ਪ੍ਰਮਿੰਦਰ ਅਤੇ ਸ਼ੇਰੀ ਸਮੇਤ 20 25 ਵਿਦਿਆਰਥੀਆਂ ਨੇ ਗ੍ਰਿਫਤਾਰੀ ਦਿੱਤੀ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਵੱਖ ਕਰ ਲਿਆ। ਸ਼ੇਰੀ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਮਿੰਦਰ ਦੇ ਨਿਡਰ ਰਵੱਈਏ ਨੂੰ ਦੇਖ ਕੇ ਪੁਲਿਸ ਵਾਲੇ ਝੇਂਪ ਗਏ। ਫਿਰ ਪੁਲਿਸ ਪ੍ਰਮਿੰਦਰ ਨੂੰ ਛੱਡ ਕੇ ਸ਼ੇਰੀ ਨੂੰ ਇਕੱਲੇ ਨੂੰ ਡਿਪਟੀ ਕਮਿਸ਼ਨਰ ਤੇਜਿੰਦਰ ਖੰਨਾ ਮੂਹਰੇ ਲੈ ਗਈ। ਪੁਲਿਸ ਕਪਤਾਨ ਵੀ ਉਸ ਦੇ ਨਾਲ ਹੀ ਸੀ। ਡੀ.ਸੀ. ਨੇ ਅਜੇ ਗੱਲ ਸ਼ੁਰੂ ਵੀ ਨਹੀਂ ਕੀਤੀ ਸੀ ਕਿ ਪੁਲਿਸ ਕਪਤਾਨ ਨੇ ਆਪਣਾ ਡੰਡਾ ਮੇਜ਼ ‘ਤੇ ਰੱਖ ਕੇ ਉਸ ਨੂੰ ਇਹ ਆਖ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਖਾਲਸਾ ਕਾਲਜ ਤੋਂ ਉਸ ਦੇ ਪਿਛੋਕੜ ਦੀ ਸਾਰੀ ਰਿਪੋਰਟ ਮੰਗਵਾ ਲਈ ਸੀ। ਡੀ.ਸੀ. ਖੰਨਾ ਵੀ ਸਿੱਧੀਆਂ ਧਮਕੀਆਂ ‘ਤੇ ਉਤਰ ਆਇਆ। ਪੁਲਿਸ ਕਪਤਾਨ ਨੇ ਤਾਂ ਗੁੱਸੇ ਨਾਲ ਫੁੰਕਾਰੇ ਮਾਰਦਿਆਂ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਅੱਛਾ! ਫਿਰ ਤੂੰ ਬਾਜ਼ ਆਉਂਦਾ ਨਹੀਂ! ਪੁਲਿਸ ਕਪਤਾਨ ਦਾ ਗੁਸੈਲਾ ਅੰਦਾਜ਼ ਵੇਖ ਕੇ ਹਾਸਾ ਨਿਕਲਦਾ-ਨਿਕਲਦਾ ਉਸ ਨੇ ਬੜੀ ਔਖ ਨਾਲ ਰੋਕਿਆ ਅਤੇ ਬੜੇ ਨਿਮਰ ਅੰਦਾਜ਼ ਵਿਚ ਇਹ ਆਖ ਕੇ ਗੱਲ ਮੁਕਾ ਦਿੱਤੀ ਕਿ ਮਸਲਾ ਤਾਂ ਵਿਦਿਆਰਥੀਆਂ ਦੇ ਸਵੈਮਾਣ ਦੀ ਜ਼ਖਮੀ ਹੋਈ ਭਾਵਨਾ ਦਾ ਹੈ; “ਮੇਰੇ ਪਿੱਛੇ ਹਟਣ ਨਾਲ ਕੀ ਹੁੰਦਾ ਹੈ।” ਸ਼ੇਰੀ ਨੇ ਦੱਸਿਆ ਕਿ ਇਸੇ ਦੌਰਾਨ ਪ੍ਰਧਾਨ ਸੁਰਿੰਦਰ ਚਹਿਲ ਅਤੇ ਗੁਰਦੇਵ ਨੇ ਲੁਧਿਆਣੇ ਤੋਂ ਵਾਪਸ ਸਠਿਆਲੇ ਕਾਲਜ ਪਹੁੰਚ ਕੇ ਮੈਨੂੰ ਅਤੇ ਕਰਨੈਲ ਨੂੰ ਸਾਰੀ ਹਾਲਤ ਬਾਰੇ ਦੱਸਿਆ। ਸਠਿਆਲਾ ਕਾਲਜ ‘ਚ ਯੂਨਿਟ ਦਾ ਆਗੂ ਉਸ ਵਰ੍ਹੇ ਮੰਗਲ ਸਿੰਘ ਦਨਿਆਲਾ ਜੋ ਬਹੁਤ ਗਰਮ ਸੁਭਾਅ ਦਾ ਸੀ, ਵੀ ਨਾਲ ਹੀ ਸੀ। ਗੁਰਦੇਵ ਦਾ ਕਹਿਣਾ ਸੀ ਕਿ ਕਾਲਜ ਵਿਚ ਹੜਤਾਲ ਵੀ ਕਰਨੀ ਹੈ ਅਤੇ ਗਵਰਨਰ ਦੀ ਅੜੀ ਨੂੰ ਢੈਲਾ ਕਰਨ ਲਈ ਜ਼ਰਾ ਖੜਕਾ-ਦੜਕਾ ਵੀ ਕਰਨਾ ਪੈਣਾ ਹੈ। ਸੁਰਿੰਦਰ ਚਹਿਲ ਖੜਕੇ-ਦੜਕੇ ਵਾਲੀ ਲਾਈਨ ਨਾਲ ਸਹਿਮਤ ਨਹੀਂ ਸੀ। ਮੈਂ ਖੁਦ ਉਨ੍ਹਾਂ ਦਿਨਾਂ ਵਿਚ ਕਈ ਤਰ੍ਹਾਂ ਦੇ ਸੰਕਟਾਂ ‘ਚ ਘਿਰਿਆ ਹੋਣ ਕਰ ਕੇ ਸਰਗਰਮ ਵਿਦਿਆਰਥੀ ਰਾਜਨੀਤੀ ਤੋਂ ਹਮੇਸ਼ਾ ਵਾਸਤੇ ਮੁਕੰਮਲ ਕਿਨਾਰਾਕਸ਼ੀ ਕਰ ਲਈ ਹੋਈ ਸੀ। ਸ਼ੇਰੀ ਤੇ ਬਾਗੀ ਦੀ ਖਾੜਕੂ ਰਾਜਨੀਤੀ ਦੀ ਸਾਰਥਿਕਤਾ ਬਾਰੇ ਸੀ.ਪੀ.ਐਮ. ਦੀ ਰਾਜਨੀਤਕ ਲਾਈਨ ਮੈਨੂੰ ਉਂਜ ਵੀ ਮੁਕਾਬਲਤਨ ਵਧੇਰੇ ਅਪੀਲ ਕਰਦੀ ਸੀ। ਉਸ ਸਮੇਂ ਤੱਕ ਨਕਸਲੀ ਪੈਂਤੜਿਆਂ ਦੇ ਵਿਰੋਧ ਵਿਚ ਸੀ.ਪੀ.ਐਮ. ਦੇ ਮਧੂਰਾਏ ਦਸਤਾਵੇਜ਼ ਆ ਚੁੱਕੇ ਸਨ। ‘ਲੋਕ ਲਹਿਰ‘ ਉਨ੍ਹੀਂ ਦਿਨੀਂ ਹਫਤਾਵਾਰ ਹੁੰਦੀ ਅਤੇ ਇਹ ਸਾਰੀ ਬਹਿਸ ਅਤੇ ਦਸਤਾਵੇਜ਼ ਅਨੁਵਾਦ ਹੋ ਕੇ ਛਪੇ ਮੈਂ ਵਾਰ-ਵਾਰ ਪੜ੍ਹੇ ਹੋਏ ਸਨ। ਲੱਗਭਗ ਸਭ ਨੁਕਤਿਆਂ ‘ਤੇ ਹੀ ਮੈਨੂੰ ਨਕਸਲੀ ਪੈਂਤੜਿਆਂ ਦੇ ਮੁਕਾਬਲੇ ਸੀ.ਪੀ.ਐਮ. ਦੀਆਂ ਪੁਜ਼ੀਸ਼ਨਾਂ ਉਦੋਂ ਸਹੀ ਲੱਗਦੀਆਂ ਸਨ। ਦਰਸ਼ਨ ਸਿੰਘ ਬਾਗੀ ਦੀ ਸੁਹਿਰਦਤਾ ਪ੍ਰਤੀ ਮਨ ਅੰਦਰ ਅੱਜ ਤੱਕ ਵੀ ਕੋਈ ਸ਼ੰਕਾ ਨਹੀਂ ਹੈ। ਸ਼ਾਇਦ ਇਹ ਕਾਰਨ ਹੀ ਹੋਣਗੇ ਕਿ ਹੜਤਾਲ ਪਿਛੇ ਕੰਮ ਕਰਦੀ ਭਾਵਨਾ ਅਤੇ ਅੰਦੋਲਨ ਦੀ ਦਿਸ਼ਾ ਪ੍ਰਤੀ ਸਪੱਸ਼ਟ ਅਸਹਿਮਤੀ ਹੋਣ ਦੇ ਬਾਵਜੂਦ ਮਨ ‘ਚ ਵਾਰ-ਵਾਰ ਇਹ ਸਵਾਲ ਉਠੀ ਜਾਂਦਾ ਸੀ ਕਿ ਕਿਧਰੇ ਗਲਤਫਹਿਮੀ ਹੀ ਸਹੀ, ਵਿਦਿਆਰਥੀ ਜੇ ਪ੍ਰਿੰਸੀਪਲ ਦੇ ਰਵੱਈਏ ਵਿਰੁਧ ਕੋਈ ਜਜ਼ਬਾਤੀ ਠੇਸ ਲੱਗੀ ਮਹਿਸੂਸ ਕਰ ਹੀ ਰਹੇ ਸਨ ਤਾਂ ਐਡੀ ਵੀ ਕੀ ਗੱਲ ਸੀ ਕਿ ਪ੍ਰਿੰਸੀਪਲ ਦੀ ਤਬਦੀਲੀ ਹੀ ਸਥਾਪਤੀ ਲਈ ਐਡੇ ਵਕਾਰ ਦਾ ਸਵਾਲ ਬਣ ਜਾਵੇ? ਹੁਣ ਹੜਤਾਲ ਨੂੰ ਕਿਸੇ ਵੀ ਸੂਰਤ ਵਿਚ ਸਫਲਤਾ ਦੇ ਅੰਜ਼ਾਮ ਤੱਕ ਪਹੁੰਚਾਇਆਂ ਹੀ ਰਹਿ ਆ ਸਕਦੀ ਸੀ। ਸੁਰਿੰਦਰ ਚਹਿਲ ਦੀ ਝਿਜਕ ਅਤੇ ਗੁਰਦੇਵ ਦੀ ਦਲੀਲ ਆਪੋ-ਆਪਣੇ ਥਾਂ ‘ਤੇ ਤਾਂ ਠੀਕ ਹੀ ਸੀ। ਮਸਲਾ ਸੀ ਕਿ ਕਾਲਜ ਦੇ ਮੂਹਰੇ ਰੋਹਪੂਰਨ ਪ੍ਰਦਰਸ਼ਨ ਕਰ ਕੇ ਵਿਦਿਆਰਥੀਆਂ ਕੋਲੋਂ ਪ੍ਰਸ਼ਾਸਨ ਦੇ ਕਿਸੇ ਸਿੰਬਲ ‘ਤੇ ਐਕਟ ਕਰਵਾਇਆ ਕਿੰਜ ਜਾਵੇ? ਇਥੇ ਪ੍ਰੇਸ਼ਾਨੀ ਇਹ ਸੀ ਕਿ ਕਾਲਜ ਵਿਚ ਸੈਸ਼ਨ ਲਈ ਹੜਤਾਲਾਂ ਦਾ ਕੋਟਾ ਅਸੀਂ ਪਹਿਲਾਂ ਹੀ ਪੂਰਾ ਕਰੀ ਬੈਠੇ ਸਾਂ। ਵਿਦਿਆਰਥੀਆਂ ਨੇ ਸੌਖੀ ਤਰ੍ਹਾਂ ਸਾਡੇ ਆਖੇ ਲੱਗ ਕੇ ਕੋਈ ਨਵਾਂ ਜੋਖਮ ਉਠਾਉਣਾ ਨਹੀਂ ਸੀ। ਕਾਲਜ ਦੇ ਉਸ ਸਮੇਂ ਦੇ ਪ੍ਰਿੰਸੀਪਲ ਲਖਬੀਰ ਸਿੰਘ ਦੀ ‘ਨਾਜਾਇਜ਼‘ ਤਾਇਨਾਤੀ ਵਿਰੁਧ ਅਸੀਂ ਸ਼ੁਰੂ ਸੈਸ਼ਨ ਵਿਚ ਹੀ ਮਹੀਨਾ ਭਰ ਹੜਤਾਲ ਕਰੀ ਰੱਖੀ ਸੀ। ਸਠਿਆਲਾ ਕਸਬੇ ਦੇ ਨੇੜੇ ਤੇੜੇ ਡੀ.ਸੀ. ਜਾਂ ਐਮ.ਡੀ.ਐਮ. ਵਗੈਰਾ ਦਾ ਕੋਈ ਹੈਡਕੁਆਰਟਰ ਵੀ ਨਹੀਂ ਸੀ ਜਿਸ ਦੇ ਅੱਗੇ ਜਾ ਕੇ ਰੋਸ ਧਰਨਾ ਮਾਰਿਆ ਜਾ ਸਕਦਾ। ਮੈਂ ਕਰਨੈਲ ਨੂੰ ਆਖਿਆ ਕਿ ਮੇਰੇ ਨਾਲ ਦੋ ਟਾਂਗਿਆਂ ਵਿਚ ਛੇ-ਛੇ ਵਿਦਿਆਰਥੀ ਚਾੜ੍ਹ ਦਿੱਤੇ ਜਾਣ। ਹੁਣ ਤਾਂ ਬਿਆਸ ਥਾਣੇ ਅੱਗੇ ਜਾ ਕੇ ਗ੍ਰਿਫਤਾਰੀ ਦੇਣ ਨਾਲ ਹੀ ਅੰਦੋਲਨ ਵਿਚ ਨਵੀਂ ਰੂਹ ਫੂਕੀ ਜਾ ਸਕੇਗੀ। ਉਹ ਤਾਂ ਮੰਨ ਗਿਆ ਪਰ ਉਸ ਨੂੰ ਮੇਰੀ ਸਮਰੱਥਾ ‘ਤੇ ਸ਼ਾਇਦ ਵਿਸ਼ਵਾਸ ਨਹੀਂ ਸੀ। ਉਹ ਮੈਨੂੰ ਛੱਡ ਕੇ ਖੁਦ ਹੀ ਦੋ ਟਾਂਗਿਆਂ ਵਿਚ 12 ਵਿਦਿਆਰਥੀਆਂ ਦਾ ਜਥਾ ਲੈ ਕੇ ਥਾਣੇ ਵੱਲ ਰਵਾਨਾ ਹੋ ਗਿਆ। ਥਾਣੇਦਾਰ ਗਿਆਨੀ ਬਚਨ ਸਿੰਘ ਦੌਰੇ ‘ਤੇ ਗਿਆ ਹੋਣ ਕਰ ਕੇ ਸ਼ਾਮ ਨੂੰ ਲੇਟ ਵਾਪਸ ਆਇਆ। ਆਉਂਦਿਆਂ ਹੀ ਕਰਨੈਲ ਹੋਰਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਗ੍ਰਿਫਤਾਰੀਆਂ ਇਸ ਤਰ੍ਹਾਂ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ। ਸ਼ਾਮ 6 ਕੁ ਵਜੇ ਪ੍ਰਧਾਨ ਮੰਗਲ ਸਿੰਘ ਨੇ ਮੈਨੂੰ ਆਪਣੇ ਸਾਥੀਆਂ ਦੀ ਖਬਰ ਸਾਰ ਲੈ ਕੇ ਆਉਣ ਲਈ ਭੇਜ ਦਿੱਤਾ। ਸਾਡੇ ਵਲੰਟੀਅਰ ਜਥੇ ਨੇ ਥਾਣੇ ਦੇ ਬਾਹਰ ਲਾਅਨ ਵਿਚ ਡੇਰੇ ਲਗਾਏ ਹੋਏ ਸਨ। ਥਾਣੇਦਾਰ ਦੂਜੇ ਸਿਰੇ ‘ਤੇ ਕਾਫੀ ਦੂਰ ਕਚਹਿਰੀ ਲਗਾਈ ਬੈਠਾ ਸੀ। ਇਤਿਫਾਕਵਸ ਉਸ ਮੌਕੇ ਕਾਮਰੇਡ ਦਇਆ ਸਿੰਘ ਠੱਠੀਆਂ ਕਿਸੇ ਕੰਮ ਲਈ ਉਸ ਨੂੰ ਮਿਲਣ ਆਇਆ ਹੋਇਆ ਸੀ। ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਮਾੜੀ ਕਿਸਮਤ ਨੂੰ ਵਿੰਹਦਿਆਂ ਸਾਰ ਥਾਣੇਦਾਰ ਨੂੰ ਮੈਨੂੰ ਆਪਣੇ ਕੋਲ ਬੁਲਾ ਕੇ ਗੱਲ ਕਰਨ ਦੀ ਸਲਾਹ ਦੇ ਦਿੱਤੀ। ਥਾਣੇਦਾਰ ਸਿਆਣਾ ਅਫਸਰ ਸੀ। ਮੈਂ ਜਾਂਦਾ ਤਾਂ ਮੈਨੂੰ ਉਸ ਦੀ ਗੱਲ ਮੰਨਣੀ ਪੈ ਜਾਣੀ ਸੀ। ਸਾਡਾ ਸਾਰਾ ਪ੍ਰਾਜੈਕਟ ਹੀ ਫੇਲ੍ਹ ਹੋ ਜਾਣਾ ਸੀ। ਮੈਂ ਉਸ ਕੋਲ ਜਾਣ ਤੋਂ ਦੋ ਟੁੱਕ ਨਾਂਹ ਕਰ ਦਿੱਤੀ, ਪਰ ਇਸ ਦੌਰਾਨ ਰਣਧੀਰ ਸਿੰਘ ਧੀਰੀ ਅਤੇ ਗੁਰਨਾਮ ਸਿੰਘ ਕਾਲਾ (ਜੋ ਪਿਛੋਂ ਜਾ ਕੇ ਕਾਮਯਾਬ ਜ਼ਿਲ੍ਹੇਦਾਰ ਬਣਿਆ) ਨਾਂ ਦੇ ਬੀ.ਏ. ਫਾਈਨਲ ਦੇ ਸਾਡੇ ਦੋ ਸੀਨੀਅਰ ਅਤੇ ਕਿਸੇ ਵੀ ਕਿਸਮ ਦੀ ਖੱਬੀ-ਸੱਜੀ ਰਾਜਨੀਤੀ ਤੋਂ ਬਦਰੰਗ ਸਾਥੀਆਂ ਨੂੰ ਗੱਲ ਖੁੜਕ ਗਈ। ਉਹ ਦੋਵੇਂ ਉਸੇ ਵਕਤ ਬਹਾਨਾ ਪਾ ਕੇ ਉਥੋਂ ਖਿਸਕ ਗਏ ਅਤੇ ਉਨ੍ਹਾਂ ਨੇ ਬਿਆਸ ਅੱਡੇ ‘ਚ ਜਾ ਕੇ ਦਾਰੂ ਦੀ ਮਹਿਫਲ ਜਮਾ ਲਈ। ਮਹਾਸ਼ਿਆਂ ਦੇ ਮੁੰਡੇ ਭਗਵੰਤ ਨੇ ਉਨ੍ਹਾਂ ਲਈ ਝਬਦੇ ਹੀ ਸਾਰਾ ਇੰਤਜ਼ਾਮ ਕਰ ਦਿੱਤਾ। ਉਨ੍ਹਾਂ ਦੀ ਜਗ੍ਹਾ ਮੈਨੂੰ ਜਥੇ ਵਿਚ ਸ਼ਾਮਲ ਕਰ ਲਿਆ ਗਿਆ। ਰਾਤ ਦੇ 11 ਵੱਜ ਗਏ। ਗ੍ਰਿਫਤਾਰੀ ਦੀ ਕੋਈ ਵਾਈ-ਸਾਈ ਨਹੀਂ ਸੀ। ਪ੍ਰਧਾਨ ਮੰਗਲ ਸਿੰਘ ਦਾ ਸੁਨੇਹਾ ਆ ਗਿਆ ਕਿ ਥਾਣੇ ‘ਤੇ ਪਥਰਾਉ ਕਰ ਕੇ ਐਕਸ਼ਨ ਕਰੋ, ਨਹੀਂ ਤਾਂ ਵਾਪਸ ਚਲੇ ਜਾਓ। ਬਸ ਇਨਾ ਆਦੇਸ਼ ਮਿਲਦਿਆਂ ਹੀ ਅਸੀਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਇੰਸਪੈਕਟਰ ਗਿਆਨੀ ਬਚਨ ਸਿੰਘ ਦੇ ਆਦੇਸ਼ ‘ਤੇ ਪੁਲਿਸ ਨੇ ਵਿਦਿਆਰਥੀਆਂ ਨੂੰ ਛੱਲੀਆਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਗੁਰਦੇਵ ਸਿੰਘ ਦੇਬੀ ਨੇ ਸਠਿਆਲਾ ਕਾਲਜ ਦੇ ਵਿਦਿਆਰਥੀਆਂ ਕੋਲੋਂ ਉਹੋ ਵਾਰਦਾਤ ਕਰਵਾ ਦਿੱਤੀ ਜਿਸ ਤੋਂ ਬਿਨਾਂ ਅੰਦੋਲਨ ਨੂੰ ਹੋਰ ਅੱਗੇ ਨਹੀਂ ਖਿੱਚਿਆ ਜਾ ਸਕਦਾ ਸੀ। ਕੁਝ ਵਿਦਿਆਰਥੀਆਂ ਨੇ ਕਾਲਜ ਤੋਂ ਥੋੜ੍ਹਾ ਦੂਰ, ਗਗੜਭਾਣਾ ਦੇ ਅੱਡੇ ਵਿਚ ਪੰਜਾਬ ਰੋਡਵੇਜ਼ ਦੀ ਬੱਸ ਸਾੜ ਦਿੱਤੀ। ਪ੍ਰੈਸ ਨਾਲ ਨਜਿੱਠਣ ਦਾ ਵਲ ਉਸ ਸਮੇਂ ਤੱਕ ਸਾਡੇ ਬੰਦਿਆਂ ਨੂੰ ਆ ਚੁੱਕਾ ਸੀ। ਰੋਜ਼ਾਨਾ ‘ਅਜੀਤ‘ ਵਿਚ ਉਦੋਂ ਸਬ ਐਡੀਟਰ ਹੀ ਖੁਦਮੁਖਤਾਰ ਹੁੰਦੇ ਸਨ। ਪਹਿਲੇ ਸਫੇ ਦਾ ਇੰਚਾਰਜ ਗੁਰਬਖਸ਼ ਸਿੰਘ ਸੀ ਜੋ ਅਮਰਜੀਤ ਚੰਦਨ ਦਾ ਯਾਰ ਸੀ ਅਤੇ ਉਨ੍ਹਾਂ ਦਿਨਾਂ ਦੇ ਸਾਡੇ ਪ੍ਰੈਸ ਸਕੱਤਰ ਜਤਿੰਦਰ ਢਿੱਲੋਂ ਦੇ ਵੱਡੇ ਭਰਾ ਦਾ ਵੀ ਗੂੜ੍ਹਾ ਮਿੱਤਰ ਸੀ। ਗੁਰਦੇਵ ਨੇ ਖਬਰ ਬਣਾ ਕੇ ਜਤਿੰਦਰ ਢਿਲੋਂ ਨੂੰ ਭੇਜ ਦਿੱਤੀ। ਗੁਰਬਖਸ਼ ਨੇ ‘ਸਠਿਆਲਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਬਿਆਸ ਥਾਣੇ ‘ਤੇ ਪਥਰਾਉ‘ ਸਿਰਲੇਖ ਹੇਠ ਮੋਟੀ ਸੁਰਖੀ ਕੱਢ ਕੇ ਅਖਬਾਰ ਵਿਚ ਛਾਪ ਦਿੱਤੀ। ਬਿਆਸ ਪੁਲਿਸ ਥਾਣੇ ਵਾਲੇ ਐਕਸ਼ਨ ਵਿਚ ਪੁਲਿਸ ਨੇ ਵਿਦਿਆਰਥੀਆਂ ਦੀ ਗਿੱਦੜ ਕੁੱਟ ਤਾਂ ਰੱਜ ਕੇ ਕੀਤੀ ਪਰ ਥਾਣੇਦਾਰ ਗਿਆਨੀ ਬਚਨ ਸਿੰਘ ਦੇ ਉਦਾਰ ਰਵੱਈਏ ਸਦਕਾ ਕਿਸੇ ਵਿਦਿਆਰਥੀ ਉਪਰ ਵੀ ਕੇਸ ਦਰਜ ਨਾ ਕੀਤਾ ਗਿਆ। ਇਕ ਕਾਰਨ ਸ਼ਾਇਦ ਇਹ ਵੀ ਸੀ ਕਿ ਸਾਡੇ ਜਥੇ ਦੇ ਆਗੂ ਕਰਨੈਲ ਸਿੰਘ ਰੰਧਾਵਾ ਨੇ ਕੁੱਟਮਾਰ ਦੌਰਾਨ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਇਤਨੇ ਆਤਮ-ਵਿਸ਼ਵਾਸ ਨਾਲ ਦਿੱਤੇ ਕਿ ਥਾਣੇਦਾਰ ਵੀ ਸ਼ਾਇਦ ਉਹਦੇ ਸਲੀਕੇ ਤੋਂ ਮੁਤਾਸਰ ਹੋ ਗਿਆ। ਥਾਣੇ ਵਿਚ ਡੱਕੇ ਵਿਦਿਆਰਥੀਆਂ ਨੂੰ ਛੁਡਾਉਣ ਲਈ ਅਗਲੇ ਦਿਨ ਸਿਆਸੀ ਆਗੂ ਬ੍ਰਿਗੇਡੀਅਰ ਗੁਰਬਚਨ ਸਿੰਘ ਬੱਲ ਵੀ ਖੁਦ ਥਾਣੇ ਪਹੁੰਚ ਗਿਆ ਤੇ ਉਸ ਦੇ ਜ਼ੋਰ ਦੇਣ ‘ਤੇ ਵਿਦਿਆਰਥੀਆਂ ਨੂੰ ਸਖਤ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸ਼ਾਇਦ ਇਹ ਵੀ ਇਕ ਵੱਡਾ ਕਾਰਨ ਸੀ ਕਿ ਜਲਦੀ ਹੀ ਪਿਛੋਂ ਸ਼ੁਰੂ ਹੋਈ ਨਕਸਲੀ ਲਹਿਰ ਵਿਚ ਮਹਿਜ਼ ਪੁਲਿਸ ਦੀ ਪ੍ਰੇਸ਼ਾਨੀ ਹੱਥੋਂ ਤੰਗ ਹੋ ਕੇ ਸਠਿਆਲਾ ਕਾਲਜ ਦੇ ਕਿਸੇ ਵਿਦਿਆਰਥੀ ਨੂੰ ਭਗੌੜਾ ਹੋਣ ਲਈ ਮਜਬੂਰ ਨਾ ਹੋਣਾ ਪਿਆ। ਉਧਰ, ਪੰਜਾਬ ਨੂੰ ਇਕ ਵਾਰ ਜਪਾਨ ਜਾਂ ਮੈਕਸੀਕੋ ਬਣਾਉਣ ਜਾਂ ਉਸ ਸਮੇਂ ਦੀ ‘ਲੋਕ ਵਿਰੋਧੀ‘ ਰਾਜਸੀ ਸਥਾਪਤੀ ਨੂੰ ਕਰੜੇ ਹੱਥ ਦਿਖਾਉਣ ਦੀ ਸਾਡੇ ਮਿੱਤਰ ਸ਼ਮਸ਼ੇਰ ਸਿੰਘ ਸ਼ੇਰੀ ਅਤੇ ਦਰਸ਼ਨ ਸਿੰਘ ਬਾਗੀ ਦੀ ਅਸਲ ਖਾਹਿਸ਼ ਅਗਲੇ ਦਿਨ ਉਸ ਸਮੇਂ ਪੂਰੀ ਹੋਈ ਜਦੋਂ ਸਠਿਆਲਾ ਕਾਲਜ ਦੀਆਂ ਖਬਰਾਂ ਤੋਂ ਉਤਸ਼ਾਹਤ ਹੋ ਕੇ ਸਾਡੇ ਇਕ ਹੋਰ ਸਹਿਯੋਗੀ ਅਤੇ ਉਸ ਸਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਆਗੂ ਸੁੱਚਾ ਸਿੰਘ ਫਤਿਹਗੜ੍ਹ ਚੂੜੀਆਂ ਦੀ ਅਗਵਾਈ ਹੇਠ ਗਵਰਨਰ, ਪੁਲਿਸ, ਪ੍ਰਸ਼ਾਸਨ ਅਤੇ ਹਰ ਤਰ੍ਹਾਂ ਦੀ ਅਫਸਰਸ਼ਾਹੀ ਵਿਰੁਧ ਖਾੜਕੂ ਟਕਰਾਉ ਦਾ ਬਿਗਲ ਵਜਾ ਦਿੱਤਾ ਗਿਆ। ਪੂਰੇ 7 ਘੰਟਿਆਂ ਤੱਕ ਘੋੜ-ਸਵਾਰ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਘਮਸਾਨ ਚਲਦਾ ਰਿਹਾ। ਹਥਿਆਰਬੰਦ ਪੁਲਿਸ ਨੇ ਕਾਲਜ ਵਿਚ ਦਾਖਲ ਹੋ ਕੇ ਅਨੇਕਾਂ ਵਿਦਿਆਰਥੀਆਂ ਦੀ ਅੰਨ੍ਹੇਵਾਹ ਕੁੱਟਮਾਰ ਕੀਤੀ। 5-7 ਵਿਦਿਆਰਥੀਆਂ ਦੀਆਂ ਲੱਤਾਂਬਾਹਾਂ ਵੀ ਟੁੱਟ ਗਈਆਂ ਪਰ ਵਿਦਿਆਰਥੀਆਂ ਦੇ ਹੌਸਲੇ ਪਸਤ ਨਾ ਕੀਤੇ ਜਾ ਸਕੇ। ਸ਼ਾਮ ਹੋਣ ਤੱਕ ਪੁਤਲੀ ਘਰ ਚੌਕ ਤੋਂ ਲੈ ਕੇ ਖਾਲਸਾ ਕਾਲਜ ਤੱਕ ਦੇ ਸਾਰੇ ਏਰੀਏ ਵਿਚ ਅਥਰੂ ਗੈਸ ਦੇ ਗੋਲਿਆਂ ਅਤੇ ਸੋਢਾ ਵਾਟਰ ਦੀਆਂ ਟੁੱਟੀਆਂ ਬੋਤਲਾਂ ਦੇ ਢੇਰ ਲੱਗੇ ਨਜ਼ਰ ਆ ਰਹੇ ਸਨ। ਖਾਲਸਾ ਕਾਲਜ, ਅੰਮ੍ਰਿਤਸਰ ਦੇ ਇਤਿਹਾਸ ਵਿਚ ਅਜਿਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸੁੱਚਾ ਸਿੰਘ ਰੰਧਾਵਾ ਅਤੇ ਕੰਵਲ-ਦੋਵੇਂ ਸ਼ੇਰੀ ਬਾਈ ਦੇ ਹੀ ਚੇਲੇ ਸਨ ਅਤੇ ਇਹ ਸਫਲ ਮੁਜ਼ਾਹਰਾ ਉਸ ਦੀ ਪ੍ਰੇਰਨਾ ਦੀ ਹੀ ਕਰਾਮਾਤ ਸੀ। ਘੋੜਸਵਾਰ ਪੁਲਿਸ ਨਾਲ ਟੱਕਰ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਕੇਂਦਰੀ ਕਮਾਂਡ ਬੇਸ਼ਕ ਸੁੱਚਾ ਸਿੰਘ ਦੇ ਹੀ ਹੱਥ ਸੀ ਪਰ ਸਠਿਆਲਾ ਕਾਲਜ ਤੋਂ ਉਸੇ ਸਾਲ ਖਾਲਸਾ ਕਾਲਜ ਗਏ ਜਰਮਨਜੀਤ ਸਿੰਘ ਦਾ ਰੋਲ ਵੀ ਘੱਟ ਨਹੀਂ ਸੀ। ਜਰਮਨਜੀਤ ਪਿਆਰਾ ਸਿੰਘ ਸ਼ੇਖੂਪੁਰਾ ਅਤੇ ਕਈ ਹੋਰਾਂ ਦੇ ਵਰੰਟ ਨਿਕਲ ਗਏ ਸਨ। ਪੁਲਿਸ ਨੇ ਅਗਲੇਰੇ ਦਿਨ ਜਰਮਨਜੀਤ ਨੂੰ ਘਰੋਂ ਜਾ ਕੇ ਗ੍ਰਿਫਤਾਰ ਵੀ ਕਰ ਲਿਆ ਅਤੇ ਕਈ ਦਿਨ ਉਸ ਦੀ ਖਿੱਚ-ਧੂਹ ਹੁੰਦੀ ਰਹੀ। ਫਤਿਹਗੜ੍ਹ ਚੂੜੀਆਂ ਦੇ ਹੀ ਕੁਲਦੀਪ ਕੈਮਿਸਟ ਅਤੇ ਤਲਵੰਡੀ ਨਾਹਰ ਦੇ ਅਮਰਜੀਤ ਸਿੰਘ ਨੇ ਵੀ ਪ੍ਰਦਰਸ਼ਨ ਨੂੰ ਪ੍ਰਚੰਡ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਦਰਸ਼ਨ ਸਿੰਘ ਬਾਗੀ ਦੀ ਪੀ.ਐਸ.ਯੂ. ਦੀ ਅਗਵਾਈ ਹੇਠ ਪੰਜਾਬ ਵਿਚ ਚੱਲੇ ਵਿਦਿਆਰਥੀ ਅੰਦੋਲਨ ਦੀ ਕਹਾਣੀ ਅਧੂਰੀ ਰਹੇਗੀ, ਜੇ ਇਸ ਦੇ ਸਮਾਨੰਤਰ ਹੀ ਰਾਜਿੰਦਰਾ ਕਾਲਜ, ਬਠਿੰਡਾ ਵਿਚ ਚੱਲੇ ਵਿਦਿਆਰਥੀ ਅੰਦੋਲਨ ਦਾ ਜਿ਼ਕਰ ਨਾ ਕੀਤਾ ਜਾਵੇ। ਬਠਿੰਡਾ ਕਾਲਜ ਦੀ ਹੜਤਾਲ ਦੇਆਗੂ ਤਾਂ ਕਰਨੈਲ ਸਿੰਘ ਅਕਲੀਆ, ਮਹਿਮੇਵਾਲਾ ਬਰਜਿੰਦਰ ਬਰਾੜ, ਰਾਮਪੁਰਾ ਫੂਲ ਵਾਲਾ ਸਾਥੀ ਗੁਰਨਾਮ ਅਤੇ ਦਰਸ਼ਨ ਮਾਨ ਸਨ, ਪਰ ਪਰਦੇ ਪਿੱਛੇ ਇਸ ਦਾ ਨਿਰਦੇਸ਼ਕ ਜਾਂ ਅਸਲ ਸੂਤਰਧਾਰ ਪਿਛੋਂ ਜਾ ਕੇ ਨਕਸਲੀ ਲਹਿਰ ਨਾਲ ਸਬੰਧਤ ਇਕ ਮੁਖ ਧਿਰ ਨੂੰ ਅਗਵਾਈ ਦੇਣ ਵਾਲਾ ਪ੍ਰੋ. ਹਰਭਜਨ ਸੋਹੀ ਸੀ। ਕਰਨੈਲ ਸਿੰਘ ਅਕਲੀਆ ਦੇ ਦੱਸਣ ਅਨੁਸਾਰ ਕਾਲਜ ਵਿਚ ਉਨ੍ਹਾਂ ਦੀ ਅਗਵਾਈ ਹੇਠਲੀ ਪੀ.ਐਸ.ਯੂ. ਦੀ ਇਕਾਈ ਨੇ ਕਾਲਜ ਦੀ ਹੱਦ ਅੰਦਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੀ ਆਮਦ ਨਾ ਹੋਣ ਦੇਣ ਬਾਰੇ ਕਾਲਜ ਪ੍ਰਿੰਸੀਪਲ ਗੁਰਸੇਵਕ ਸਿੰਘ ਕੋਲੋਂ ਵਚਨ ਸਾਲ 1967-68 ਦੇ ਸੈਸ਼ਨ ਦੇ ਸ਼ੁਰੂ ਵਿਚ ਹੀ ਲੈ ਲਿਆ ਹੋਇਆ ਸੀ, ਪਰ ਪ੍ਰਿੰਸੀਪਲ ਕੋਲੋਂ ਰਿਹਾ ਨਾ ਗਿਆ। ਮਾਰਚ 1968 ‘ਚ ਸਾਲਾਨਾ ਖੇਡਾਂ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਉਸ ਨੇ ਆਪਣੇ ਕਿਸੇ ਮਿੱਤਰ ਸੁਪਰਡੈਂਟ ਪੁਲਿਸ ਨੂੰ ਬੁਲਾ ਲਿਆ। ਪ੍ਰੋ. ਹਰਭਜਨ ਸੋਹੀ ਦੀ ਭੈਣ ਹਰਿੰਦਰ ਸੋਹੀ ਉਦੋਂ ਡਿਸਕਸ ਥਰੋ ਵਿਚ ਫਸਟ ਆਈ ਸੀ। ਹਰਿੰਦਰ ਨੇ ਐਸ.ਪੀ. ਕੋਲੋਂ ਗਲੇ ਵਿਚ ਹਾਰ ਪਵਾਉਣ ਲਈ ਵਿਕਟਰੀ ਸਟੈਂਡ ‘ਤੇ ਜਾਣੋ ਨਾਂਹ ਕਰ ਦਿੱਤੀ। ਇਨਾਮ ਵੰਡ ਦੇ ਦੂਜੇ ਦਿਨ ਮੁੱਖ ਮਹਿਮਾਨ ਲਛਮਣ ਸਿੰਘ ਗਿੱਲ ਦੀ ਅਗਵਾਈ ਹੇਠਲੀ ‘ਗੱਦਾਰਾਂ ਦੀ ਵਜ਼ਾਰਤ‘ ਦਾ ਮੈਂਬਰ ਮਾਨਸਾ ਵਾਲਾ ਸ. ਹਰਭਜਨ ਸਿੰਘ ਸੀ। ਹਰਿੰਦਰ ਨੇ ਉਸ ਮੌਕੇ ਵੀ ਉਸੇ ਤਰ੍ਹਾਂ ਦਾ ਸਟੈਂਡ ਲੈ ਲਿਆ। ਪ੍ਰਿੰਸੀਪਲ ਗੁਰਸੇਵਕ ਸਿੰਘ ਨੇ ਵਿਦਿਆਰਥੀਆਂ ਦੇ ਰੈਡੀਕਲ ਜਜ਼ਬਾਤ ਨੂੰ ਨਜ਼ਰਅੰਦਾਜ਼ ਕਰਦਿਆਂ ਵਿਦਿਆਰਥਣ ਵਿਰੁਧ ਸਟੇਜ ਤੋਂ ਹੀ ਬਹੁਤ ਅਵਾ ਤਵਾ ਬੋਲ ਦਿੱਤਾ। ਫਿਰ ਵੀ ਗੱਲ ਜ਼ਿਆਦਾ ਅੱਗੇ ਨਾ ਵਧੀ। ਸਾਲ 1968-69 ਦੇ ਸੈਸ਼ਨ ਦੌਰਾਨ ਕਲਾਸਾਂ ਸ਼ੁਰੂ ਹੁੰਦਿਆਂ ਹੀ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਵਿਚਾਲੇ ਕਦੀ ਇਕ ਅਤੇ ਕਦੀ ਦੂਜੇ ਮੁੱਦੇ ‘ਤੇ ਤਲਖੀਆਂ ਹੋਣ ਲੱਗ ਪਈਆਂ ਸਨ। ਆਖਰ 13 ਸਤੰਬਰ 1968 ਨੂੰ ਲੁਧਿਆਣਾ ਹੜਤਾਲ ਵਾਂਗ ਹੀ ਬਠਿੰਡੇ ਦੇ ਵਿਦਿਆਰਥੀਆਂ ਨੇ ਵੀ ਪ੍ਰਿੰਸੀਪਲ ਦੇ ਰਵੱਈਏ ਵਿਰੁਧ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਕਰਨੈਲ ਨੇ ਦੱਸਿਆ ਕਿ 3-4 ਦਿਨਾਂ ਪਿਛੋਂ ਹੜਤਾਲ ਦਮੋ ਨਿਕਲ ਹੀ ਰਹੀ ਸੀ ਕਿ 17 ਸਤੰਬਰ 1968 ਨੂੰ ਦਰਸ਼ਨ ਬਾਗੀ ਉਨ੍ਹਾਂ ਦੀ ਮਦਦ ਨੂੰ ਬਹੁੜ ਪਿਆ। ਬਾਗੀ ਨੇ ਕਾਲਜ ਦੇ ਸਾਈਕਲ ਸ਼ੈਡ ਦੀ ਦੀਵਾਰ ‘ਤੇ ਖੜ੍ਹ ਕੇ ਹੜਤਾਲੀ ਵਿਦਿਆਰਥੀਆਂ ਨੂੰ ਅਜਿਹੇ ਜੋਸ਼ੀਲੇ ਅਤੇ ਭਾਵਪੂਰਤ ਸ਼ਬਦਾਂ ਵਿਚ ਸੰਬੋਧਤ ਕੀਤਾ ਕਿ ਉਸ ਭਾਸ਼ਨ ਨੂੰ ਸੁਣਨ ਵਾਲੇ ਅੱਜ ਤੱਕ ਵੀ ਭੁੱਲੇ ਨਹੀਂ ਹਨ। ਭਾਸ਼ਣ ਖਤਮ ਹੁੰਦਿਆਂ ਹੀ ਵਿਦਿਆਰਥੀ ਨਾਅਰੇ ਮਾਰਦੇ ਕਚਹਿਰੀਆਂ ਵੱਲ ਰਵਾਨਾ ਹੋ ਗਏ। ਰਸਤੇ ਵਿਚ ਪ੍ਰਿੰਸੀਪਲ ਦੀ ਕੋਠੀ ਦੇ ਨਾਲ ਹੀ ਮੌਕੇ ਦੇ ਸੁਪਰਡੈਂਟ ਪੁਲਿਸ ਗੁਰਸ਼ਰਨ ਸਿੰਘ ਜੇਜੀ ਦੀ ਕੋਠੀ ਸੀ ਜਿਸ ਅੱਗੇ ਪੁਲਿਸ ਦੀ ਤਕੜੀ ਧਾੜ ਤਾਇਨਾਤ ਸੀ। ਲੁਧਿਆਣਾ ਵਾਂਗ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਆਂ ਦਾ ਮੀਂਹ ਵਰ੍ਹਾ ਦਿੱਤਾ। ਕਰਨੈਲ ਸਿੰਘ ਅਕਲੀਆ ਅਤੇ ਬਰਜਿੰਦਰ ਸਮੇਤ 50-60 ਵਿਦਿਆਰਥੀਆਂ ਨੂੰ ਫੜ ਕੇ ਸੀ.ਆਈ.ਏ. ਸੈਂਟਰ ਵਿਚ ਧੱਕ ਦਿੱਤਾ ਗਿਆ। ਅਗਲੇ ਦਿਨ ਰੋਸ ਵਿਚ ਅੱਧੇ ਸ਼ਹਿਰ ਦੇ ਕਾਰੋਬਾਰ ਠੱਪ ਹੋਣ ਦੇ ਨਾਲ ਨਾਲ ਵਿਦਿਅਕ ਅਦਾਰੇ ਵੀ ਬੰਦ ਹੋ ਗਏ। ਇਸ ਮੋੜ ‘ਤੇ ਵਿਦਿਆਰਥੀਆਂ ਅਤੇ ਅਫਸਰਸ਼ਾਹੀ ਵਿਚ ਸਮਝੌਤਾ ਕਰਵਾਉਣ ਲਈ ਆਲ ਪਾਰਟੀ ਕਮੇਟੀ ਤਾਂ ਬਣ ਹੀ ਗਈ-ਹੜਤਾਲ ਦੇ ਨੇਤਾਵਾਂ ਨੇ ਆਪਣਾ ਸੰਦੇਸ਼ ਬਠਿੰਡੇ ਦੇ ਪਿੰਡਾਂ ਅਤੇ ਕਸਬਿਆਂ ਤੱਕ ਵੀ ਪਹੁੰਚਾ ਦਿੱਤਾ। ਉਹ ਅੰਦੋਲਨ ਉਦੋਂ ਉਨ੍ਹਾਂ ਨੇ ਮਿਸ਼ਨ ਵਾਂਗ ਲੜਿਆ ਸੀ ਅਤੇ ਖੁਦ ਉਸ ਨੇ, ਬਰਜਿੰਦਰ ਅਤੇ ਗੁਰਨਾਮ ਨੇ ਹੀ ਦਿਨ-ਰਾਤ ਇਕ ਕਰੀ ਰੱਖਿਆ ਸੀ। ਅੰਦੋਲਨ ਦੇ ਅਸਲ ਸੂਤਰਧਾਰ ਪ੍ਰੋ. ਹਰਭਜਨ ਸੋਹੀ ਦੀ ‘ਕਲਾਤਮਿਕ ਇਨਕਲਾਬੀ ਅਗਵਾਈ‘ ਦੀ ਵੀ ਉਹ ਸਿਖਰ ਸੀ। ਵਿਦਿਆਰਥੀਆਂ ਅਤੇ ਆਮ ਲੋਕਾਈ ਤੱਕ ਅੰਦੋਲਨ ਦਾ ਗਹਿਨ ਸੰਦੇਸ਼ ਪਹੁੰਚਾਉਣ ਲਈ ਉਹ ਬੜੀ ਹੀ ਸਜੀਵ ਭਾਸ਼ਾ ਵਿਚ ਨਿਤ ਨਵਾਂ ਪੋਸਟਰ ਲਿਖਦਾ। ਤਾਜ਼ਾ ਪੋਸਟਰਾਂ ਨੂੰ ਛਪਣ ਛਪਵਾਉਣ ਦਾ ਸਾਰਾ ਕੰਮ ਖੁਦ ਕਰਨੈਲ ਅਤੇ ਬਰਜਿੰਦਰ ਨੇ ਕਰਨਾ ਹੁੰਦਾ ਸੀ ਜਿਸ ਨੂੰ ਉਹ ਅੱਗਿਓਂ 7-8 ਟੋਲੀਆਂ ਵਿਚ ਵੰਡ ਦਿਆ ਕਰਦੇ ਸਨ। 15-20 ਵਰ੍ਹੇ ਪਹਿਲਾਂ ਬਾਈ ਕਰਨੈਲ ਨੇ ਜਦੋਂ ਮੈਨੂੰ ਇਹ ਬਿਰਤਾਂਤ ਸੁਣਾਇਆ ਸੀ ਤਾਂ ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਮੈਂ ਉਸ ਨੂੰ ਰੂਸ ਦੇ ਬਾਲਸ਼ਵਿਕ ਇਨਕਲਾਬ ਬਾਰੇ ਅਮਰੀਕਨ ਪੱਤਰਕਾਰ ਹਰਬਰਟ ਰੀਡ ਦੀ ‘10 ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ‘ ਨਾਂ ਦੀ ਕਿਤਾਬ ਦਿਖਾਉਂਦਿਆਂ ਕਿਹਾ ਸੀ ਕਿ ਆਪਣੀ ਥਾਂ ‘ਤੇ ਪ੍ਰੋ. ਸੋਹੀ ਦੇ ਇਨਕਲਾਬੀ ਜਜ਼ਬੇ ਦਾ ਤੇਜ ਲਿਓਨ ਟਰਾਟਸਕੀ ਤੋਂ ਘੱਟ ਨਹੀਂ ਸੀ ਅਤੇ ਸਵਰਦਲੋਵ, ਜਿਨੋਵੀਵ ਤੇ ਕਾਮਨੇਵ ਨਾਲੋਂ ਕਿਸੇ ਪੱਖੋਂ ਕਮਾਈ ਉਸ ਦੀ ਵੀ ਘੱਟ ਨਹੀਂ ਸੀ, ਪਰ ਸਮੇਂ-ਸਮੇਂ ਦਾ ਰੰਗ ਹੁੰਦਾ ਹੈ, ਲੁਧਿਆਣਾ ਅਤੇ ਬਠਿੰਡਾ ਨੇ ਪੀਟਰਗਰਾਡ ਅਤੇ ਮਾਸਕੋ ਨਹੀਂ ਸੀ ਬਣ ਸਕਣਾ; ਵਰਨਾ ਪ੍ਰੋ. ਸੋਹੀ ਨੇ ਕਸਰ ਕੋਈ ਬਾਕੀ ਨਹੀਂ ਛੱਡੀ ਸੀ। ਕਰਨੈਲ ਮੇਰੇ ਨਜ਼ਰ-ਉਲ ਇਸਲਾਮ ਦਾ ਕਾਵਿ ਕਥਨ ‘ਯਹ ਰੁਤਬਾ ਏ ਬੁਲੰਦ ਮਿਲਾ ਜਿਸ ਕੋ ਮਿਲ ਗਯਾ, ਹਰ ਬੁਲ ਹਵਸ ਕੇ ਵਾਸਤੇ ਦਾਰੋ ਰਸਨ ਕਹਾਂ’ ਸੁਣਾਏ ਜਾਣ ‘ਤੇ ਕਈ ਦੇਰ ਤੱਕ ਹੱਸਦਾ ਰਿਹਾ। ਪ੍ਰੋ. ਸੋਹੀ ਦੇ ਪੋਸਟਰਾਂ ਦੀ ਸ਼ਬਦਾਵਲੀ ਦੀ ਤਰਤੀਬ ਅਤੇ ਤਾਜ਼ਗੀ ਅਜਿਹੀ ਹੁੰਦੀ ਸੀ ਕਿ ਹਰ ਦਿਨ ਅੰਦੋਲਨ ਦੇ ਰੌਂਅ ਨੂੰ ਵੇਖ ਕੇ ਲੋੜ ਅਨੁਸਾਰ ਕਈ ਵਾਰ ਤਾਂ ਕਿਸੇ ਢੁਕਵੇਂ ਸ਼ਬਦ ਦੀ ਚੋਣ ਲਈ ਉਹ ਘੰਟਾ-ਘੰਟਾ ਸੋਚੀ ਜਾਂਦਾ ਹੁੰਦਾ ਸੀ। “ਅਖੀਰ ਅੰਦੋਲਨ ਦੇ 42ਵੇਂ ਦਿਨ ਤਾਂ ਮੈਂ ਅਤੇ ਬਰਜਿੰਦਰ ਥੱਕ-ਟੁੱਟ ਕੇ ਡਿੱਗ ਹੀ ਪਏ ਸਾਂ। ਸਾਡੇ ਜਿਸਮਾਂ ‘ਤੇ ਚਮਜੂੰਆਂ ਚੱਲ ਗਈਆਂ ਸਨ। ਰੋਟੀ-ਪਾਣੀ ਖਾਣ ਦਾ ਨਾ ਸਮਾਂ ਹੁੰਦਾ ਸੀ, ਨਾ ਮਿਲਦੀ ਸੀ। ਬੱਸ ਭੁੱਖੇ-ਭਾਣੇ ਹੀ ‘ਚੱਲ ਸੋ ਚੱਲ’ ਹੋਈ ਰਹਿੰਦੀ ਸੀ।” ਐਨ ਇਸੇ ਤਰ੍ਹਾਂ ਦੀ ਸ਼ਬਦਾਵਲੀ ਮਹਾਨ ਬਾਲਸ਼ਵਿਕ ਆਗੂ ਕਾਮਨੇਵ ਦੀ ਰੂਸੀ ਇਨਕਲਾਬ ਦੇ 10 ਦਿਨਾਂ ਬਾਰੇ ਵਰਤੀ ਹੋਈ ਹੈ। ਅੰਮ੍ਰਿਤਸਰ ਅਤੇ ਬਠਿੰਡੇ ਦੇ ਅਜਿਹੇ ਪ੍ਰਦਰਸ਼ਨਾਂ ਤੋਂ ਜਲਦੀ ਪਿੱਛੋਂ ਹੀ ਗਵਰਨਰੀ ਪ੍ਰਸ਼ਾਸਨ ਨੇ ਆਖਰ ਹਾਰ ਕੇ ਹਥਿਆਰ ਸੁੱਟ ਦਿੱਤੇ। ਲੁਧਿਆਣਾ ਅਤੇ ਬਠਿੰਡਾ ਦੋਵਾਂ ਥਾਵਾਂ ਦੇ ਪ੍ਰਿੰਸੀਪਲ ਬਦਲ ਦਿੱਤੇ ਗਏ। ਸ਼ਮਸ਼ੇਰ ਸਿੰਘ ਸ਼ੇਰੀ ਅਤੇ ਬਠਿੰਡਾ ਦੇ ਨੇਤਾਵਾਂ ਵਿਚ ਖਾਸ ਕਿਸਮ ਦੀ ਜਥੇਬੰਦਕ ਸਮਰੱਥਾ ਸੀ ਜੋ ਖਾਸ ਹਾਲਾਤ ਵਿਚ ਹੀ ਆਪਣਾ ਰੰਗ ਦਿਖਾ ਸਕਦੀ ਸੀ। ਪੀ. ਐਸ. ਯੂ. ਲੀਡਰਸ਼ਿਪ ਨੇ 12 ਦਸੰਬਰ 1968 ਨੂੰ ਅੰਮ੍ਰਿਤਸਰ ਪੁਲਿਸ ਲਾਠੀਚਾਰਜ ਵਿਰੁਧ ਪੰਜਾਬ ਭਰ ਵਿਚ ਰੋਸ ਹੜਤਾਲ ਦਾ ਸੱਦਾ ਦਿੱਤਾ। ਇਸ ਦਿਨ ਗੁਰੂਸਰ ਸੁਧਾਰ ਕਾਲਜ ਵਿਚ ਵਿਦਿਆਰਥੀ ਜਗਤਾਰ ਪੁਲਿਸ ਗੋਲੀ ਨਾਲ ਮਾਰਿਆ ਗਿਆ। ਸੰਗਠਨ ਨੇ ਇਸ ਘਟਨਾ ਵਿਰੁਧ 19 ਦਸੰਬਰ ਨੂੰ ਹੜਤਾਲਾਂ ਦੇ ਨਵੇਂ ਗੇੜ ਦਾ ਸੱਦਾ ਦਿੱਤਾ, ਪਰ ਇਸੇ ਦੌਰਾਨ ਪ੍ਰਸ਼ਾਸਨ ਨੇ ‘ਮੀਸਾ‘ ਲਗਾ ਕੇ ਕਰੜੇ ਬੰਦੋਬਸਤ ਕਰ ਲਏ। ਵਿਦਿਆਰਥੀ ਅੰਦੋਲਨ ਦੇ ਉਸ ਦੌਰ ਦੇ ਰੂਹੇ ਰਵਾਂ ਦਰਸ਼ਨ ਸਿੰਘ ਬਾਗੀ ਨੂੰ ਸਟੇਟ ਕਾਲਜ ਪਟਿਆਲਾ ਦੇ ਮੂਹਰਿਓਂ ਫੜ ਲਿਆ ਅਤੇ ਸਾਲ ਭਰ ਲਈ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਅਸੀਂ ਅਰੰਭ ‘ਚ ਹੀ ਜ਼ਿਕਰ ਕੀਤਾ ਸੀ ਕਿ ਸਾਲ 1968 ‘ਚ ਵਿਦਿਆਰਥੀ ਲਹਿਰ ਦੀ ਅਗਵਾਈ ਕਰਨ ਵਾਲੇ ਰਹਿਨੁਮਾ ਸਮਾਜਕ ਇਨਸਾਫ, ਇਨਸਾਨੀ ਬਰਾਬਰੀ ਅਤੇ ਸਭੈ ਸਾਂਝੀਵਾਲ ਸਦਾਇਨ ਦੇ ਆਦਰਸ਼ਾਂ ਨੂੰ ਅਮਲ ਵਿਚ ਉਤਾਰਨ ਦੇ ਮੁੱਦਈ ਸਨ। ਇਹ ਲੋਕ ਮਹਾਨ ਇਨਕਲਾਬੀ ਚੀ ਗਵੇਰਾ ਅਤੇ ਸਭਿਆਚਾਰਕ ਇਨਕਲਾਬ ਦੇ ਵਰਤਾਰੇ ਤੋਂ ਪ੍ਰੇਰਿਤ ਸਨ। ਉਨ੍ਹਾਂ ਨੇ ਆਪਣੀ ਮੁਹਿੰਮ ਦਾ ਮੁਢਲਾ ਟਰੇਲਰ ਸਫਲਤਾ ਸਹਿਤ ਦਿਖਾ ਦਿਤਾ ਸੀ। ਇਸ ਦੀ ਪੂਰਨ ਪਟਕਥਾ ਅਗਲੇ 5 ਵਰ੍ਹਿਆਂ ਦੌਰਾਨ ਪੰਜਾਬ ਦੀ ਧਰਤੀ ‘ਤੇ ਚੱਲੇ ਨਕਸਲੀ ਅੰਦੋਲਨ ਦੌਰਾਨ ਸਾਹਮਣੇ ਆਉਣੀ ਸੀ। ਮੁਢਲੇ ਟਰੇਲਰ ਵਿਚ ਸ਼ਮਸ਼ੇਰ ਸਿੰਘ ਸ਼ੇਰੀ ‘ਸਫਲ’ ਰਿਹਾ। ਦੇਖਣਾ ਹੈ ਕਿ ਅਗਲੇ ਸਾਲਾਂ ਦੌਰਾਨ ਇਹ ਕਹਾਣੀ ਕਿਸ ਤਰ੍ਹਾਂ ਦੀ ਕਰਵਟ ਲੈਂਦੀ ਹੈ: ਪ੍ਰੋ. ਸੋਹੀ, ਸ਼ੇਰੀ, ਕਰਨੈਲ ਅਕਲੀਆ, ਗੁਰਨਾਮ ਰਾਮਪੁਰਾ ਫੂਲ ਜਾਂ ਫਿਰ ਖੁਦ ਦਰਸ਼ਨ ਬਾਗੀ ਆਪਣੀ ਚੇਤਨਾ ਜਾਂ ਜਜ਼ਬਾਤ ਨੂੰ ਅਸਲ ਵਿਚ ਰੁਪਾਂਤਰਿਤ ਕਿੰਜ ਕਰਦੇ ਹਨ! ਪੰਜਾਬ ਦੀ ਵਿਦਿਆਰਥੀ ਲਹਿਰ ਅੰਦਰ ਇਹ ਦਰਸ਼ਨ ਬਾਗੀ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਦਾ ਦੌਰ ਸੀ। ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਰਾਜਨੀਤਕ ਅਤੇ ਸਮਾਜਕ ਤੌਰ ‘ਤੇ ਚੇਤੰਨ ਕਰਨ ਲਈ ਇਨ੍ਹਾਂ ਆਗੂਆਂ ਨੇ ਅਣਥੱਕ ਉਪਰਾਲੇ ਕੀਤੇ ਅਤੇ 1968 ਦੀ ਹੜਤਾਲ ਦੇ ਨਾਲ ਹੀ ਇਸ ਦੌਰ ਨੇ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਹੰਢਾ ਲਈਆਂ।