ਘੁਣਤਰੀ ਜਗਸੀਰ ਸਿੰਘ ਸੰਧੂ ਨੇ ਐਸ.ਐਸ.ਪੀ ਦਫਤਰ ਸੰਗਰੂਰ ਵਿਖੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕੀਤਾ

ਮਾਮਲਾ ਮਨੂੰਵਾਦੀ ਸੰਵਿਧਾਨ ਦੇ ਵਿਰੁੱਧ ਲਾਈ ਖਬਰ ਦਾ
ਸੰਗਰੂਰ, 22 ਅਗਸਤ (ਹਰਬੰਸ ਸਿੰਘ ਮਾਰਡੇ) : ਆਰ.ਐਸ.ਐਸ ਦੀ ਸ਼ਹਿ ‘ਤੇ ਭਾਜਪਾ ਦੇ ਦਲਿਤ ਵਿੰਗ ਵੱਲੋਂ ਰੋਜਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਅਤੇ ਜ਼ਿਲਾ ਬਰਨਾਲਾ ਦੇ ਇੰਚਾਰਜ ਘੁਣਤਰੀ ਜਗਸੀਰ ਸਿੰਘ ਸੰਧੂ ਖਿਲਾਫ ਪੰਜਾਬ ਭਰ ਦੇ ਐਸ.ਐਸ.ਪੀਜ ਨੂੰ ਦਿੱਤੀਆਂ ਦਰਖਾਸਤਾਂ ਦੇ ਸਬੰਧ ਵਿੱਚ ਅੱਜ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਐਸ.ਐਸ.ਪੀ ਦਫਤਰ ਸੰਗਰੂਰ ਵਿਖੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕੀਤਾ। ਇਸ ਸਮੇਂ ਪੱਤਰਕਾਰ ਸੰਧੂ ਦੇ ਨਾਲ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ, ਦਰਬਾਰ-ਏ-ਖਾਲਸਾ ਜਥੇਬੰਦੀ ਦੇ ਮੁੱਖੀ ਭਾਈ ਹਰਜਿੰਦਰ ਸਿੰਘ ਮਾਝੀ, ਉਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਅਤੇ ਬੰਧਨਤੋੜ ਸਿੰਘ ਖਾਲਸਾ ਵੀ ਹਾਜਰ ਸਨ। ਸੰਗਰੂਰ ਦੇ ਐਸ.ਪੀ (ਪੀ.ਬੀ.ਆਈ) ਸ੍ਰ: ਗੁਰਮੀਤ ਸਿੰਘ ਸਿੱਧੂ ਦੇ ਦਫਤਰ ਵਿੱਚ ਪੱਤਰਕਾਰ ਸੰਧੂ ਨੇ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਦੀ ਫੋਟੋ ਵਾਲੇ ਇੱਕ ਪੈਫਲਿਟ ਦੀ ਪੀ.ਡੀ.ਐਫ ਕਾਪੀ ਪੇਸ਼ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੇ ਇਸ ਪੈਫਲਿਟ ਰਾਹੀਂ ਭਾਰਤ ਦੇ ਸੰਵਿਧਾਨ ਨੂੰ ਚੈਲਿੰਜ ਕਰਦੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਲਿਖੇ ਸੰਵਿਧਾਨ ਦੀ ਥਾਂ ਹੁਣ ਭਾਰਤ ਵਿੱਚ ਮਨੂੰਵਾਦੀ ਸੰਵਿਧਾਨ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਆਪਣੇ ਪੱਤਰਕਾਰਤਾ ਦੇ ਫਰਜ਼ ਨੂੰ ਸਮਝਦਿਆਂ ਮੈਂ ਇਸ ਸਬੰਧੀ ਇੱਕ ਰਿਪੋਰਟ ਬਣਾ ਕੇ 12 ਅਗਸਤ ਨੂੰ ਰੋਜ਼ਾਨਾ ਪਹਿਰੇਦਾਰ ਅਖਬਾਰ ਵਿੱਚ ਪ੍ਰਕਾਸ਼ਿਤ ਕਰਵਾਈ ਤਾਂ ਕਿ ਭਾਰਤ ਦੇ ਸੰਵਿਧਾਨ ਨਾਲ ਹੋ ਰਹੀ ਛੇੜਛਾੜ ਸਬੰਧੀ ਪਾਠਕਾਂ ਅਤੇ ਪ੍ਰਸਾਸ਼ਨ ਨੂੰ ਜਾਗਰੂਕ ਕੀਤਾ ਜਾ ਸਕੇ। ਭਾਰਤ ਦਾ ਇੱਕ ਜਿੰਮੇਵਾਰ ਨਾਗਰਿਕ ਅਤੇ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਰ ਹੋਣ ਕਰਕੇ ਮੇਰਾ ਇਸ ਰਿਪੋਰਟ ਨੂੰ ਪ੍ਰਕਾਸਿਤ ਕਰਨ ਦਾ ਇਕੋ ਇੱਕ ਮਕਸਦ ਭਾਰਤੀ ਸੰਵਿਧਾਨ ਦੀ ਰਾਖੀ ਕਰਨਾ ਹੈ ਅਤੇ ਭਾਰਤ ਦੇ ਸੰਵਿਧਾਨ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਨੂੰ ਨੰਗਾ ਕਰਨਾ ਹੈ। ਇਸ ਮਾਮਲੇ ਵਿੱਚ ਆਰ.ਐਸ.ਐਸ ਨੇ ਆਪਣੇ ਵੱਲੋਂ ਕੋਈ ਸਾਫ਼ ਸਪੱਸਟੀਕਰਨ ਦੇਣ ਦੀ ਥਾਂ ਭਾਜਪਾ ਦੇ ਦਲਿਤ ਵਿੰਗ ਕੋਲੋਂ ਇਸ ਖਬਰ ਸਬੰਧੀ ਝੂਠੀ ਸਕਾਇਤ ਪੰਜਾਬ ਪੁਲਸ ਕੋਲ ਦਰਜ ਕਰਵਾਈ ਗਈ ਹੈ ਕਿ ਇਸ ਖਬਰ ਨਾਲ ਸਮਾਜ ਵਿੱਚ ਕੋਈ ਦੰਗੇ ਫੈਲ ਸਕਦੇ ਹਨ, ਜਦੋਂ ਇਸ ਖਬਰ ਦਾ ਮਕਸਦ ਸਿਰਫ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਸੰਵਿਧਾਨ ਦੀ ਰਾਖੀ ਕਰਨਾ ਹੈ। ਸੰਵਿਧਾਨ ਦੀ ਰਾਖੀ ਕਰਦਿਆਂ ਦੇਸ਼ ਦੀ ਏਕਤਾ ਜਾਂ ਅਖੰਡਤਾ ਨੂੰ ਕਿਵੇਂ ਖਤਰਾ ਹੋ ਸਕਦਾ ਹੈ? ਪੱਤਰਕਾਰ ਸੰਧੂ ਵੱਲੋਂ ਇਸ ਸਬੰਧੀ ਸਾਰੇ ਸਬੂਤ ਐਸ.ਪੀ ਦਫਤਰ ਵਿੱਚ ਪੇਸ਼ ਕਰ ਦਿੱਤੇ ਗਏ ਹਨ, ਜਿਸ ‘ਤੇ ਐਸ.ਪੀ ਗੁਰਮੀਤ ਸਿੰਘ ਨੇ ਯਕੀਨ ਦਿਵਾਇਆ ਹੈ ਕਿ ਸਾਰੇ ਤੱਥਾਂ ਦੀ ਜਾਂਚ ਕਰਕੇ ਇਸ ਮਾਮਲੇ ਵਿੱਚ ਇਨਸਾਫ ਕੀਤਾ ਜਾਵੇਗਾ।

Total Views: 69 ,
Real Estate