ਪਿਓ ਪੁੱਤਰ ਨੂੰ ਥਾਣੇ ‘ਚ ਨੰਗਾ ਕਰਕੇ ਵਿਡੀਓ ਬਣਾਉਣ ਵਾਲੇ ਥਾਣੇਦਾਰ ‘ਤੇ ਐਫ.ਆਈ.ਆਰ ਦਰਜ ਕਰਵਾਉਣ ਲਈ ਖੰਨਾ ‘ਚ ਧਰਨਾ

ਚੰਡੀਗੜ, 1 ਜੂਨ (ਜਗਸੀਰ ਸਿੰਘ ਸੰਧੂ) : ਖੰਨਾ ਥਾਣੇ ਵਿੱਚ ਕਿਸਾਨ ਪਿਓ-ਪੁੱਤਰ ਅਤੇ ਉਹਨਾਂ ਦੇ ਕਾਮੇ ‘ਤੇ ਤਸਦੱਦ ਕਰਨ ਤੋਂ ਬਾਅਦ ਉਹਨਾਂ ਨੂੰ ਨੰਗਾ ਕਰਕੇ ਵਿਡੀਓ ਬਣਾਕੇ ਸ਼ੋਸ਼ਲ ਮੀਡੀਆ ‘ਤੇ ਪਾਉਣ ਵਾਲੇ ਸਦਰ ਥਾਣਾ ਖੰਨਾ ਦੇ ਤੱਤਕਾਲੀਨ ਐੱਸਐੱਚਓ ਬਲਜਿੰਦਰ ਸਿੰਘ ‘ਤੇ ਐਫ.ਆਈ.ਆਰ ਦਰਜ ਕਰਵਾਉਣ ਲਈ ਅਤੇ ਪੀੜਤ ਲੋਕਾਂ ਨੂੰ ਇੰਨਸਾਫ ਦਿਵਾਉਣ ਲਈ ਅੱਜ ਲੋਕ ਇਨਸਾਫ ਪਾਰਟੀ ਆਗੂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਵੱਲੋਂ ਰੋਸ ਮਾਰਚ ਕਰਦਿਆਂ ਐੱਸਐੱਸਪੀ ਦਫ਼ਤਰ ਖੰਨਾ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਜਿਕਰਯੋਗ ਹੈ ਕਿ ਪ੍ਰਦਰਸਨਕਾਰੀਆਂ ਵਿੱਚ ਇਸ ਮਾਮਲੇ ਦਾ ਪੀੜਤ ਸਾਬਕਾ ਸਰਪੰਚ ਜਗਪਾਲ ਸਿੰਘ ਯੋਗੀ ਵੀ ਸ਼ਾਮਲ ਹੋਇਆ। ਜਿਥੇ ਪ੍ਰਦਰਸਨਕਾਰੀਆਂ ਵੱਲੋਂ ਧੱਕੇਸ਼ਾਹੀ ਕਰਨ ਵਾਲੀ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ, ਉਥੇ ਖੰਨਾ ਪੁਲਸ ਵੱਲੋਂ ਮੁਜਾਹਰਾਕਾਰੀਆਂ ਦੀ ਵਿਡੀਓਗ੍ਰਾਫੀ ਕੀਤੀ ਗਈ ਅਤੇ ਮੌਕੇ ‘ਤੇ ਮੌਜੂਦ ਐਸ.ਪੀ ਤਜਿੰਦਰ ਸਿੰਘ ਸੰਧੂ ਮੁਤਾਬਿਕ ਰੋਕ ਦੇ ਬਾਵਜੂਦ ਇਸ ਤਰਾਂ ਭੀੜ ਇਕੱਠੀ ਕਰਨਾ ਗਲਤ ਹੈ, ਇਸ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਉਧਰ ਪ੍ਰਦਰਸਨਕਾਰੀਆਂ ਦੀ ਅਗਵਾਈ ਕਰ ਰਹੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਹੈ ਕਿ ਐੱਸਐਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਕਈ ਨਵੀਆਂ ਸ਼ਿਕਾਇਤਾਂ ਦੀ ਜਾਂਚ ਡੀਐੱਸਪੀ (ਸਪੈਸ਼ਲ ਬ੍ਰਾਂਚ) ਮਨਜੀਤ ਸਿੰਘ ਨੂੰ ਸੌਂਪੀ ਗਈ ਹੈ। ਉਹ ਪੁਲਿਸ ਦੇ ਨਾਲ ਜਾਂਚ ਵਿਚ ਸਹਿਯੋਗ ਕਰਾਂਗੇ ਪਰ ਜੇ ਇਨਸਾਫ ਨਾ ਮਿਲਿਆ ਤਾਂ ਏਡੀਜੀਪੀ ਦਫ਼ਤਰ ਚੰਡੀਗੜ• ਦੇ ਸਾਹਮਣੇ ਨੰਗੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਦੂਸਰੇ ਪਾਸੇ ਡੀ.ਐਸ.ਪੀ ਰਾਜਨ ਪਰਮਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਸਰਪੰਚ ਜਗਪਾਲ ਸਿੰਘ ਯੋਗੀ ਅਤੇ ਉਸਦੇ ਪੁੱਤਰ ਤੇ ਕਾਮੇ ਨੂੰ ਥਾਣੇ ਵਿੱਚ ਨੰਗਾ ਕਰਕੇ ਵਿਡੀਓ ਬਣਾਉਣ ਦੇ ਮਾਮਲੇ ਵਿੱਚ ਸਦਰ ਥਾਣਾ ਖੰਨਾ ਦੇ ਏਐੱਸਆਈ ਅਮਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਅਮਰ ਸਿੰਘ ‘ਤੇ ਦੋਸ਼ ਸੀ ਕਿ ਇਸ ਮਾਮਲੇ ਵਿਚ ਬਣਾਈ ਗਈ ਵੀਡੀਓ ਉਸ ਦੇ ਮੋਬਾਈਲ ‘ਚ ਹੈ।

Total Views: 66 ,
Real Estate