ਔਰਤ ਦਾ ਔਰਤ ਨਾਲ ਰਿਸ਼ਤਾ

ਹਰਮੀਤ ਬਰਾੜ

ਅਸੀਂ ਆਪਣੇ ਆਲੇ ਦੁਆਲੇ ਅਕਸਰ ਅੌਰਤ ਦੇ ਔਰਤ ਨਾਲ ਰਿਸ਼ਤਿਆਂ ਵਿੱਚ ਕੁੜੱਤਣ ਦੇਖਦੇ ਹਾਂ , ਇਸ ਨੂੰ ਜਲਣ ਕਹਿ ਕੇ ਟਾਲ ਦਿੰਦੇ ਹਾਂ । ਪਰ ਹਮੇਸ਼ਾ ਦੀ ਤਰ੍ਹਾਂ ਮੈਂ ਔਰਤਾਂ ਦੇ ਵਿਸ਼ੇ ਤੇ ਕੁਝ ਵਧੇਰੇ ਸੰਜੀਦਾ ਅਤੇ ਖੋਜ ਦੀ ਆਦੀ ਹਾਂ। ਇਸ ਵਿਸ਼ੇ ਦੇ ਮਨੋਵਿਗਿਆਨਿਕ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ।

ਸਮਾਜ ਦੀ ਬਣਤਰ ਪੁਰਖ ਪ੍ਰਧਾਨ ਹੋਣ ਕਰਕੇ ਔਰਤ ਦੀ ਮਾਨਸਿਕਤਾ ਨੂੰ ਪੂਰਾ ਵਿਕਸਿਤ ਹੋਣ ਤੋ ਵਾਂਝਾ ਰਹਿਣਾ ਪਿਆ । ਸੱਤਾ,ਜ਼ਮੀਨ,ਪੈਸਾ ਭਾਵ ਹਰ ਜ਼ਰੂਰੀ ਚੀਜ਼ ਜੋ ਉਸ ਦਾ ਹੌਂਸਲਾ ਬਣਾਈ ਰੱਖਣ ਲਈ ਜ਼ਰੂਰੀ ਸੀ,ਉਸ ਤੋ ਦੂਰ ਰਹੀ। ਕੋਈ ਵੀ ਨੂੰਹ ਤੇ ਅੱਤਿਆਚਾਰ ਕਰਨਾ ਸੱਸ ਆਪਣਾ ਅਧਿਕਾਰ ਸਮਝਦੀ ਹੈ ਜਦਕਿ ਇਹ ਸਭ ਉਹ ਆਪ ਸਹਿ ਚੁੱਕੀ ਹੁੰਦੀ ਹੈ ਤੇ ਇਸ ਦੀ ਤਕਲੀਫ਼ ਜਾਣਦੀ ਹੈ। ਪਰ ਕਿਉਂਕਿ ਉਹ ਜਾਣਦੀ ਹੈ ਕਿ ਉਸ ਦਾ ਰੋਅਬ ਉਸਦਾ ਪੁੱਤ ਜਾਂ ਪਤੀ ਬਰਦਾਸ਼ਤ ਨਹੀਂ ਕਰਨਗੇ ਤੇ ਇੱਕ ਨੂੰਹ ਹੀ ਉਸ ਦੇ ਦਬਾਅ ਹੇਠ ਆ ਸਕਦੀ ਹੈ , ਸੱਤਾ ਦੇ ਇਸ ਛੋਟੇ ਹਿੱਸੇ ਬਦਲੇ ਉਹ ਪਿਤਰਕੀ ਨਾਲ ਸਮਝੌਤਾ ਕਰ ਲੈਂਦੀ ਹੈ ਤੇ ਦੂਜੀ ਔਰਤ ਤੇ ਤਸ਼ੱਦਦ ਕਰਦੀ ਹੈ।
ਮਰਦ ਕੋਲ ਹਮੇਸ਼ਾ ਤੋ ਘਰ ਦੀ ਸੱਤਾ ਤੋ ਲੈ ਕੇ ਮੁਲਕ ਸੰਭਾਲਣ ਤੱਕ ਦੇ ਸੌਖੇ ਜ਼ਰੀਏ ਰਹੇ ਹਨ ਤਾਂ ਉਸ ਦੀ ਗਲਤੀ ਨੂੰ ਵੀ ਅਸੀਂ ਸਹਿਜੇ ਈ ਕਬੂਲ ਕਰ ਲੈਂਦੇ ਹਾਂ। ਪਿਛਲੇ ਦਿਨੀਂ ਇੱਕ ਲੜਾਈ ਦੌਰਾਨ ਮੇਰੇ ਕੋਲ ਮਰਦ ਵਾਲੇ ਪਾਸਿਓਂ ਇੱਕ ਸੁਨੇਹਾ ਆਉਂਦਾਂ ਹੈ ,”ਭੈਣੇ ਇਸ ਦੀ ਮਦਦ ਨਾ ਕਰੋ , ਇਹ ਕੋਈ ਅਬਲਾ ਔਰਤ ਨਹੀਂ।” ਇਹ ਪੜ੍ਹ ਕੇ ਮੈਨੂੰ ਉਸ ਸੋਚ ਤੇ ਹਾਸਾ ਆਉਂਦਾਂ ਹੈ ਕਿ ਕੀ ਔਰਤ ਦਾ ਅਬਲਾ ਹੋਣਾ ਹੀ ਜ਼ਰੂਰੀ ਹੈ ? ਮੈਂ ਤਾਂ ਸ਼ੁਕਰ ਕਰਦੀ ਹਾਂ ਕਿ ਉਹ ਅਬਲਾ ਔਰਤ ਨਹੀਂ , ਉਸ ਦਾ ਔਰਤ ਤੇ ਸਹੀ ਹੋਣਾ ਕਾਫ਼ੀ ਹੈ ਕਿ ਮੈਂ ਉਸ ਦਾ ਸਾਥ ਦੇਵਾਂ। ਸਭ ਤੋ ਵੱਡੀ ਗੱਲ ਕਿ ਉਹ ਕੁੜੀ ਸਿਰਫ ਆਪਣੀ ਨਹੀਂ ਬਲਕਿ ਕਈ ਹੋਰ ਕੁੜੀਆਂ ਦੀ ਲੜਾਈ ਲੜ ਰਹੀ ਹੈ, ਮੇਰੇ ਲਈ ਉਹ ਸਤਿਕਾਰ ਦੀ ਪਾਤਰ ਹੈ।

ਅਕਸਰ ਜਦੋਂ ਮੈ ਇਹੋ ਜਿਹੇ ਲੇਖ ਪੜਦੀ ਆਂ ਕਿ ਚੰਗੀ ਪਤਨੀ , ਚੰਗੀ ਨੂੰਹ , ਚੰਗੀ ਮਾਂ ਕਿਵੇਂ ਬਣਨਾ ਹੈ ਤਾਂ ਮੈਨੂੰ ਅਜੀਬ ਲਗਦਾ ਹੈ ਕਿ ਕਿਸ ਤਰ੍ਹਾਂ ਇੱਕ ਚੌਖਟੇ ਵਿੱਚ ਫਿੱਟ ਹੋਣ ਲਈ ਔਰਤ ਆਪਣਾ ਪੂਰਾ ਜ਼ੋਰ ਲਗਾ ਦਿੰਦੀ ਹੈ ਤੇ ਆਪਣੇ ਆਪ ਨੂੰ ਦੇਵੀ ਸਾਬਿਤ ਕਰਦੀ ਕਰਦੀ ਔਰਤ ਹੋਣਾ ਭੁੱਲ ਜਾਂਦੀ ਹੈ। ਇੱਕ ਪਤਨੀ ਜੋ ਜਾਣਦੀ ਹੈ ਕਿ ਉਸਦਾ ਪਤੀ ਅੱਯਾਸ਼ ਹੈ ਕਿਸ ਤਰ੍ਹਾਂ ਕਹਿ ਦਿੰਦੀ ਹੈ ਕਿ ਉਸ ਦਾ ਘਰ ਕੋਈ ਹੋਰ ਔਰਤ ਖ਼ਰਾਬ ਕਰ ਰਹੀ ਹੈ ? ਕਿਸ ਤਰ੍ਹਾਂ ਕੋਈ ਵੀ ਔਰਤ ਇਹ ਜਾਣਦਿਆਂ ਕਿ ਇਕ ਕੁੜੀ ਸੱਚ ਦੀ ਲੜਾਈ ਲੜ ਰਹੀ ਹੈ , ਇਹ ਕਹਿ ਸਕਦੀ ਹੈ ਕਿ ਇਸਨੂੰ ਚੁੱਪ ਕਰਵਾਓ ਸਵਾਲ ਇਸ ਦੀ ਇੱਜ਼ਤ ਤੇ ਹੀ ਉੱਠਣਗੇ ? ਕਿਉ ਅਸੀਂ ਸਮਾਜ ਨੂੰ ਏਨਾ ਅਸਹਿਣਸ਼ੀਲ ਬਣਾ ਰਹੇ ਆਂ ਕਿ ਸਾਹ ਘੁਟਣ ਲੱਗੇ।

ਇਹਨੀਂ ਦਿਨੀਂ ਤਕਰੀਬਨ 8-9 ਫ਼ੋਨ ਰੋਜ਼ ਸੁਣ ਰਹੀ ਆਂ ਜੋ ਔਰਤਾਂ ਦੇ ਹੁੰਦੇ ਹਨ ਜਿੰਨ੍ਹਾਂ ਵਿੱਚ ਕੁਝ ਪੀੜਤ ਹੁੰਦੀਆਂ ਨੇ ਤੇ ਕੁਝ ਉਂਨ੍ਹਾਂ ਪੀੜਤਾਂ ਨੂੰ ਚੁੱਪ ਕਰਵਾਉਣ ਵਾਲ਼ੀਆਂ ਮਰਦ ਹਮਾਇਤਣਾਂ ਦੇ ,ਕਿਉਂਕਿ ਉਨ੍ਹਾਂ ਨੂੰ ਫਿਕਰ ਹੈ ਕਿ ਬੋਲਣ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਖਤਰਾ ਹੋਵੇਗਾ।ਜਦੋਂ ਤੱਕ ਇਹ ਦੇਵੀ ਬਣਨ ਵਾਲੇ ਨਜਾਇਜ਼ ਚੱਕਰਵਿਊ ‘ਚ ਫਸ ਕੇ ਇੱਕ ਦੂਜੇ ਦੇ ਖ਼ਿਲਾਫ਼ ਖੜੀਆਂ ਰਹੋਂਗੀਆਂ , ਐਵੇਂ ਹੀ ਕਿਸੇ ਨਾ ਕਿਸੇ ਵੱਲੋਂ ਵਰਤੀਆਂ ਜਾਂਦੀਆਂ ਰਹੋਂਗੀਆਂ । ਅੱਜ ਉਹ ਹੋਵੇਗੀ ਕੱਲ੍ਹ ਨੂੰ ਕੋਈ ਹੋਰ ,ਪਰ ਨਿਸ਼ਾਨੇ ਲੱਗਦੇ ਰਹਿਣਗੇ । ਜੋ ਕੁੜੀ ਖੁੱਲ੍ਹ ਕੇ ਲੜਣ ਦਾ ਦਮ ਰੱਖਦੀ ਹੈ, ਮੈ ਹਮੇਸ਼ਾ ਉਸ ਨਾਲ ਖੜ੍ਹੀ ਮਿਲਾਂਗੀ ਚਾਹੇ ਇਸ ਬਦਲੇ ਮੇਰਾ ਕਿੰਨਾ ਈ ਨੁਕਸਾਨ ਕਿਉਂ ਨਾ ਹੋਵੇ। ਅੱਜ ਜੋ ਕੁੜੀ ਲੜ ਰਹੀ ਹੈ , ਕੱਲ੍ਹ ਉਸ ਕਾਰਨ ਕਈ ਹੋਰ ਜਿੰਦਗੀਆਂ ਬਚਣਗੀਆਂ। ਮਜ਼ਾਕ ਦਾ ਪਾਤਰ ਨਾ ਬਣੋ , ਸਾਥ ਦੇਣਾ ਸਿੱਖੋ।

 

Total Views: 160 ,
Real Estate