ਭੱਖੜੇ ਦੇ ਅਜਬ ਕਮਾਲ

 ਵੈਦ ਬੀ .ਕੇ ਸਿੰਘ

98726 10005

ਕਿਸੇ ਵੀ ਚੀਜ਼ ਦੀ ਜਾਣਕਾਰੀ ਜਦੋ ਮਨੁੱਖ ਨੂੰ ਹੋ ਜਾਂਦੀ ਹੈ ਤਾਂ ਚੀਜ਼ ਦੀ ਕਦਰ ਵੱਧ ਜਾਂਦੀ ਹੈ।ਦੁਨੀਆ ਤੇ ਹਰ ਚੀਜ਼ ਕੀਮਤੀ ਹੈ।ਜੇ ਪਾਰਖੂ ਨਜ਼ਰ ਨਾਲ ਦੇਖਿਆ ਜਾਵੇ।ਦੁਨੀਆ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ ਜਿਹਨੇ ਕੁਦਰਤ ਦੀ ਗੋਦ ਵਿੱਚ ਹਰ ਰੋਗ ਦੇ ਇਲਾਜ ਲਈ ਕੁਝ ਨਾ ਕੁਝ ਪੈਦਾ ਕੀਤਾ ਹੈ।ਜਿਵੇ ਜੜੀ ਬੂਟੀਆਂ ,ਰੁੱਖ ,ਚਟਾਨਾਂ ਤੋ ਨਿਕਲਦਾ ਸਿਲਾਜੀਤ ,ਗੰਧਕ ,ਸੋਨਾ ,ਚਾਂਦੀ ,ਹੀਰੇ ਆਦਿ ਹਰ ਚੀਜ਼ ਨੂੰ ਵਿਧੀ ਵਿਧਾਨ ਨਾਲ ਰੋਗਾਂ ਲਈ ਢਾਲਿਆਂ ਜਾਂਦਾ ਹੈ।ਜਿਹੜੀਆਂ ਚੀਜ਼ਾਂ ਸ਼ੁੱਧ ਹੋਣ ਤੋ ਬਾਅਦ ਵਿਗੜੀ ਬਿਮਾਰੀ ਨੂੰ ਵੀ ਕਾਬੂ ਕਰ ਲੈਦੀਆਂ ਹਨ।ਇਹ ਸਭ ਉਸ ਦਾਤੇ ਦੀ ਸਾਜ਼ੀ ਸ੍ਰਿਸ਼ਟੀ ਵਿੱਚ ਹੀ ਸੰਭਵ ਹੈ।ਸੋ ਕੁਦਰਤ ਦੀ ਦੇਣ ਬੂਟੀਆਂ ਨੂੰ ਮਾਮੂਲੀ ਨਾ ਸਮਝੋ।ਅਜਿਹੀ ਬੇਸਕੀਮਤੀ ਚੀਜ਼ ਨੂੰ ਅੰਨਜਾਣ ਬੰਦੇ ਪੈਰਾਂ ਥੱਲੇ ਰੋਲ ਕੇ ਭੁੱਲ ਕਰ ਰਹੇ ਹਨ।ਉਹ ਹੈ ਭੱਖੜਾਂ,ਜਿਹਨਂਾ ਨੂੰ ਇਸ ਦਾ ਗਿਆਨ ਹੈ ਉਹ ਇਸ ਦੇ ਗੁਣਾਂ ਤੋ ਚੰਗੀ ਤਰਾਂ ਜਾਣੂ ।ਅੱਜ ਮੈ ਆਪ ਜੀ ਨੂੰ ਇਸ ਦੀ ਪਹਿਚਾਣ ਤੇ ਇਸ ਦੇ ਗੁਣਾਂ ਬਾਰੇ ਵਿਸਥਾਰ ਨਾਲ ਦੱਸਾਂਗਾ।ਇਹ ਬੂਟਾ ਪੰਜਾਬ ,ਰਾਜਸਥਾਨ ,ਬਿਹਾਰ ,ਬੰਗਾਲ ਆਦਿ ਪ੍ਰਦੇਸਾ ਵਿੱਚ ਉੱਗਦਾ ਹੈ।ਇਹ ਜ਼ਮੀਨ ਤੇ ਫੈੇਲਿਆਂ ਹੁੰਦਾ ਹੈ।ਇਹ ਬੂਟਾ ਲਗਭਗ ਛੋਲਿਆਂ ਨਾਲ ਮਿਲਦਾ ਜੁਲਦਾ ਹੀ ਹੁੰਦਾ ਹੈ।ਪੀਲੇ ਰੰਗ ਦੇ ਫੁੱਲ ,ਕੰਢਿਆਂ ਵਾਲੇ ਛੋਟੇ-ਛੋਟੇ ਫਲ ਲੱਗੇ ਹੁੰਦੇ ਹਨ।ਆਮ ਹੀ ਖੇਤਾਂ ,ਸੜਕਾਂ ,ਨਹਿਰਾਂ ਤੇ ਛੱਪੜਾਂ ਦੇ ਕਿਨਾਰੇ ਇਹ ਭੱਖੜਾਂ ਮਿਲ ਹੀ ਜਾਂਦਾ ਹੈ।ਇਹ ਦੋ ਤਰਾਂ ਦਾ ਹੁੰਦਾ ਹੈ ,ਇੱਕ ਵੱਡਾ ਤੇ ਇੱਕ ਛੋਟਾ ਹੁੰਦਾ ਹੈ ,ਹਿੰਦੀ ਨਾਮ ਗੋਖਰੂ ਹੈ।ਜ਼ਿਆਦਾ ਮਾਤਰਾ ਵਿੱਚ ਲੈਣਾ ਇਹ ਹਾਨੀਕਾਰਕ ਹੈ।ਇੱਕ ਵਾਰ ਇਹ ਇਕੱਠਾ ਕਰਕੇ ਸਾਲ ਵਰਤਿਆ ਜਾ ਸਕਦਾ ਹੈ।ਸਾਲ ਤੋ ਬਾਅਦ ਇਸ ਦੇ ਗੁਣਾਂ ਵਿੱਚ ਫਰਕ ਪੈ ਜਾਂਦਾ ਹੈ।ਪਿਸ਼ਾਬ ਦੇ ਬੰਨ ਦੀ ਇਹ ਬਹੁਤ ਵਧੀਆ ਦਵਾਈ ਹੈ।ਗੁਰਦੇ ਦੀ ਪੱਥਰੀ ਵੀ ਇਸ ਦੇ ਕਾੜੇ ਨਾਲ ਨਿਕਲ ਜਾਂਦੀ ਹੈ।ਮੂਤਰਲ ਗੂਣਾਂ ਕਰਕੇ ਜਾਣਿਆਂ ਜਾਂਦਾ ਹੈ।ਮੂਤਰ ਖੁੱਲ ਕੇ ਆਉਣ ਨਾਲ ਦਿਲ ਤੇ ਦਬਾਅ ਘੱਟ ਪੈਦਾ ਹੈ।ਬੀ .ਪੀ ਕੰਟਰੋਲ ਹੁੰਦਾ ਹੈ।ਪ੍ਰਮੇਹ ਦੀ ਇਹ ਉੱਤਮ ਦਵਾਈ ਹੈ।ਇਸ ਦੇ ਸੇਵਨ ਨਾਲ ਰਸ ਤੋ ਲੈ ਕੇ ਵੀਰਜ ਤੱਕ ਸਭ ਧਾਤੂਆਂ ਗਾੜੀਆਂ ਹੋ ਜਾਂਦੀਆਂ ਹਨ।ਇਸ ਦਾ ਪਾਊਡਰ ਅਸਗੰਧ ,ਸਤਾਵਰ ਨਾਲ ਬਰਾਬਰ ਮਾਤਰਾ ਵਿੱਚ ਲੈਣ ਨਾਲ ਵੀਰਜ ਗਾੜਾ ਹੁੰਦਾ ਹੈ।ਸ਼ਿਘਰਪਤਨ ,ਨਾਮਰਦੀ ਵਿੱਚ ਬਹੁਤ ਸਹਾਇਕ ਹੁੰਦਾ ਹੈ।ਔਰਤਾਂ ਵਿੱਚ ਜੇਕਰ ਗਰਭਪਾਤ ਹੁੰਦਾ ਰਹੇ ਤਾਂ ਉਸ ਨੂੰ ਲਗਾਤਾਰ 3 ਮਹੀਨੇ ਗਰਭ ਠਹਿਰਣ ਤੋ ਬਾਅਦ ਖਾਣਾ ਚਾਹੀਦਾ ਹੈ।ਇਸ ਨਾਲ ਜਨਨ ਇੰਦਰੀਆਂ ਨੂੰ ਤਾਕਤ ਮਿਲਦੀ ਹੈ।ਜਦੋ ਵੀ ਗਰਭ ਠਹਿਰ ਜਾਵੇ ਤਾਂ ਫਿਰ ਲਗਾਤਾਰ ਇਸ ਨੂੰ ਖਾਦੇ ਰਹਿਣਾ ਚਾਹੀਦਾ ਹੈ।ਜਿਸ ਦਾ ਕੋਈ ਨੁਕਸਾਨ ਨਹੀ ਕਿਉਕਿ ਭੱਖੜਾ ਆਯੁਰਵੈਦਿਕ ਦਵਾਈਆਂ ਵਿੱਚ ਬਹੁਤ ਵਰਤਿਆ ਜਾਂਦਾ ਹੈ।

ਆਉ ਹੁਣ ਇਸ ਦੇ ਫਾਇਦਿਆਂ ਬਾਰੇ ਗੱਲ ਕਰੀਏ।
• ਭੱਖੜਾਂ ,ਕਲਮੀ ਸੋਰਾ,ਚੂਹੇ ਦੀ ਮੀਗਣ ਸਭ ਬਰਾਬਰ-ਬਰਾਬਰ ਲੈ ਕੇ ਪਾਊਡਰ ਬਣਾ ਕੇ ਪਾਣੀ ਦੀ ਸਹਾਇਤਾ ਨਾਲ ਲੇਪ ਜਿਹਾ ਬਣਾ ਲਵੋ।ਪੇਡੂ ਉੱਤੇ ਲੇਪ ਕਰੋ ਤੇ ਇਸ ਦਾ ਕਾੜਾ ਬਣਾ ਕੇ ਪੀ ਲਵੋ।ਪਿਸ਼ਾਬ ਦਾ ਬੰਨ ਖੁੱਲ ਜਾਂਦਾ ਹੈ।ਡਾਕਟਰ ਤਾਂ ਪਿਸ਼ਾਬ ਦੀ ਨਾਲੀ ਲਾ ਕੇ ਹੀ ਗੱਲ ਖਤਮ ਕਰ ਦਿੰਦੇ ਹਨ।ਪਹਿਲਾਂ ਇਹ ਨੁਸਖਾ ਜ਼ਰੂਰ ਵਰਤੋ।
• ਭੱਖੜਾ ,ਭੂਮੀ ਆਂਵਲਾ (ਇਹ ਤੁਹਾਡੇ ਖੇਤਾਂ ਵਿੱਚ ਆਮ ਹੀ ਉੱਗ ਜਾਂਦਾ ਹੈ)ਵੱਡੀ ਇਲਾਚੀ ਦੇ ਬੀਜ ਸਭ ਬਰਾਬਰ ਲੈ ਕੇ ਪਾਊਡਰ ਬਣਾਉ।ਅੱਧਾ ਚਮਚ ਸ਼ੱਕਰ ,ਘਿਉ ਮਿਲਾ ਕੇ ਪੀਣ ਨਾਲ ਪਿਸ਼ਾਬ ਦੀ ਜਲਣ ਘੱਟ ਜਾਂਦੀ ਹੈ।ਗਰਮੀ ਵੀ ਸ਼ਾਂਤ ਕਰਦਾ ਹੈ।
• ਭੱਖੜਾਂ ,ਪਖਾਣਭੇਦ ,ਜੌਖਾਰ ਬਰਾਬਰ ਮਿਲਾ ਕੇ ਰੱਖ ਲਵੋ।ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਲਵੋ ਤੇ ਕਾੜਾ ਬਣਾ ਕੇ ਵੀ ਪੀਦੇ ਰਹੋ।ਗੁਰਦੇ ਦੀ ਪੱਥਰੀ ਬਾਹਰ ਆ ਜਾਂਦੀ ਹੈ।ਕਾੜਾ ਬਣਾਉਣ ਦੀ ਵਿਧੀ 25 ਗ੍ਰਾਮ ਭੱਖੜਾਂ ਪਾਊਡਰ ,2 ਗਿਲਾਸ ਪਾਣੀ ਵਿੱਚ ਮਿਲਾ ਕੇ ਅੱਗ ਤੇ ਰੱਖ ਦਿਉ।ਜਦੋ ਉਬਲਦੇ-ਉਬਲਦੇ ਅੱਧਾ ਗਿਲਾਸ ਪਾਣੀ ਰਹਿ ਜਾਵੇ ਤਾਂ ਉਹ ਪਾਣੀ ਪੀ ਲਵੋ।
• ਕੌਚ ਬੀਜ ਦੀ ਸ਼ੁੱਧ ਗਿਰੀ ,ਭੱਖੜਾਂ ,ਸਤਾਵਰ ,ਤਾਲਮਖਾਣਾ ਸਭ ਦਾ ਚੂਰਣ ਬਰਾਬਰ-ਬਰਾਬਰ ਜਿਨਾਂ ਸਾਰਾ ਚੂਰਣ ਉਨੀ ਮਿਸ਼ਰੀ ਮਿਲਾਉ।ਇਹ ਸਾਰਾ ਸਾਮਾਨ ਪੰਸਾਰੀ ਤੋ ਆਮ ਹੀ ਮਿਲ ਜਾਂਦਾ ਹੈ।5-5 ਗ੍ਰਾਮ ਸਵੇਰੇ ਸ਼ਾਮ ਕੋਸੇ ਦੁੱਧ ਨਾਲ ਲੈਦੇ ਰਹਿਣ ਨਾਲ ਵੀਰਜ ਗਾੜਾ ਹੋ ਕੇ ਸ਼ੁਕਰਾਣੂ ਵੱਧਦੇ ਹਨ।
• ਭੱਖੜਾਂ ,ਅਨਾਰ ਦੇ ਫੁੱਲ ,ਸਰਦਚੀਨੀ ਸਭ ਦਾ ਬਰਾਬਰ-ਬਰਾਬਰ ਚੂਰਣ 3-3 ਗ੍ਰਾਮ ਦੁੱਧ ਵਿੱਚ ਮਿਸ਼ਰੀ ਮਿਲਾ ਕੇ ਦਿੰਦੇ ਰਹੋ।ਖੁੂਨੀ ਪੈੜਾ ਕੁੱਝ ਦਿਨਾਂ ਵਿੱਚ ਹੱਟ ਜਾਂਦਾ ਹੈ।
• ਭੱਖੜਾਂ ,ਛੋਟੀ ਇਲਾਚੀ ਬੀਜ ,ਸਿੰਘਾੜਾ ਸੁੱਕਾ ,ਕਿੱਕਰ ਦੇ ਤੁੱਕੇ ,ਦਾਗੇ ਵਾਲੀ ਮਿਸ਼ਰੀ ਸਭ ਨੂੰ ਅਲੱਗ-ਅਲੱਗ ਕੁੱਟ ਕੇ ਚੂਰਣ ਬਣਾ ਲਵੋ।1 ਚਮਚ ਸਵੇਰੇ ਸ਼ਾਮ ਦੁੱਧ ਨਾਲ ਖਾਣ ਤੇ ਲਕੋਰੀਆ ਠੀਕ ਹੋ ਜਾਂਦਾ ਹੈ।
• ਭੱਖੜਾਂ ਤੇ ਪੁਨਰਵਾ ਮਿਲਾਕੇ ਰੱਖ ਲਵੋ।ਅੱਧਾ ਚਮਚ ਸਵੇਰੇ ਸ਼ਾਮ ਖਾਉ।ਗਦੂਦਾ ਦੀ ਸੋਜ਼ ਉੱਤਰ ਜਾਵੇਗੀ।
• ਗੋਖਰਾਦੀ ਗੁੱਗਲ ਬਣੀ ਬਣਾਈ ਗੋਲੀ ਬਜ਼ਾਰ ਵਿੱਚੋ ਮਿਲ ਜਾਂਦੀ ਹੈ।2-2 ਗੋਲੀ ਇਸ ਦੇ ਕਾੜੇ ਨਾਲ ਲਵੋ।ਮੂਤਰ ਰੁੱਕ-ਰੁੱਕ ਕੇ ਆਵੇ ,ਪਿਸ਼ਾਬ ਵਿੱਚ ਜਲਣ ਹੋਵੇ,ਮਸਾਨੇ ਦੇ ਰੋਗਾਂ ਵਿੱਚ ਇਹ ਬਹੁਤ ਹੀ ਫਾਇਦੇ ਮੰਦ ਹੁੰਦਾ ਹੈ।
ਹੋਰ ਵੀ ਅਨੇਕਾਂ ਢੰਗਾਂ ਨਾਲ ਇਹਨੂੰ ਆਯੁਰਵੈਦ ਵਿੱਚ ਵਰਤਿਆ ਜਾਂਦਾ ਹੈ ,ਜੋ ਸੌਖੇ ਹਨ।ਉਸ ਦਾ ਜ਼ਿਕਰ ਮੈ ਤੁਹਾਡੇ ਸਾਹਮਣੇ ਕਰ ਦਿੱਤਾ ਹੈ।ਸੋ ਆਪਣੇ ਆਲੇ ਦੁਆਲੇ ਹੋਰ ਕਈ ਕੀਮਤੀ ਤੇ ਗੁਣਕਾਰੀ ਜੜੀ ਬੂਟੀਆਂ ਹਨ ਜੋ ਤੁਹਾਨੂੰ ਕਈ ਰੋਗਾਂ ਵਿੱਚ ਫਾਇਦਾ ਕਰ ਸਕਦੀਆਂ ਹਨ।ਨਕਲੀ ਦਵਾਈਆਂ ਖਾਣ ਨਾਲੋ ਚੰਗਾ ਹੈ ਕਿ ਕੁਦਰਤੀ ਜੜੀ ਬੂਟੀਆਂ ਆਮ ਜੀਵਨ ਵਿੱਚ ਵਰਤੀਆਂ ਜਾਣ ਤਾਂ ਜੋ ਆਪਾਂ ਸਵਸਥ ਰਹੀਏ ਤੇ ਮੇਰੀ ਲਿਖਣ ਦੀ ਮਿਹਨਤ ਵੀ ਮੈਨੂੰ ਤੁਹਾਡੇ ਰਾਜ਼ੀ ਹੋਣ ਨਾਲ ਮਿਲ ਸਕੇ।ਤੁਹਾਡਾ ਪਿਆਰ ਤੇ ਸਤਿਕਾਰ ਮੇਰੀ ਰੂਹ ਦੀ ਖੁਰਾਕ ਹੈ।ਤੁਹਾਡੀਆਂ ਦੁਆਵਾਂ ਨਾਲ ਮੇਰੀ ਲੰਬੀ ਉਮਰ ਜਿਊਣ ਦੀ ਗਾਰੰਟੀ ਹੈ।ਕਿਉਕਿ ਸਭ ਤੋ ਮਿਲਦਾ ਪਿਆਰ ਇਨਸਾਨ ਨੂੰ ਹੌਸਲੇ ਨਾਲ ਜਿਊਣ ਦੀ ਪ੍ਰੇਰਨਾਂ ਦਿੰਦਾ ਹੈ।

Total Views: 184 ,
Real Estate