ਲੌਕਡਾਊਨ ਦੌਰਾਨ ਮਾਨਸਿਕ ਸਿਹਤ

ਹਰਮੀਤ ਬਰਾੜ

ਕਈ ਦਿਨ ਤੋ ਇਸ ਬਾਰੇ ਲਿਖਣ ਦਾ ਸੋਚ ਰਹੀ ਸੀ , ਜਦੋਂ ਦੋਸਤਾਂ ਨਾਲ ਜਾਂ ਆਲੇ ਦੁਆਲੇ ਗੱਲ ਕਰਦੀ ਤਾਂ ਸਭ ਦਾ ਇਹੀ ਕਹਿਣਾ ਸੀ ਕਿ ਡਿਪਰੈਸ਼ਨ ਹੋ ਰਿਹਾ। ਆਪਣੇ ਆਪ ਨੂੰ ਵੀ ਮੈਂ ਤਕਰੀਬਨ ਉਸੇ ਦੁਚਿੱਤੀ ‘ਚ ਪਾਇਆ ਜਿਸ ਦਾ ਇੱਕ ਪੈਰ ਡਿਪਰੈਸ਼ਨ ਵੱਲ ਤੇ ਦੂਜਾ ਉਸ ਤੋ ਬਚੇ ਰਹਿਣ ਵੱਲ ਸੀ ।
ਇਸ ਦੌਰਾਨ ਜਿੱਥੇ ਨੀਂਦ ਨਾ ਆਉਣਾ ਜਾਂ ਅਧੂਰੀ ਨੀਂਦ ਤੋ ਤਕਰੀਬਨ ਲੋਕ ਪੀੜਤ ਨੇ , ਉਥੇ ਈ ਕੁਝ ਲੋਕ ਲੋੜ ਤੋ ਵੱਧ ਸੌਣ ਕਰਕੇ ਵੀ ਇਸ ਰੋਗ ਵੱਲ ਜਾ ਰਹੇ ਨੇ। ਭੁੱਖ ਨਾ ਲੱਗਣਾ ਜਾਂ ਲੋੜ ਤੋ ਵੱਧ ਭੁੱਖ ਲੱਗਣਾ ਵੀ ਡਿਪਰੈਸ਼ਨ ਵੱਲ ਵਧਣਾ ਹੈ। ਉਹ ਲੋਕ ਜੋ ਪਹਿਲਾਂ ਤੋ ਇਸ ਬਿਮਾਰੀ ਤੋ ਪੀੜਤ ਨੇ , ਇਸ ਦੌਰਾਨ ਉਂਨਾਂ ਲਈ ਇਹ ਸਭ ਤੋ ਘਾਤਕ ਸਿੱਟੇ ਲਿਆ ਰਹੀ ਹੈ , ਇਹਨੀ ਦਿਨੀਂ ਆਤਮ ਹੱਤਿਆ ਅਤੇ ਕਤਲ ਦੇ ਕੁਝ ਮਾਮਲੇ ਵੀ ਇਸੇ ਦਾ ਨਤੀਜਾ ਹਨ।
ਆਰਥਿਕ ਤਨਾਅ ਦੇ ਚਲਦਿਆਂ , ਬਹੁਤ ਸਾਰੇ ਰੋਜ਼ਗਾਰ ਬੰਦ ਹਨ ਤੇ ਜਲਦੀ ਹੱਲ ਨਾ ਮਿਲਦਾ ਦੇਖ , ਸਰਕਾਰਾਂ ਤੋ ਬੇਉਮੀਦ ਉਹ ਹੋਰ ਵੱਧ ਪਰੇਸ਼ਾਨ ਹਨ। ਇਸੇ ਦੌਰਾਨ ਘਰੇਲੂ ਹਿੰਸਾ ਵਿੱਚ 49% ਵਾਧਾ ਹੋਇਆ ਹੈ। ਬੀਤੇ ਦਿਨੀਂ ਇੰਗਲੈਂਡ ਵਿੱਚ ਮਾਰ ਖਾ ਕੇ ਖ਼ੂਨ ਨਾਲ ਲੱਥਪੱਥ ਔਰਤਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਪਾਈਆਂ ਹਨ ਜਦਕਿ ਕੈਨੇਡਾ ਦੇ ਕੁਝ ਸੂਬਿਆਂ ਵਿੱਚ ਪੀੜਤ ਔਰਤਾਂ ਲਈ ਵੱਖਰੇ ਕੈਂਪ ਲਾਉਣ ਦੀ ਲੋੜ ਵੀ ਪਈ । ਇਹ ਸਭ ਕਾਫ਼ੀ ਨਿਰਾਸ਼ਾਜਨਕ ਹੈ ਜੋ ਸਮਾਜ ਨੂੰ ਸਨੱਖਾ ਬਣਾਈ ਰੱਖਣ ਲਈ ਵੱਡੀ ਚੁਣੌਤੀ ਵਾਂਗ ਹੈ।
ਬੀਬੀਸੀ ਦੇ ਇੱਕ ਲੇਖ ਮੁਤਾਬਿਕ ਮਾਨਸਿਕ ਤਨਾਉ ਛਾਤੀ ਤੇ ਬੈਠੀ ਭਾਰੀ ਬਿੱਲੀ ਵਾਂਗ ਹੈ ਜੋ ਸਾਹ ਤੱਕ ਰੋਕ ਰਹੀ ਹੈ। ਜਿਵੇਂ ਕਿ ਇਸ ਦੌਰਾਨ ਕਈ ਮਾਨਸਿਕ ਬਦਲਾਅ ਹੋਏ ਹਨ। ਕੋਈ ਆਪਣੇ ਸੁਭਾਅ ਦੇ ਉਲਟ ਵੱਧ ਚੁੱਪ ਰਹਿਣ ਲੱਗੇ ਜਾਂ ਵੱਧ ਬੋਲਣ ਲੱਗੇ , ਬਿਨਾ ਕਾਰਨ ਰੋਵੇ , ਇਕੱਲਾ ਰਹੇ , ਵੱਧ ਖਾਣਾ ਜਾਂ ਬਿਲਕੁਲ ਘੱਟ ਖਾਣਾ ਆਦਿ ਮਾਨਸਿਕ ਤਨਾਅ ਦੇ ਮੁੱਢਲੇ ਲੱਛਣ ਹਨ। ਸਿਪਲਾ ਵਰਗੀ ਕੰਪਨੀ ਨੇ ਵਿਸ਼ਵ ਸਿਹਤ ਸੰਸਥਾ ਦੀਆਂ ਪੈੜਾਂ ਤੇ ਚਲਦਿਆਂ ਕੁਝ ਸੁਝਾਅ ਦਿੱਤੇ ਹਨ ਜੋ ਮਾਨਸਿਕ ਸਿਹਤ ਬਰਕਰਾਰ ਰੱਖਣ ਲਈ ਜ਼ਰੂਰੀ ਹਨ।
ਆਪਣੇ ਹਰ ਰੋਜ਼ ਦੇ ਕੰਮ ਕਰਦਿਆਂ ਖਿਆਲ ਰੱਖੋ ਕਿ ਵਿਚਾਰ ਸਕਾਰਾਤਮਕ ਬਣੇ ਰਹਿਣ , ਸੰਗੀਤ ਨਾਲ ਜੁੱੜੇ ਰਹੋ । ਮੀਡੀਆ ਜਾਂ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋ ਦੂਰੀ ਬਣਾ ਕੇ ਰੱਖੋ। ਨਕਾਰਾਤਮਿਕ ਲੋਕਾਂ ਅਤੇ ਖਿਆਲਾਂ ਤੋ ਦੂਰ ਰਹੋ। ਜੋ ਖਿਆਲ ਜਾਂ ਖ਼ਬਰ ਪਰੇਸ਼ਾਨ ਕਰਦੇ ਹੋਣ , ਉਨਾਂ ਤੋ ਦੂਰੀ ਬਣਾ ਲਓ । ਉਨਾਂ ਗੱਲਾਂ ਵਲ ਧਿਆਨ ਦਿਓ ਜੋ ਤੁਹਾਡੇ ਵੱਸ ਵਿੱਚ ਹਨ, ਜਿੱਥੇ ਕੰਟਰੋਲ ਨਹੀ ਦੂਰੀ ਬਣਾ ਲਵੋ । ਅਜਿਹੇ ਕੰਮ ਲੱਭੋ ਜਿੱਥੇ ਤੁਸੀ ਰੁੱਝੇ ਰਹਿ ਸਕੋ , ਨਵੇਂ ਵਿਚਾਰ ਤੇ ਤਜਰਬੇ ਕਰੋ।
ਆਪਣੇ ਪਿਆਰਿਆਂ ਨਾਲ ਤਕਨਾਲੋਜੀ ਜਰੀਏ ਜੁੜੇ ਰਹੋ। ਜੇ ਤੁਸੀ ਪਹਿਲਾਂ ਤੋ ਕੋਈ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੇ ਦੱਸੇ ਮੁਤਾਬਿਕ ਲਗਾਤਾਰ ਲੈਂਦੇ ਰਹੋ। ਆਪਣੇ ਖਾਣੇ ਅਤੇ ਨੀਂਦ ਦਾ ਖਿਆਲ ਰੱਖੋ , ਦੋਵਾਂ ਵਿੱਚੋਂ ਕੁਝ ਵੀ ਵੱਧ ਜਾਂ ਘੱਟ ਤੁਹਾਨੂੰ ਡਿਪਰੈਸ਼ਨ ਵੱਲ ਲਿਜਾ ਸਕਦਾ ਹੈ। ਕੁਦਰਤ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ, ਚੰਗਾ ਸਾਹਿਤ ਪੜੋ । ਜਿਵੇਂ ਕਿ ਅਸੀਂ ਦੇਖ ਰਹੇ ਹਾਂ ਵਿਹਲੇ ਹੋਣ ਕਰਕੇ ਬਹੁਤਾਤ ਲੋਕ ਨਵੇਂ ਵਿਅੰਜਨ ਬਣਾ ਰਹੇ , ਜਿੰਨ੍ਹਾਂ ਵਿੱਚ ਬਹੁਤੇ ਤਲੇ ਤੇ ਭਾਰੇ ਖਾਣੇ ਹਨ , ਇਹ ਭੋਜਨ ਵੱਧ ਖਾਣਾ ਡਿਪਰੈਸ਼ਨ ਵੱਲ ਵਧਣਾ ਹੈ, ਤਾਜਾ ਤੇ ਪੌਸ਼ਟਿਕ ਭੋਜਨ ਖਾਓ । ਆਪਣੇ ਖਿਆਲ ਤੇ ਜਜ਼ਬਾਤ ਲਿਖਦੇ ਰਹੋ । ਕਸਰਤ ਤੇ ਮੈਡੀਟੇਸ਼ਨ ਕਰਦੇ ਰਹੋ।
ਕਿਸੇ ਹੋਰ ਤੋ ਉਮੀਦ ਛੱਡ ਕੇ ਆਪਣੇ ਆਪ ਖ਼ੁਸ਼ੀ ਦੀ ਤਲਾਸ਼ ਕਰੋ।ਇਸ ਸਮੇਂ ਵਿੱਚ ਮਾਨਸਿਕ ਤਨਾਅ ਤੋ ਬਚਣਾ ਹੀ ਮਾਨਸਿਕ ਸਿਹਤ ਵੱਲ ਵਧਣਾ ਹੈ।

 

Total Views: 258 ,
Real Estate