ਵੱਡੀ ਲਾਪ੍ਰਵਾਹੀ : ਜਲੰਧਰ ਸਿਵਲ ਹਸਪਤਾਲ ‘ਚੋਂ ਦੋ ਕੋਰੋਨਾ ਪਾਜੇਟਿਵ ਮਰੀਜਾਂ ਨੂੰ ਹੀ ਦੇ ਦਿੱਤੀ ਛੁੱਟੀ

ਚੰਡੀਗੜ, 30 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸਿਵਲ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਲਾਪ੍ਰਵਾਹੀ ਦਾ ਇੱਕ ਵੱਡਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਕੋਰੋਨਾ ਪਾਜਿਟਿਵ ਦੋ ਮਰੀਜਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ, ਇਥੋਂ ਤੱਕ ਕਿ ਇੱਕ ਮਰੀਜ ਦਾ ਤਾਂ ਇਲਾਕੇ ਦੇ ਲੋਕਾਂ ਵੱਲੋਂ ਫੁੱਲ ਬਰਸਾ ਕੇ ਸਵਾਗਤ ਵੀ ਕੀਤਾ ਗਿਆ। ਹੋਇਆ ਇਹ ਕਿ ਮੰਗਲਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਚੋਂ ਕੋਰੋਨਾ ਦੇ ਤਿੰਨ ਮਰੀਜਾਂ ਨੂੰ ਛੁੱਟੀ ਦਿੱਤੀ ਗਈ ਸੀ। ਉਸ ਸਮੇਂ ਹਸਪਤਾਲ ਵਿੱਚ ਤਾਇਨਾਤ ਇੱਕ ਸੀਨੀਅਰ ਡਾਕਟਰ ਨੇ ਦੋ ਮਰੀਜਾਂ ਦੀ ਪੁਰਾਣੀ ਨੈਗੇਟਿਵ ਰਿਪੋਰਟ ਦੇਖ ਕੇ ਹੀ ਉਹਨਾਂ ਦੀ ਛੁੱਟੀ ਕਰ ਦਿੱਤੀ, ਜਦੋਂਕਿ ਬਾਅਦ ਵਿੱਚ ਪਤਾ ਚੱਲਿਆ ਕਿ ਇਹਨਾਂ ਦੋਵਾਂ ਮਰੀਜਾਂ ਦੀ ਤਾਜੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਇਸ ‘ਤੇ ਸਿਵਲ ਹਸਪਤਾਲ ਪ੍ਰਸਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਆਨਨ ਫਾਨਨ ਮਰੀਜਾਂ ਦੀ ਤਲਾਸ਼ ਸੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਕ ਮਰੀਜ ਤਾਂ ਆਪਣੇ ਪਿੰਡ ਚਲਾ ਗਿਆ ਹੈ ਅਤੇ ਇਲਾਕੇ ਲੋਕਾਂ ਵੱਲੋਂ ਉਸ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ, ਜਦਕਿ ਦੂਸਰਾ ਮਰੀਜ ਹਸਪਤਾਲ ਅੰਦਰ ਹੀ ਸੌ ਗਿਆ ਸੀ, ਕਿਉਂਕਿ ਉਸਦੀ ਲੜਕੀ ਵੀ ਕੋਰੋਨਾ ਪਾਜੇਟਿਵ ਹੋਣ ਕਰਕੇ ਇਥੇ ਦਾਖਲ ਸੀ। ਇਹ ਪਤਾ ਲੱਗਿਆ ਹੈ ਕਿ ਪਿੰਡ ਗਏ ਮਰੀਜ ਦੇ ਸੰਪਰਕ ਵਿੱਚ ਕਈ ਲੋਕ ਆ ਗਏ ਹਨ, ਜਦਕਿ ਡਾਕਟਰਾਂ ਦੀ ਟੀਮ ਵੱਲੋਂ ਵੀ ਬਿਨਾਂ ਪੀਪੀਈ ਕਿਟ ਪਹਿਨਿਆਂ ਇਹਨਾਂ ਦੋਵਾਂ ਮਰੀਜਾਂ ਨਾਲ ਮੁਲਾਕਾਤ ਕੀਤੀ ਗਈ ਸੀ। ਪਿੰਡ ਗਏ ਮਰੀਜ ਨੂੰ ਤੁਰੰਤ ਵਾਪਸ ਬੁਲਾਇਆ ਗਿਆ ਤਾਂ ਉਹ ਖੁਦ ਹੀ ਮੋਟਰਸਾਇਕਲ ਚਲਾਕੇ ਹਸਪਤਾਲ ਪੁਹੰਚਿਆ ਅਤੇ ਇਸ ਉਪਰੰਤ ਦੋਵਾਂ ਮਰੀਜਾਂ ਨੂੰ ਦੁਬਾਰਾ ਦਾਖਲ ਕਰ ਲਿਆ ਗਿਆ। ਜਿਕਰਯੋਗ ਹੈ ਕਿ ਅਜੇ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੀ ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਦੀ ਵੀਡੀਓ ਕਾਲ ਕਰਕੇ ਪਿੱਠ ਥਾਪੜੀ ਗਈ ਸੀ ਅਤੇ ਕੁਝ ਸਮੇਂ ਬਾਅਦ ਹੀ ਜਲੰਧਰ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਇਹ ਵੱਡੀ ਲਾਪ੍ਰਵਾਹੀ ਸਾਹਮਣੇ ਆ ਗਈ।

Total Views: 205 ,
Real Estate