ਸਫਰ ਦੀ ਯਾਦ ਜਾਂ ਯਾਦਾਂ ਦਾ ਸਫ਼ਰ

Sukhnaib Sidhuਸੁਖਨੈਬ ਸਿੰਘ ਸਿੱਧੂ

ਯਾਤਰਾ ਤਾਂ ਹਰੇਕ ਈ ਕਰਦਾ । ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ । ਚੰਨ, ਧਰਤੀ , ਸੂਰਜ, ਤਾਰੇ , ਦਰਿਆ , ਪਹਾੜ , ਨਦੀਆਂ ਨਾਲੇ , ਸਾਰੇ ਤੁਰਨ ਵਿਚਾਰੇ । ਤੋਰ ਅੱਡ ਅੱਡ ਹੁੰਦੀ, ਤੋਰ ਪਛਾਣਨ ਵਾਲੀ ਨਜ਼ਰ ਅੱਡ ਹੁੰਦੀ । ਘੜੀ ਦੀਆਂ ਸੂਈਆਂ ਤੋਂ ਲੈ ਕੇ ਘੜੇ ਦੇ ਪਾਣੀ ਤੱਕ ਸਫ਼ਰ ਹੀ ਤਾਂ ਕਰਦੇ ਨੇ । ਮਿੱਟੀ ਦਾ ਸਫ਼ਰ ਨਹੀਂ ਮੁੱਕਦਾ , ਮਿੱਟੀ- ਕਦੇ ਕਦਮਾਂ ਨਾਲ ਲੱਗ ਧੂੜ ਬਣੀ ਅਸਮਾਨੀ ਚੜ ਕੇ ਗਰਦ-ਗੁਬਾਰ ਬਣੀ ਫਿਰਦੀ ਕਦੇ ਮਿੱਟੀ ਘੁਮਿਆਰਾਂ ਦੀ ਆਵੀਂ ਥਾਣੀ ਲੰਘ ਕੇ ਭਾਂਡਾ ਬਣ ਜਾਂਦੀ । ਜਿਹੜਾ ਘੜਿਆ ਉਹਨੇ ਟੁੱਟਣਾ ਵੀ । ਮਾੜੀ ਘੜੀ ਵੇਲੇ ਚੌਂਕ ਚ ਘੜੀ ਭੰਨੀ ਜਾਂਦੀ ਹੈ ਅਤੇ ਖੁਸ਼ੀ ਦੇ ਵੇਲੇ ਮਾਮੇ , ਭਾਣਜੇ-ਭਾਣਜੀਆਂ ਨੂੰ ਪਟੜਿਓ ਲਾਹੁੰਦੇ ਠੁੱਠੀਆਂ ਭੰਨ ਦਿੰਦੇ । ਫੁੱਟੇ ਘੜੇ ਦਾ ਠੀਕਰਾ ਅਸੀਂ ਕਿਸੇ ਹੋਰ ਦੇ ਸਿਰ ਵੀ ਭੁੰਨਦੇ , ਠੀਕਰੀਆਂ ਇੱਲਤੀ ਜਵਾਕਾਂ ਦੇ ਕੰਮ ਆਉਂਦੀਆਂ , ਨਹਿਰਾਂ ਛੱਪੜਾਂ ‘ਚ ਤਾਰੀਆਂ ਲਾਉਂਦੀਆਂ ।
ਵੇਲਾ ਬਦਲ ਜਾਂਦਾ , ਰਸਮਾਂ ਰਿਵਾਜਾ ਦੇ ਰੰਗ ਢੰਗ ਬਦਲ ਜਾਂਦੇ ਹਨ ਯਾਤਰਾ ਦੇ ਮੁਕਾਮ ਨਹੀਂ ਬਦਲਦੇ । ਅਲੂਏ ਬੱਚਿਆਂ ਦੇ ਮੁੰਹ ਤੇ ਜਦੋਂ ‘ਵਾਲ ਯਾਤਰਾ’ ਆਰੰਭ ਤਾਂ ਜਵਾਨੀ ਦਾ ਸੰਕੇਤ ਹੁੰਦੇ। ਮੁੱਸਫੁੱਟ ਗੱਭਰੂ ਦਾ ਰਿਸ਼ਤਾ ਇਸੇ ਯਾਤਰਾ ‘ਚੋਂ ਨਿਕਲਦਾ। ਰਿਸ਼ਤਾ ਮਗਰੋਂ ਵਿਆਹ ਹੋਵੇ ਤਾਂ ਸ਼ਰੀਕੇ ਕਬੀਲੇ ਦੇ ਲੋਕ ਬਰਾਤੀ ਬਣ ਕੇ ਯਾਤਰਾ ਕਰਦੇ । ਖੇਤਾਂ ‘ਚ ਬੀਜਿਆ ਕਮਾਦ , ਗੁੜ ਤੋਂ ਰੂੜੀ- ਮਾਰਕਾ ਤੱਕ ਸਫ਼ਰ ਤਹਿ ਕਰਕੇ ਵਾਇਆ ਗਿਲਾਸ ਹੋ ਕੇ ਕਈਆਂ ਨੂੰ ਸਰੂਰ ਦੇ ਜਾਂਦਾ ਕਈਆਂ ਨੂੰ ਗਰੂਰ । ਆਂਡਿਆਂ ‘ਚ ਨਿਕਲੇ ਚੂਚੇ ਜਦੋਂ ਬਾਗਾਂ ਦੇਣੇ ਕੁੱਕੜ ਬਣਨ ਲੱਗਦੇ ਉਹਨਾ ਦੀ ਅੰਤਿਮ ਯਾਤਰਾ ਪਤੀਲੇ ‘ਚ ਹੁੰਦੀ । ਅਸੀਂ ਸਾਰੀ ਉਮਰ ਨਾਂਮ ਬਣਾਉਣ ਦੇ ਚੱਕਰ ‘ਚ ਰਹਿੰਦੇ ਕੁੱਕੜਾਂ ਦਾ ਨਾਂਮ ਹੀ ਮਰਨ ਤੋਂ ਬਾਅਦ ਬਣਦਾ ‘ ਲੈਮਨ ਚਿਕਨ, ਬਟਰ ਚਿਕਨ, ਰੋਸਟਡ ਚਿੱਕਨ, ਚਿਕਨ ਅਫਗਾਨੀ । ਲੋਕਾਂ ਦੀ ਹਾਜ਼ਰੀ ਵਿਆਹ ਹੁੰਦਾ। ਦੋ ਸ਼ਰੀਰਾਂ ਦੇ ਮੇਲ ਤੋਂ ਮਨੁੱਖਤਾ ਸਫ਼ਰ ਕਰਦੀ । ਬਾਪ ਦੇ ਕਣ ਮਾਂ ਦੇ ਗਰਭ ਦੇ ਯਾਤਰੀ ਹੁੰਦੇ ਤਾਂ ਫਿਰ ਨਵਾਂ ਰੂਪ ਲੈ ਕੇ ਪ੍ਰਗਟ ਹੁੰਦਾ । ਬਚਪਨ , ਜਵਾਨੀ ਅਤੇ ਬੁਢਾਪਾ ਯਾਤਰਾ ਦੇ ਤਿੰਨ ਪੜਾਅ । ਕਿਸੇ ਦਾ ਆਖਰੀ ਅੱਡਾ ਪਹਿਲਾਂ ਆ ਜਾਂਦਾ , ਕਈ ਖੜ੍ਹੇ ਮਿੰਨੀ ਬੱਸ ਦੀ ਤਾਕੀ ‘ਚ ਲਮਕੇ ਹੁੰਦੇ ਪਰ ਉਤਰਨਾ ਅਖੀਰ ‘ਚ ਹੁੰਦਾ ।

ਸਾਡੇ ਪਰਿਵਾਰ ਵਿੱਚੋਂ ਕੋਈ ਵਿਦੇਸ਼ ਨਹੀਂ ਗਿਆ ਨਹੀਂ। ਪ੍ਰਦੇਸ ਵੀ ਮੇਰੇ ਦਾਦੇ ਦੇ ਚਾਚਿਆਂ ਜਾਂ ਬਾਪ ਫੁੱਲ ਪਾਉਣ ਵੇਲੇ ਕੋਈ ਹਰਿਦੁਆਰ ਗਿਆ ਹੋਣਾ । ਦਾਦਾ ਮੇਰਾ ਕੱਲਾ ਤੇ ਇੱਕ ਭੈਣ ਸੀ। ਅੱਠ ਜਵਾਕ- 6 ਧੀਆਂ ਦੋ ਪੁੱਤ । ਉਹ ਮਿਹਨਤੀ ਜੱਟ ਸੀ । ਉਹਨੇ ਵੀ ਆਪਣੀ ਯਾਤਰਾ ਸਾਡੇ ਚਾਰੇ ਖੇਤਾਂ ਕਦੇ ਢੇਲਵੇ ਕਦੇ ਦੀਪੇਆਣੇ ਕਦੇ ਭੈਣੀ ਜਾਂ ਚੂੜਿਆਂਵਾਲੀ ਖੇਤਾਂ ‘ਚ ਘੋੜੀ ਤੇ ਗੇੜੇ ਮਾਰਦੇ ਲੰਘਾਈ ਸੀ । ਛੋਟੀ ਉਮਰ ‘ਚ ਹਾਲੀ ਬਣਨ ਕਰਕੇ ਬਾਕੀ ਹਾਲੀਆਂ ਵਾਂਗੂੰ ਉਹਦੇ ਗੋਡੇ ਛੇਤੀ ਵੰਗੇ ਹੋ ਗਏ ਸੀ , ਤੁਰਿਆ ਨਈਂ ਜਾਂਦਾ ਸੀ ਇਸ ਕਰਕੇ ‘ਘੋੜੀ ਆਲ੍ਹਾ ਬਾਬਾ’ ਖੇਤਾਂ ‘ਚ ਘੋੜੀ ਤੇ ਜਾਂਦਾ । 1982-83 ਦੀ ਗੱਲ ਹੋਣੀ ਮੇਰਾ ਚਾਚਾ ਪਿੰਡੋਂ ਇੱਕ ਹੋਰ ਮੁੰਡੇ ‘ਲਾਲੂ ਕੇ ਰਾਜ’ ਨਾਲ ਬੰਬੇ ਦੀ ਗੱਡੀ ਚੜ ਗਿਆ । ਲਾਲੂ ਕਾ ਰਾਜ ਦਾ ਘਰੋਂ ਲੜ ਕੇ ਗਿਆ ਸੀ , ਮੇਰਾ ਚਾਚਾ ਟਰੱਕ ਡਰਾਈਵਰ ਬਣਨ ਦੇ ਚੱਕਰ ਨਾਲ ਤੁਰ ਪਿਆ । ਕਈ ਦਿਨ ਡੀਕ – ਡੂਕ ਕੇ ਮੇਰੇ ਦਾਦੇ ਬਚਨ ਸਿੰਘ ਨੇ ਮੇਰੇ ਫੁੱਫੜ ਨੂੰ ਨਾਲ ਲਿਆ । ਖੋਏ ਦੀਆਂ ਪੁੰਨੀਆਂ ਦਾ ਪੀਪੀ , ਮੱਠੀਆਂ ਤੋਂ ਬਿਨਾ ਵਾਅਵਾ ਸਾਰੇ ਪਰੌਂਠੇ ਬੰਨ ਕੇ ਡੱਬੀਆਂ ਆਲ੍ਹੇ ਮੂਕੇ ਦੇ ਲੜ — ਜਾ ਫੜੀ ਬੰਬੇ ਆਲੀ ਗੱਡੀ, ਨਾਲ ਮੇਰਾ ਜਿਉਣ ਸਿਹੁੰ ਵਾਲਾ ਫੁੱਫੜ ਸੁਖਵਿੰਦਰ ਸੀ। ਧਰਮਿੰਦਰ ਕਿਆਂ ਨੂੰ ਤਾਂ ਮੈਂ ਹੁਣ ਵੀ ਨਈਂ ਜਾਣਦਾ, ਮੇਰਾ ਦਾਦਾ ਤਾਂ ਹਲਵਾਹ ਸੀ ਉਹਦੀ ਜਾਣ ਪਛਾਣ ਸੀ । ਪਰ ਸਾਡੇ ਅਗਵਾੜ ਵਿੱਚੋਂ ਹਮੀਰ ਸਿੰਘ ਜੀਹਨੂੰ ਪਿੰਡ ‘ਚ ‘ਡੱਬੀ-ਪੂਸੀ’ ਆਖਦੇ ਸੀ , ਉਹ ਬੰਬੇ ‘ਚ ਡਰਾਈਵਰ ਸੀ, ਮੇਰਾ ਚਾਚਾ ਤੇ ਰਾਜ ਵੀ ਉਹਦੇ ਕੋਲ ਈ ਗਏ ਸੀ । ਮੇਰੇ ਦਾਦੇ ਵਰਗਿਆਂ ਨੇ ਹਮੀਰੇ ਦਾ ਪਤਾ -ਟਿਕਾਣਾ ਲਿਖ ਕੇ ਪੈਸਿਆਂ ਵਾਲੇ ਰੁਮਾਲ ਨਾਲ ਸੱਤ ਗੰਢਾਂ ਮਾਰ ਕੇ ਬੰਨ ਲਿਆ , ਉਦੋਂ ਕਿਹੜਾ ਸਮਰਾਟ ਫੋਨ ਸੀ ਵਈ ਲੋਕੋਸ਼ਨ ਭੇਜ ਦਿੰਦੇ । ਬੰਬੇ ‘ਚ ਇੱਕ ਟਰੱਕ ਡਰਾਈਵਰ ਦਾ ਘਰ ਕਿਹੋ ਜਿਹਾ ਹੋ ਸਕਦਾ ਇਹ ਤਾਂ ਆਪਾਂ ਅੱਜ ਵੀ ਸੋਚ ਸਕਦੇ ਪਰ ਜਦੋਂ ਜਾ ਕੇ ਪੂਹਲੇ ਵਾਲਿਆਂ ਨੇ ਝੋਲਾ ਧਰਿਆ , ਹਮੀਰੇ ਦੀ ਮਹਾਰਾਸ਼ਟਰਨ ਪਤਨੀ ਨੂੰ ਜਿਵੇਂ ਚਾਅ ਚੜ੍ਹ ਗਿਆ । ਕਹਿੰਦੇ ਬਹੁਤ ਸੇਵਾ ਕੀਤੀ । ਛੋਟੇ ਜਿਹੇ ਘਰ ‘ਚ 4 -5 ਜੀਅ ਉਹ ਆਪ ਸੀ । ਦਾਦਾ ਕਹਿੰਦਾ ਹੁੰਦਾ , ‘ ਸ਼ੇਰਾ , ਹਮੀਰੇ ਕਾ ਟੱਬਰ ਭੁੱਜੇ ਸੌਂਦਾ , ਸਾਨੂੰ ਮੰਜਿਆਂ ‘ਤੇ ਪਾਉਂਦੇ ।’ ਖੈਰ ਥੋੜੇ ਦਿਨਾਂ ਬਾਅਦ ਚਾਚੇ ਚਰਨੀ ਨੂੰ ਉਹ ਪਿੰਡ ਲੈ ਆਏ ਸੀ ।
ਦਾਦਾ ਮਰਨੀ ਮਰ ਗਿਆ ਜਦੋਂ ਕਿਤੇ ਗੁੱਸਾ ਮਸਾਲਾ ਹੋਣਾ ਉਦੋਂ ਈ ਕਹਿ ਦਿੰਦਾ , ਆ ਚਰਨੇ ਨੂੰ ਮੈਂ ਬੰਬੇ ਤੋਂ ਲੈ ਕੇ ਆਇਆ ਸੀ ।
ਚਾਚਾ ਮੇਰਾ ਅੱਜ ਤੱਕ ਆਖੀ ਜਾਂਦਾ ਜੇ ਮੈਨੂੰ ਨਾ ਲੈ ਕੇ ਆਉਂਦੇ ਵਧੀਆ ਹੋਣਾ ਸੀ , ਟਰੱਕ ਚਲਾਉਣ ਮੈਂ ਲੱਗ ਗਿਆ ਸੀ ।
ਘਰ ਇਹ ਸਾਡੇ ਪਰਿਵਾਰ ਦੀ ਮੈਂਬਰਾਂ ਦੀ ਪਹਿਲੀ ਪਰਦੇਸ਼ ਯਾਤਰਾ ਸੀ ।
ਊਂ , ਘਰੇ ਤਾਂ ਮੇਰਾ ਬਾਪੂ ਵੀ ਨਈਂ ਟਿਕਦਾ ਸੀ । ਉਹ ਰਾਜਸਥਾਨ ਅਤੇ ਯੂਪੀ ਆਦਿ ਗਿਆ ਹੋਣਾ । ਹੁਣ ਕਿਤੇ ਜਾਂਦਾ ਨਈਂ ਜਿੰਨੀ ਦੇਰ ਪੰਥ ਖਤਰਾ ਨਾ ਲੱਗਿਆ।

Total Views: 95 ,
Real Estate