ਇਕ ਵਕ਼ਤ ਸੀ : ਰੁਪਿੰਦਰ ਸੰਧੂ

Rupinder sandhuਰੁਪਿੰਦਰ ਸੰਧੂ
ਜਦੋਂ ਦੋਵੇਂ ਬਾਹਾਂ ਉਲਾਰ ਕੇ ਆਕੜਾਂ ਲੈਂਦੇ ਉਠਿਆ ਕਰਦੇ ਸੀ,
ਦੁਨੀਆਂ ਦੀ ਸਭ ਤੋਂ ਸੋਹਣੀ ਮੇਰੀ ਮੁਸਕਾਨ ਦਾ ਖਿਤਾਬ ਮਿਲਦਾ ਸੀ ਮਾਂ ਕੋਲੋਂ,
ਮੰਜੇ ਤੇ ਬੈਠੇ ਬੈਠੇ ਦੁੱਧ ਦਾ ਗਲਾਸ ਹੱਥਾਂ ਵਿਚ ਆ ਜਾਂਦਾ  ਸੀ,
ਦੁੱਧ ਸੜ੍ਹਾਕ  ਕੇ ਫਿਰ ਲੇਟੇ ਮਾਰਨ ਲਗ ਜਾਈਦਾ ਸੀ,
ਮਾਂ ਦੀਆਂ ਪਿਆਰ ਭਰੀਆਂ ਗਾਲਾਂ ਖਾ ਕੇ ਉਠਣ ਦਾ ਜੋ ਸਵਾਦ ਸੀ;ਨਜ਼ਾਰਾ ਸੀ …..
ਬਾਪੂ ਦੇ ਨਾਲ ਸਕੂਲੇ ਜਾਣਾ,ਸਹੇਲੀਆਂ  ਨਾਲ ਮਸਤੀ ਕਰਨੀ,
ਮਾਸਟਰਾਂ /ਮਾਸਟਰਨੀਆਂ ਦੀਆਂ ਝਿੜਕਾਂ ਦਾ ਜੋ ਸਵਾਦ ਸੀ;ਸਵਾਦਲਾ ਸੀ …….
ਮਾਂ ਤੋਂ ਚੋਰੀ ਦਾਦੀ ਦੇ ਖੀਸੇ ਚੋਂ ਪੈਸੇ ਲੈ ਜਾਣੇ,
ਦੋ ਮਿੱਠੀਆਂ ਮਾਰ ਕੇ ਦਾਦੀ ਨੂੰ ਬੇਬੇ ਨੂੰ ਨਾ ਦੱਸਣ ਦੀ ਪੱਕੀ ਵੀ ਕਰ ਜਾਣੀ,
ਦਾਦੀ ਦਾ ਪਿਆਰ ਭਰੇ  ਧੱਫੇ ਦਾ ਜੋ ਸਵਾਦ ਸੀ;ਪਿਆਰਾ ਸੀ …..
ਹੁਣ ਤਾਂ ਬੜਾ ਕੁਝ ਬਦਲ ਗਿਆ ਹੈ,
ਨਾ ਦਾਦੀ ਦਾ ਪਿਆਰ ਰਿਹਾ;ਨਾ ਮਾਂ ਦੀਆਂ ਝਿੜਕਾਂ;ਨਾ ਬਾਪੂ ਦਾ ਸਾਥ,
ਹੁਣ ਤਾ ਉਂਗਲਾਂ ਦੇ ਪੋਟਿਆਂ ਦੀਆਂ ਲਕੀਰਾਂ ਵੀ ਚੌੜੀਆਂ ਹੋ ਗਈਆਂ ਨੇ,
ਨਿੱਕੇ ਕੋਮਲ ਹੱਥ ਹੁਣ ਸਖ਼ਤ ਹੋ ਗਏ ਨੇ,
ਜਿਵੇਂ ਜ਼ਿੰਦਗੀ ਦਾ ਸਾਰਾ ਬੋਝ ਇਹਨਾਂ ਨੇ ਹੀ ਸਿਰਫ ਚੁਕਿਆ ਸੀ,
ਹੁਣ ਤਾ ਜੇਬ ਵਿਚ ਪੈਸੇ ਹੁੰਦੇ ਨੇ ,
ਫਿਰ ਵੀ ਸੰਤਰਿਆਂ ਦੀ ਰੇੜੀ ਦੇਖ ਕੇ ਵੀ ਨਹੀ ਦਿਖਦੀ,
ਕਦੇ ਇਸੇ ਰੇੜੀ ਦੇ ਸੰਤਰਿਆਂ ਲਈ ਘਰੇ ਰੌਲਾ ਪੈਦਾ ਸੀ …….
ਹੁਣ ਤਾਂ ਆਕੜਾਂ ਵੀ ਨਹੀ ਆਉਂਦੀਆਂ,
ਖਵਰੇ ਬਾਹਾਂ ਨੂੰ ਕੀ ਹੋ ਗਿਆ ….
ਬੇਬੇ ਨਹੀਂ ਰਹੀ ਤਾਂ ਹੁਣ ਮੇਰੀ ਮੁਸਕਾਨ ਵੀ
ਕਿਸੇ ਨੂੰ ਵੀ ਦੁਨਿਆ ਦੀ ਸਭ ਤੋਂ ਸੋਹਣੀ ਮੁਸਕਾਨ ਨਹੀਂ ਲਗਦੀ …….
ਇਕ ਵਕ਼ਤ ਸੀ ਜਦੋਂ ਅਸੀਂ ਬਿਨਾਂ ਸਲਤਨਤ ਦੇ ਬਾਦਸ਼ਾਹ ਸੀ,
ਜੋ ਬਿਨਾਂ ਲਸ਼੍ਕਰ ਦੇ ਵੀ ਸਭ ਦੇ ਦਿਲਾਂ ਤੇ ਰਾਜ਼ ਕਰਦਾ ਸੀ …….
ਹੁਣ ਆਪੂੰ ਬਣਾਈ ਸਲਤਨਤ ਦੇ ਫ਼ਕੀਰ ਮਹਿਸੂਸ ਕਰਦੇ ਹਾਂ……..
ਓਹ ਵਕ਼ਤ ਵੀ ਕੀ ਵਕ਼ਤ ਸੀ !!!
ਇਹ ਵਕ਼ਤ ਵੀ ਕੀ ਵਕ਼ਤ ਹੈ ??
ਕਾਸ਼ ਮੈਂ ਬੱਚੀ  ਬਣ ਸਕਦੀ !!!
ਕਾਸ਼ ਓਹ ਵਕ਼ਤ ਮੁੜ ਆਵੇ !!!
ਕਾਸ਼ ਓਹ ਵਕ਼ਤ ਮੁੜ ਆਵੇ !!
Total Views: 109 ,
Real Estate