ਇੱਕ ਸਦੀਵੀ ਪਲ – ਤ੍ਰਿਪਤਾ ਕੇ ਸਿੰਘ

ਤ੍ਰਿਪਤਾ ਕੇ ਸਿੰਘ

ਮੰਮੀ ਘਰ ਦੇ ਨੇੜਲੀ ਮਾਰਕੀਟ ਵਿਚੋਂ ਸਬਜੀ ਲੈਣ ਗਏ ਹੋਏ ਨੇ। ਪਾਪਾ ਵਾਰ-ਵਾਰ ਘੜੀ ਵੱਲ ਦੇਖ ਰਹੇ ਨੇ।

” ਸੁਖਮਨ ਬੇਟੇ ਆਈ ਨੀ ਤੇਰੀ ਮੰਮੀ ਅਜੇ?

”ਨਹੀ ਪਾਪਾ ਜੀ, ਅਜੇ ਨਹੀ ਆਏ”

” ਹਾਅ ਤਾਂ ਬਜਾਰ ਆ, ਸਬਜੀ ਲੈਣ ਨੂੰ ਘੰਟਾ ਲੱਗਦਾ ਕੋਈ। ਪਤਾ ਨਹੀ ਰੇਹੜੀ ਵਾਲੇ ਨਾਲ ਕੀ ਕਹਾਣੀਆਂ ਪਾ ਕੇ ਬਹਿ ਗਈ ਹੈ। ਸੋ ਵਾਰੀ ਕਿਹਾ ਕਿ ਇਨ੍ਹਾਂ ਛੋਟੇ ਮੋਟੇ ਦੁਕਾਨਦਾਰਾਂ ਨਾਲ ਬਾਰਗੇਨਿੰਗ ਨਾ ਕਰਿਆ ਕਰ, ਪਰ ਕਿੱਥੇ ” ਪਾਪਾ ਦੀ ਬੇਮਤਲਬੀ ਖਿਝ ਤੇ ਬੇਚੈਨੀ ਉਨ੍ਹਾਂ ਦੇ ਚਿਹਰੇ ਤੇ ਸਾਫ ਵਿਖਾਈ ਦੇ ਰਹੀ ਹੈ।

ਫਿਰ ਉਸੇ ਹੀ ਬੇਚੈਨੀ ਨਾਲ ਪਾਪਾ ਗੇਟ ਵਲ੍ਹ ਵੇਖਦੇ ਹਨ, ਤਾਂ ਮੰਮੀ ਅੰਦਰ ਦਾਖਿਲ ਹੋ ਰਹੇ ਆ। ਇਕ ਹੱਥ ਵਿੱਚ ਸਬਜੀ ਦਾ ਥੈਲਾ ਫੜੀ ਮੰਮੀ ਅਡੋਲ ਤੁਰੇ ਆ ਰਹੇ ਨੇ। ਪਾਪਾ ਮੰਮੀ ਨੂੰ ਬੜੀ ਗਹੁ ਨਾਲ ਤੱਕਦੇ ਹਨ, ਪਰ ਬੋਲਦੇ ਕੁਝ ਵੀ ਨਹੀ। ਮੰਮੀ ਰਸੋਈ ‘ਚ ਜਾ ਕੇ ਚੁੱਪ ਚਾਪ ਕੰਮ ਕਰਨ ਲੱਗਦੇ ਹਨ, ਤੇ ਪਾਪਾ ਅਖਬਾਰ ਦੇ ਪੰਨੇ ਪਲਟ ਰਹੇ ਹਨ।  ਉਨ੍ਹਾਂ ਦੀ ਬੇਚੈਨੀ ਮੈਨੂੰ ਅਖਬਾਰ ਦੇ ਉਹਲੇ ਪਿੱਛੇ ਵੀ ਮਹਿਸੂਸ ਹੋ ਰਹੀ ਹੈ।

ਮੈਂ ਚੁਪਚਾਪ ਆਪਣੇ ਕਮਰੇ ‘ਚ ਆ ਕੇ ਬੈਡ ਤੇ ਲੇਟ ਆਪਣੇ ਮੰਮੀ ਪਾਪਾ ਬਾਰੇ ਸੋਚਣ ਲੱਗਦੀ ਹਾਂ। ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਉਦੋਂ ਅਸੀਂ ਅਜੇ ਪਿੰਡ ਹੀ ਰਹਿੰਦੇ ਸਾਂ। ਮੈਂ ਸਹੇਲੀਆਂ ਨਾਲ ਸਾਰਾ ਸਾਰਾ ਦਿਨ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਰਹਿਣਾ ਤੇ ਬੇਸਿਰ-ਪੈਰ ਦੀਆਂ ਗੱਲਾਂ ਕਰੀ ਜਾਣੀਆਂ।

ਨਿੱਕੀ ਜਿਹੀ ਰਮਨੀਕ ਆਪਣੀ ਫਰਾਕ ਦਾ ਘੇਰਾ ਫੈਲਾ ਕੇ ਕਹਿੰਦੀ ਹੁੰਦੀ ਸੀ:-

”ਪਤਾ ਮੈਂ ਰਾਤ ਨੂੰ ਨਾ ਆਪਣੇ ਮੰਮੀ ਪਾਪਾ ਨਾਲ ਸੋਂਦੀ ਹਾਂ, ਤੇ ਜਦੋਂ ਸਵੇਰੇ ਉੱਠਦੀ ਹਾਂ ਨਾ ਤਾਂ ਮੈਂ ਆਪਣੀ ਦਾਦੀ ਮਾਂ ਦੇ ਕਮਰੇ ‘ਚ ਹੁੰਦੀ ਹਾਂ।

”ਮੈਂ ਤਾਂ ਹਮੇਸਾ ਆਪਣੀ ਮੰਮੀ ਪਾਪਾ ਦੇ ਵਿਚਾਲੇ ਸੋਂਦੀ ਹਾਂ, ਤੇ ਸਵੇਰੇ ਉਠਦੀ ਵੀ ਉੱਥੋ ਹੀ ਹਾਂ। ਮੇਰੀ ਮੰਮੀ ਮੈਨੂੰ ਹਮੇਸਾ ਆਪਣੇ ਨਾਲ ਲਾ ਕੇ ਸੁਲਾਉਂਦੀ ਆ” ਮੈਂ ਬੜੇ ਚਾਅ ਨਾਲ ਕਹਿੰਦੀ ।

ਇਕ ਸ਼ਾਮ ਜਦੋਂ ਮੈਂ ਬਾਹਰੋ ਖੇਡ ਕੇ, ਘਰ ਪਰਤੀ ਤਾਂ ਵੇਖਿਆ, ਚਰਨਾ ਚਾਚਾ ਮੰਮੀ ਦੀ ਬਾਂਹ ਫੜੀ ਖੜਾ ਸੀ, ਤੇ ਉਹ ਉਸ ਤੋਂ ਆਪਣੀ ਬਾਂਹ ਛਡਾਉਣ ਦਾ ਯਤਨ ਕਰ ਰਹੀ ਸੀ।

”ਏਡੀ ਵੀ ਕਾਹਦੀ ਆਕੜ ਐ ਭਾਬੀ, ਮੈਂ ਕਿਹੜਾ ਵੱਡੇ ਭਾਈ ਨੂੰ ਜਾਣਦਾ ਨਹੀ, ਵਿਆਹ ਤੋਂ ਚਾਰ ਦਿਨ ਪਹਿਲਾਂ ਘਰੋਂ ਦੌੜ ਗਿਆ ਸੀ।”

”ਚਰਨਿਆ, ਮੰਮੀ ਕੜਕੀ ਸੀ ਤੇ ਆਪਣੇ ਦੂਜੇ ਹੱਥ ਨਾਲ ਆਪਣੀ ਬਾਂਹ ਛਡਾਉਣ ਦਾ ਯਤਨ ਕਰ ਰਹੀ ਸੀ।

” ਉਹ ਤਾਂ ਮੈਂ ਹੀ ਸਾਂ ਜਿਹੜਾ ਭਾਈ ਨੂੰ ਸਹਿਰ ਵੈਦ————

ਮੈਨੂੰ ਵੇਖ ਚਾਚੇ ਨੇ ਆਪਣੀ ਗੱਲ ਵਿਚਾਲੇ ਛੱਡ ਕੇ ਮੰਮੀ ਦੀ ਬਾਂਹ ਤੋਂ ਆਪਣੀ ਪਕੜ ਢਿੱਲੀ ਕਰ ਦਿੱਤੀ ਸੀ। ਮੰਮੀ ਨੇ ਦੌੜ ਕੇ ਆ ਕੇ ਮੈਨੂੰ ਚੁੱਕ ਲਿਆ ਤੇ ਪਿਛਲੇ ਅੰਦਰ ਜਾ ਕੇ ਮੈਨੂੰ ਹਿੱਕ ਨਾਲ ਲਾਈ ਕਿੰਨਾ ਚਿਰ ਰੋਂਦੀ ਰਹੀ ਸੀ।

ਮੈਨੂੰ ਕਿਸੀ ਗੱਲ ਦੀ ਕੋਈ ਸਮਝ ਨਹੀ ਸੀ ਆਈ।

ਪਾਪਾ ਟ੍ਰੈਕਟਰਾਂ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ ‘ਚ ਨੌਕਰੀ ਕਰਦੇ ਸਨ। ਜਲਦੀ ਹੀ ਉਨ੍ਹਾਂ ਦੀ ਤਰੱਕੀ ਹੋਈ ਤਾਂ ਪਾਪਾ ਨੇ ਸਹਿਰ ‘ਚ ਇਕ ਸ਼ਾਨਦਾਰ ਕੋਠੀ ਬਣਵਾ ਲਈ। ਅਸੀਂ ਪਿੰਡੋ ਸ਼ਹਿਰ ਆ ਕੇ ਰਹਿਣ ਲੱਗੇ। ਮੇਰੀ ਇੰਗਲਿਸ਼ ਮੀਡੀਅਮ ਵਿਚ ਐਡਮਿਸ਼ਨ ਕਰਵਾ ਦਿੱਤੀ ਗਈ।

ਸਹਿਰ ਆ ਕੇ ਸ਼ੁਰੂ-ਸ਼ੁਰੂ ਵਿੱਚ ਮੇਰਾ ਤੇ ਮੰਮੀ ਦਾ ਮਨ ਨਹੀ ਸੀ ਲੱਗਾ। ਪਰ ਹੌਲੀ-ਹੌਲੀ ਮੈਂ ਸਕੂਲ ਵਿੱਚ ਕਿੰਨੀਆਂ ਹੀ ਸਹੇਲੀਆਂ ਬਣਾ ਲਈਆ। ਆਪਣੀ ਕਲੋਨੀ ਦੇ ਵੀ ਕਈ ਬੱਚਿਆਂ ਨਾਲ ਮੇਰੀ ਦੋਸਤੀ ਹੋ ਗਈ। ਪਰ ਮੰਮੀ ਦਾ ਦਿਲ ਨਹੀ ਸੀ ਲੱਗਾ। ਉਨ੍ਹਾਂ ਦੀ ਕੋਈ ਸਹੇਲੀ ਨਹੀ ਸੀ ਬਣੀ, ਜਾਂ ਫਿਰ ਉਹ ਬਣਾਉਣਾ ਹੀ ਨਹੀ ਸਨ ਚਾਹੁੰਦੇ।

ਮੈਂ ਵੱਡੀ ਹੋ ਰਹੀ ਸਾਂ ਤੇ ਕੁਝ-ਕੁਝ ਸਮਝਦਾਰ ਵੀ। ਖੂਬਸੂਰਤ ਮੰਮੀ ਦਾ ਚਿਹਰਾ ਹਰਦਮ ਬੂਝਿਆ-ਬੁਝਿਆ ਰਹਿੰਦਾ। ਮੇਰਾ ਜੀ ਕਰਦਾ ਸੀ ਕਿ ਮੰਮੀ ਵੀ ਦੂਸਰੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ, ਮੁਸਕਰਾਉਣ ਮੇਕਅਪ ਕਰਨ ਤੇ ਸੋਹਣੇ ਸੋਹਣੇ ਸੂਟ ਸਾੜੀਆਂ ਪਾਉਣ ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਤਾਂ ਸਦੀਆਂ ਦੀ ਚੁੱਪ ਤੇ ਸ਼ਾਂਤੀ ਪਸਰੀ ਪਈ ਸੀ। ਪਤਾ ਨਹੀ ਉਹ ਕਿਸ ਮਿੱਟੀ ਦੇ ਬਣੇ ਸਨ। ਮੈਨੂੰ ਤਾਂ ਉਹ ਕਿਸੇ ਹੋਰ ਲੋਕ ਤੋਂ ਆਈ ਦੇਵੀ ਜਿਹੇ ਜਾਪਦੇ ।

ਨਾ ਕਦੀ ਉੱਚਾ ਬੋਲਣਾ, ਨਾ ਕੋਈ ਲੜਾਈ ਨਾ ਝਗੜਾ, ਨਾ ਕੋਈ ਮੰਗ ਨਾ ਕੋਈ ਜਿੱਦ, ਪਾਪਾ ਬਿਨ ਮੰਗੇ ਤੋਂ ਹੀ ਹਰ ਚੀਜ਼ ਲਿਆ ਕੇ ਹਾਜ਼ਰ ਕਰਦੇ ਰਹਿੰਦੇ। ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀ ਸੀ। ਕਿਸੀ ਵੀ ਨਵੀਂ ਚੀਜ਼ ਨੂੰ ਵੇਖ ਕੇ ਮੰਮੀ ਕਦੀ ਉਤਸ਼ਾਹਿਤ ਨਾ ਹੁੰਦੇ।

ਮੈਂ ਮੰਮੀ ਨੂੰ ਕਦੀ ਕਿਸੇ ਬਹੁਤ ਹਾਸੇ ਵਾਲੀ ਗੱਲ ਤੇ ਵੀ ਪੂਰਾ ਮੂੰਹ ਖੋਲ ਕੇ ਹੱਸਦੇ ਨਹੀ ਸੀ ਤੱਕਿਆ।

ਬੱਸ ਇਕ ਸੌਕ ਸੀ ਤਾਂ ਉਹ ਇਹ ਕਿ ਕਦੀ ਕਦੀ ਕੋਈ ਕਵਿਤਾਵਾਂ ਵਾਲੀ ਕਿਤਾਬ ਜਰੂਰ ਪੜ ਲੈਂਦੇ ਸਨ। ਪਤਾ ਨਹੀ ਮੰਮੀ ਆਮ ਔਰਤਾਂ ਵਰਗੇ ਕਿਉਂ ਨਹੀ ਸਨ।

ਸਕੂਲ ਦੀ ਪੜਾਈ ਖਤਮ ਕਰਕੇ ਸਬਜੈਕਟ ਚੁਨਣ ਦਾ ਵੇਲਾ ਆਇਆ ਤਾ ਪਾਪਾ ਮੈਨੂੰ ਸਾਇੰਸ ਸਬਜੈਕਟ ਪੜਾਉਣਾਂ ਚਾਹੁੰਦੇ ਸਨ ਪਰ ਮੈਂ ਆਰਟਸ ਨਾਲ ਪੜਾਈ ਕਰਨੀ ਚਾਹੁੰਦੀ ਸੀ। ਇੱਥੇ ਮੰਮੀ ਨੇ ਮੇਰਾ ਸਾਥ ਦਿੱਤਾ ਸੀ ਤੇ ਮੈਂ ਆਪਣੀ ਮਨ ਪਸੰਦ ਦੇ ਮਨੋਵਿਗਿਆਨ ਦੇ ਵਿਸ਼ੇ ਨੂੰ ਚੋਣਵੇ ਵਿਸ਼ੇ ਵਜੋਂ ਲੈ ਲਿਆ ਸੀ।

ਅਕਸਰ ਇੱਕ ਗੱਲ ਮੇਰੇ ਧਿਆਨ ‘ਚ ਆਉਦੀ ਰਹਿੰਦੀ ਕਿ ਪਾਪਾ ਮੰਮੀ ਨੂੰ ਇੱਕਲਿਆਂ ਕਦੀ ਕਿਤੇ ਨਹੀ ਸਨ ਜਾਣ ਦਿੰਦੇ। ਕਦੀ ਰਿਸ਼ਤੇਦਾਰੀ ‘ਚ ਕੋਈ ਫੰਕਸ਼ਨ ਹੋਣਾ ਤਾਂ ਪਾਪਾ ਹਮੇਸ਼ਾ ਨਾਲ ਜਾਂਦੇ ਤੇ ਸਾਨੂੰ ਨਾਲ ਹੀ ਮੋੜ ਕੇ ਘਰ ਲੈ ਆਉਂਦੇ। ਕਿਸੇ ਰਿਸ਼ਤੇਦਾਰੀ ‘ਚ ਰਾਤ ਰਹਿਣ ਦਾ ਤਾਂ ਕੋਈ ਮਤਲਬ ਹੀ ਨਹੀ ਸੀ

ਪਾਪਾ ਸਾਨੂੰ ਕਦੀ ਆਪਣੇ ਕਿਸੇ ਕੁਲੀਗ ਦੇ ਘਰ ਨਹੀ ਸਨ ਲੈ ਕੇ ਗਏ ਤੇ ਨਾ ਹੀ ਕੋਈ ਸਾਡੇ ਘਰੇ ਬਹੁਤਾ ਆਉਂਦਾ ਜਾਂਦਾ ਸੀ ਤੇ ਜੇ ਕਦੇ ਕੋਈ ਕਿਸੇ ਜਰੂਰੀ ਕੰਮ ਨੂੰ ਆ ਵੀ ਜਾਂਦਾ ਤਾਂ ਪਾਪਾ ਉਸਨੂੰ ਅਵੱਲ ਤਾਂ ਬਾਹਰੋ ਹੀ ਟਕਰਾ ਦਿੰਦੇ ਤੇ ਜਾਂ ਫਿਰ ਜਲਦੀ ਤੋਂ ਵੀ ਪਹਿਲਾ ਰੁਖਸਤ ਕਰ ਦਿੰਦੇ ।

ਪਾਪਾ ਦੀ ਫੈਕਟਰੀ ਦੀ ਇੱਕ ਬਰਾਂਚ ਗਾਜੀਆਬਾਦ ਵੀ ਹੈ। ਉਨ੍ਹਾਂ ਦੀ ਪ੍ਰਮੋਸ਼ਨ ਹੋਈ ਤਾਂ ਪਾਪਾ ਨੂੰ ਗਾਜ਼ੀਆਬਾਦ ਜਾਣਾ ਪਿਆ। ਮੇਰੀ ਪੜਾਈ ਦਾ ਆਖਿਰੀ ਸਾਲ ਹੋਣ ਕਰਕੇ ਸਾਡਾ ਸਭ ਦਾ ਇੱਕਠਿਆ ਜਾਣਾ ਸੰਭਵ ਨਹੀ ਸੀ। ਪਾਪਾ ਬਹੁਤ ਦੁਚਿੱਤੀ ਵਿਚ ਸਨ, ਪ੍ਰਮੋਸ਼ਨ ਲਵਾਂ ਕਿ ਨਾ ਲਵਾਂ, ਜਾਵਾਂ ਕਿ ਨਾ ਜਾਵਾਂ।

ਪਾਪਾ ਤੁਸੀ ਜਾਓ, ਚਾਰ ਪੰਜ ਮਹੀਨੇ ਦੀ ਤਾਂ ਗੱਲ ਹੈ, ਮੇਰੇ ਇਗਜ਼ਾਮ ਤੋਂ ਬਾਅਦ ਅਸੀਂ ਸਾਰੇ ਇੱਕਠੇ ਰਹਾਂਗੇ। ਮੈਨੂੰ ਪਾਪਾ ਦੀ ਪ੍ਰਮੋਸ਼ਨ ਦੀ ਤੇ ਉਨ੍ਹਾਂ ਦੇ ਉੱਚੇ ਰੁਤਬੇ ਤੇ ਪਹੁੰਚਣ ਦੀ ਬੇਹਦ ਖੁਸ਼ੀ ਸੀ।

ਮੰਮੀ ਕੁਝ ਵੀ ਨਹੀ ਸਨ ਬੋਲ ਰਹੇ। ਉਨ੍ਹਾ ਦੇ ਮਨ ਵਿਚ ਕੀ ਚਲ ਰਿਹਾ ਹੈ, ਸਿਰਫ ਉਹ ਹੀ ਜਾਣਦੇ ਸਨ। ਉਨ੍ਹਾਂ ਦਾ ਤਾਂ ਚਿਹਰਾ ਵੀ ਨਹੀ ਸੀ ਪੜਿਆ ਜਾ ਸਕਦਾ। ਕਿਉਂਕਿ ਉਹ ਤਾਂ ਹਮੇਸ਼ਾ ਵਾਂਗ ਸਪਾਟ ਤੇ ਭਾਵ ਰਹਿਤ ਜਿਹਾ ਸੀ, ਜਿਵੇਂ ਕਹਿ ਰਿਹਾ ਹੋਵੇ, ਤੁਸੀ ਜਾਓ ਜਾ ਰਹੋ ਕੀ ਫਰਕ ਪੈਂਦਾ।

ਆਖਿਰ ਪਾਪਾ ਨੇ ਮਨ ਪੱਕਾ ਕਰਕੇ ਜਾਣ ਦਾ ਫੈਸਲਾ ਕਰ ਲਿਆ। ਜਾਣ ਤੋਂ ਪਹਿਲਾਂ ਕੋਠੀ ਦਾ ਇੱਕ ਪੋਰਸ਼ਨ ਜਿਹੜਾ ਕਿਰਾਏ ਤੇ ਦੇਣ ਦੇ ਮਕਸਦ ਨਾਲ ਬਣਾਇਆ ਸੀ ਪਰ ਦਿੱਤਾ ਕਦੀ ਨਹੀ ਸੀ ਇਕ ਬਜੁਰਗ ਜੋੜੇ ਰਿਟਾਇਰ ਮੇਜਰ ਵਰਮਾਂ ਨੂੰ ਕਿਰਾਏ ਤੇ ਦੇ ਦਿੱਤਾ। ਇਹ ਸੋਚ ਕੇ ਘਰ ਵਿੱਚ ਥੋੜੀ ਰੌਣਕ ਰਹੇਗੀ ਤੇ ਥੋੜਾ ਆਸਰਾ ਰਹੇਗਾ, ਪਾਪਾ ਦੀ ਚਿੰਤਾ ਥੋੜੀ ਘੱਟ ਗਈ ਸੀ।

ਪਾਪਾ ਨੂੰ ਗਿਆਂ ਮਹੀਨਾ ਹੋ ਗਿਆ ਸੀ। ਵਿੱਚ ਇਕ ਵਾਰ ਗੇੜਾ ਮਾਰ ਗਏ ਸਨ। ਸਾਡੇ ਕਿਰਾਏਦਾਰ ਮੇਜਰ ਵਰਮਾ ਤੇ ਉਨਾਂ ਦੀ ਪਤਨੀ  ਚੰਗੇ ਸੁਭਾਅ ਦੇ ਸਨ, ਛੇਤੀ ਹੀ ਮੈਂ ਉਨ੍ਹਾਂ ਨਾਲ ਘੁਲ ਮਿਲ ਗਈ। ਉਹ ਸਾਡੀ ਕਲੋਨੀ ਵਿਚ ਹੀ ਕੋਠੀ ਬਣਵਾ ਰਹੇ ਨੇ। ਅੱਜ ਕਲ ਉਨ੍ਹਾ ਦਾ ਬੇਟਾ ਜਿਹੜਾ ਬੈਂਗਲੋਰ ਕਿਸੀ ਮਲਟੀਨੈਸ਼ਨਲ ਕੰਪਨੀ ‘ਚ ਕੰਮ ਕਰਦਾ ਸੀ ਆਇਆ ਹੋਇਆ। ਮੈਂ ਉਨ੍ਹਾਂ ਨੂੰ ਪਾਲ ਅੰਕਲ ਕਹਿ ਕੇ ਬੁਲਾਉਂਦੀ ਹਾਂ ਕਿਉਂ ਜੋ ਵਰਮਾ ਆਂਟੀ ਵੀ ਉਸ ਨੂੰ ਪਾਲ ਕਹਿ ਕੇ ਹੀ ਬੁਲਾਉਂਦੇ ਹਨ। ਖੁਸ਼ ਮਿਜਾਜ਼ ਸੁਭਾਅ ਅਤੇ ਆਪਣੇ ਵਧੀਆ ਰੱਖ-ਰਖਾਵ ਸਦਕਾ; ਪੰਜਤਾਲੀਆ ਨੂੰ ਟੱਪੇ ਪਾਲ ਅੰਕਲ ਆਪਣੀ ਅਸਲ ਉਮਰ ਤੋਂ ਕਿਤੇ ਘੱਟ ਦੇ ਨਜ਼ਰ ਆਉਂਦੇ ਸਨ। ਜਿੰਦਗੀ ਨੂੰ ਅਜਾਦੀ ਤੇ ਆਪਣੇ ਢੰਗ ਨਾਲ ਜਿਉਣ ਦੀ ਖਵਾਹਿਸ਼ ਕਰਕੇ ਪਾਲ ਅੰਕਲ ਅਜੇ ਤੱਕ ਸਿੰਗਲ ਹੀ ਸਨ। ਉਹ ਅਕਸਰ ਸਾਡੇ ਘਰ ਆ ਕੇ ਗੱਪਾਂ ਮਾਰਦੇ ਤੇ ਹੱਸਦੇ ਹਸਾਉਂਦੇ ਰਹਿੰਦੇ। ਮੈਨੂੰ ਉਨ੍ਹਾਂ ਦਾ ਸਾਥ ਚੰਗਾ ਲੱਗਦਾ।

ਅੱਜ ਕੱਲ ਤਾਂ ਮੰਮੀ ਵੀ ਉਨ੍ਹਾਂ ਦੀ ਕਿਸੇ ਕਿਸੇ ਗੱਲ ਤੇ ਮੁਸਕਰਾ ਪੈਦੇ ਨੇ।

ਪਾਪਾ ਦਾ ਫੋਨ ਅਇਆ, ਉਨ੍ਹਾਂ ਦੀ ਚੰਗੀ ਕਾਰਗੁਜਾਰੀ ਨੂੰ ਵੇਖਦੇ ਹੋਏ ਉਨ੍ਹਾਂ ਦੀ ਕੰਪਨੀ ਉਨ੍ਹਾਂ ਨੂੰ ਛੇ ਮਹੀਨੇ ਲਈ ਅਮਰੀਕਾ ਭੇਜ ਰਹੀ ਹੈ। ਉਨ੍ਹਾ ਕੋਲ ਘਰ ਆਉਣ ਦਾ ਵੀ ਸਮਾਂਂ ਨਹੀ ਸੀ। ਪਾਪਾ ਦਾ ਅਮਰੀਕਾ ਜਾਣਾ ਸੁਣ ਕੇ ਮੈਨੂੰ ਚੰਗਾ ਲੱਗ ਰਿਹਾ ਹੈ। ਕਿੰਨੇ ਸਾਰੇ ਗਿਫਟ ਮੇਰੀਆ ਅੱਖਾਂ ਮੂਹਰੇ ਘੁੰਮ ਗਏ। ਮੈਂ ਮੰਮੀ ਦੇ ਚਿਹਰੇ ਵੱਲ ਤੱਕਦੀ ਹਾਂ ਉਨ੍ਹਾਂ ਇਕ ਲੰਬਾ ਸਾਹ ਲਿਆ, ਜਿਵੇਂ ਖੁੱਲੀ ਫਿਜ਼ਾ ਦੀ ਤਾਜ਼ੀ ਹਵਾ ਨੂੰ ਆਪਣੇ ਅੰਦਰ ਭਰ ਕੇ ਫਿਰ ਆਪਣੇ ਅੰਦਰਲੀ ਸਾਰੀ ਘੁੱਟਣ ਨੂੰ ਸਾਹ ਰਾਂਹੀ ਬਾਹਰ ਕੱਢਿਆ ਹੋਵੇ

ਮੇਜਰ ਸਾਹਿਬ ਅਤੇ ਉਨ੍ਹਾ ਦੀ ਪਤਨੀ ਅੱਜਕੱਲ੍ਹ ਆਪਣੀ ਬੇਟੀ ਕੋਲ ਦਿੱਲੀ ਗਏ ਹੋਏ ਨੇ, ਤੇ ਕੋਠੀ ਦਾ ਕੰਮ ਪਾਲ ਅੰਕਲ ਵੇਖ ਰਹੇ ਨੇ। ਮੈਂ ਕਾਲਜ ਤੋਂ ਵਾਪਿਸ ਆਈ ਹਾਂ ਤਾਂ ਮੰਮੀ ਰਸੋਈ ‘ਚ ਚਾਹ ਬਣਾ ਰਹੇ ਨੇ ਤੇ ਨਾਲ ਨਾਲ ਧੀਮੀ ਪਰ ਮਿੱਠੀ ਅਵਾਜ਼ ਵਿੱਚ ਕੁਝ ਗੁਣ ਗੁਣਾ ਰਹੇ ਨੇ:-

”ਅਸਾਂ ਚੰਨ ਨੂੰ ਗਵਾਹ ਕੀਤਾ

ਮੋਤੀਏ ਦੇ ਫੁੱਲ ਵਰਗਾææææææææ”

ਮੰਮੀ ਨੂੰ ਇੰਝ ਗੁਣ ਗੁਣਾਉਂਦੇ ਵੇਖ ਮੈਨੂੰ ਖੁਸ਼ੀ ਭਰੀ ਹੈਰਾਨੀ ਹੋ ਰਹੀ ਹੈ। ਮੈਂ ਮੰਮੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੱਕਦੀ ਹਾਂ। ਪਿਆਜ਼ੀ ਰੰਗ ਦੇ ਖੂਬਸੂਰਤ ਸੂਟ ਵਿੱਚ ਮੰਮੀ ਬਹੁਤ ਪਿਆਰੇ ਲੱਗ ਰਹੇ ਨੇ, ਤੇ ਉਨ੍ਹਾਂ ਦੇ ਬੁੱਲਾਂ ਦੇ ਕਿਨਾਰੇ ਥੋੜੇ ਫੈਲੇ ਹੋਏ ਨੇ। ਮੈਂ ਆਪਣੇ ਕਮਰੇ ‘ਚ ਆ ਗਈ ਤੇ ਮੰਮੀ ਚਾਹ ਉਥੇ ਹੀ ਲੈ ਆਏ।

”ਮੰਮੀ ਅੱਜ ਅਨੂੰ ਦਾ ਬਰਥ-ਡੇ ਹੈ ਤੇ ਉਹਨੇ ਅੱਜ ਸ਼ਾਮੀ ਫਨ-ਪੁਆਇੰਟ’ ਚ ਪਾਰਟੀ ਰੱਖੀ ਹੈ। ਮੈਂ ਆਉਣ ‘ਚ ਥੋੜਾ ਲੇਟ ਹੋ ਸਕਦੀ ਹਾਂ। ਜੇ ਜਿਆਦਾ ਲੇਟ ਹੋ ਗਈ ਤਾਂ ਤੁਸੀ ਸੋ ਜਾਇਓ, ਮੈਨੂੰ ਅਨੂੰ ਦੇ ਮੰਮੀ ਪਾਪਾ ਛੱਡ ਜਾਣਗੇ ਤੇ ਮੈਂ ਬੈਂਕ ਡੋਰ ਤੋਂ ਆਪੇ ਆ ਜਾਵਾਂਗੀ ਡੁਪਲੀਕੇਟ ਚਾਬੀ ਮੈਂ ਨਾਲ ਲੈ ਜਾਵਾਗੀ।

”ਮੈਂ ਤੇਰਾ ਇੰਤਜਾਰ ਕਰੂੰਗੀ, ਤੂੰ ਜਲਦੀ ਆਉਣ ਦੀ ਕੋਸ਼ਿਸ਼ ਕਰੀ।’

ਪਾਰਟੀ ‘ਚ ਮਸਤੀ ਕਰਦਿਆ ਸਮੇਂ ਦਾ ਧਿਆਨ ਈ ਨਹੀ ਰਿਹਾ। ਅਨੂੰ ਦੇ ਮੰਮੀ ਪਾਪਾ ਮੈਨੂੰ ਆਪਣੀ ਕਾਰ ਵਿੱਚ ਘਰ ਕੋਲ ਉਤਾਰ ਗਏ। ਸਾਰੀ ਕਾਲੋਨੀ ਸੁੰਨਸਾਨ ਤੇ ਹਨੇਰੇ ਵਿੱਚ ਡੁੱਬੀ ਹੋਈ ਸੀ। ਸ਼ਾਇਦ ਲਾਈਟ ਗਈ ਹੋਈ ਸੀ। ਸਟਰੀਟ ਲਾਈਟ ਵੀ ਕੋਈ ਨਹੀ ਸੀ ਜਗ ਰਹੀ। ਮੈਂ ਬੈਂਕ ਡੋਰ ਤੇ ਪਹੁੰਚ ਕੇ ਸੁਭਾਇਕੀ ਡੋਰ ਬੈਲ ਤੇ ਹੱਥ ਰੱਖਿਆ। ਲਾਈਟ ਨਾ ਹੋਣ ਦੀ ਵਜਾਹ ਕਰਕੇ ਬੈਲ ਨੇ ਤਾਂ ਵੱਜਣਾ ਹੀ ਨਹੀ  ਸੀ। ਮੈਂ ਡੁਪਲੀਕੇਟ ਚਾਬੀ ਨਾਲ ਹੌਲੇ ਜਿਹੇ ਤਾਲਾ ਖੋਲਿਆ ਅੰਦਰ ਆਈ ਤੇ ਫਿਰ ਤਾਲਾ ਲਗਾ ਦਿੱਤਾ। ਫਿਰ ਬਿਨਾ ਕੋਈ ਖੜਾਕ ਕੀਤਿਆਂ ਮਂੈ ਸਹਿਜ਼ ਕਦਮੀ ਪੋਰਚ ਤੱਕ ਪਹੁੰਚੀ ਸੋਚਿਆ ਮੰਮੀ ਸੌ ਰਹੇ ਹੋਣਗੇ, ਐਵੇਂ ਵਾਧੂ ਖੜਾਕ ਨਾਲ ਡਿਸਟਰਬ ਹੋਣਗੇ। ਮੰਮੀ ਨੂੰ ਜਗਾਉਣਾ ਮੈਂ ਉਚਿਤ ਨਾ ਸਮਝਿਆ। ਉਨ੍ਹਾਂ ਦੇ ਕਮਰੇ ਕੋਲੋਂ ਲੰਘਦਿਆਂ ਮੇਰੇ ਕਦਮ ਅਚਾਨਕ ਰੁਕ ਗਏ। ਮੰਮੀ ਦੇ ਕਮਰੇ ਦੀ ਖਿੜਕੀ ਦਾ ਪਰਦਾ ਥੋੜਾ ਖਿਸਕਿਆ ਹੋਇਆ ਸੀ। ਕਮਰੇ ਵਿੱਚ ਇਨਵਰਟਰ ਵਾਲਾ ਛੋਟਾ ਬਲਬ ਜਗ ਰਿਹਾ ਸੀ। ਮੈਂ ਖਿੜਕੀ ਵਿੱਚ ਦੀ ਅੰਦਰ ਤੱਕਿਆ ਤਾਂ ਠੰਠਬਰ ਜਿਹੀ ਗਈ ਮੰਮੀ ਦੇ ਬੈਡ ਦੇ ਨਾਲ ਪਏ ਸੋਫੇ ਦੇ ਇਕ ਕਿਨਾਰੇ ਤੇ ਪਾਲ ਅੰਕਲ ਬੈਠੇ ਸਨ ਤੇ ਉਸ ਸੋਫੇ ਦੇ ਨਾਲ ਲੱਗਦੇ ਦੂਜੇ ਸੋਫੇ ਤੇ ਮੰਮੀ ਬੈਠੇ ਸਨ। ਮੰਮੀ ਦਾ ਇਕ ਹੱਥ ਸੋਫੇ ਦੀ ਬਾਹੀ ਤੇ ਸੀ ਤੇ ਪਾਲ ਅੰਕਲ ਦਾ ਇੱਕ ਹੱਥ ਮੰਮੀ ਦੇ ਹੱਥ ਤੇ। ਉਹ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਤੇ ਮੁਸਕਰਾ ਰਹੇ ਸਨ।

ਮੈਂ ਗਹੁ ਨਾਲ ਮੰਮੀ ਦੇ ਚਿਹਰੇ ਵੱਲ ਤੱਕਿਆ। ਮੱਧਮ ਰੋਸ਼ਨੀ ‘ਚ ਮੰਮੀ ਦਾ ਚਿਹਰਾ ਫੁੱਲ ਵਾਂਗ ਖਿੜਿਆ ਪਿਆ ਸੀ। ਮੰਮੀ ਦੇ ਚਿਹਰੇ ਤੇ ਛਾਈ ਸਦੀਆਂ ਦੀ ਵੀਰਾਨਗੀ ਤੇ ਜਿਵੇਂ ਬਹਾਰ ਆਈ ਪਈ ਸੀ। ਉਨ੍ਹਾਂ ਦੇ ਬੁੱਲਾਂ ਤੇ ਅਜਿਹੀ ਦਿਲਕਸ਼ ਮੁਸਕਰਾਹਟ ਮੈਂ ਆਪਣੀ ਜਿੰਦਗੀ ‘ਚ ਪਹਿਲਾਂ ਕਦੀ ਨਹੀ ਸੀ ਵੇਖੀ। ਹੱਸਦੇ ਹੋਏ ਉਹ ਏਨੇ ਸੋਹਣੇ ਵੀ ਲੱਗ ਸਕਦੇ ਹਨ, ਮੈਂ ਕਦੀ ਸੋਚਿਆ ਵੀ ਨਹੀ ਸੀ। ਮੈਨੂੰ ਮੰਮੀ ਦੀਆਂ ਅੱਖਾਂ ਵਿਚ ਇਕ ਇਹੋ ਜਿਹੀ ਖਾਸ ਚਮਕ ਵਿਖਾਈ ਦਿੱਤੀ, ਜਿਹੋ ਜਿਹੀ ਅਰਸ਼ਵੀਰ ਨੂੰ ਤਸੱਵਰ ਕਰਦਿਆਂ ਮੈਂ ਸ਼ੀਸ਼ੇ ਮੂਹਰੇ ਖੜੋ ਕੇ ਕਈ ਵਾਰ ਆਪਣੀਆਂ ਅੱਖਾਂ ਵਿੱਚ ਤੱਕੀ ਸੀ।

ਮੰਮੀ ਬਾਰੇ ਇੰਝ ਸੋਚਣਾ ਮੈਨੂੰ ਥੋੜਾ ਅਜੀਬ ਲੱਗ ਰਿਹਾ ਸੀ। ਮੈਂ ਜਿਆਦਾ ਦੇਰ ਉਥੇ ਖੜੀ ਨਾ ਰਹਿ ਸਕੀ ਤੇ ਚੁਪਚਾਪ ਆਪਣੇ ਕਮਰੇ ‘ਚ ਆ ਕੇ ਲੇਟ ਗਈ ਤੇ ਮੰਮੀ ਬਾਰੇ ਸੋਚਦੀ ਰਹੀ। ਮੰਮੀ ਦੀ ਪੂਰੀ ਜਿੰਦਗੀ ਦੀ ਰੀਲ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ। ਮੰਮੀ ਦੀਆਂ ਅੱਖਾਂ ਵਿਚਲੀ ਚਮਕ ਦੀ ਤੁਲਨਾ ਮੈਂ ਉਨ੍ਹਾਂ ਦੇ ਉਦਾਸ ਚਿਹਰੇ ਨਾਲ ਕਰਦੀ ਰਹੀ।

ਕਿੰਨੇ ਚਿਰ ਬਾਅਦ ਮੇਰਾ ਫੋਨ ਵਾਈਬਰੇਟ ਹੋਇਆ, ਮੰਮੀ ਦਾ ਨੰਬਰ ਸਕਰੀਨ ਤੇ ਚਮਕਿਆ। ਮੈਂ ਕੁਝ ਸੋਚ ਕੇ ਫੋਨ ਰਸੀਵ ਨਹੀ ਕੀਤਾ ਬਲਕਿ ਉਹਦੇ ਬੰਦ ਹੋਣ ਤੋਂ ਬਾਅਦ ਫੋਨ ਨੂੰ ਰਿਗਿੰਗ ਤੇ ਕਰ ਦਿੱਤਾ। ਫੋਨ ਫਿਰ ਵੱਜਿਆ ਸੀ ਪੂਰੀ ਰਿੰਗ ਨਾਲ। ਮੈਂ ਹੁਣ ਵੀ ਫੋਨ ਰਸੀਵ ਨਹੀ ਕੀਤਾ। ਸਗੋਂ ਅੱਖਾਂ ਬੰਦ ਕਰਕੇ ਲੇਟ ਗਈ ਸੀ। ਮੇਰੇ ਕਮਰੇ ‘ਚ ਵਜਦੀ ਫੋਨ ਦੀ ਰਿੰਗ ਨੇ ਮੰਮੀ ਨੂੰ ਮੇਰੇ ਕਮਰੇ ‘ਚ ਖਿੱਚ ਲਿਆਂਦਾ ਸੀ। ਮੈਨੂੰ ਆਪਣੇ ਕਮਰੇ ‘ਚ ਅਰਾਮ ਨਾਲ ਸੁੱਤੀ ਵੇਖ ਕੇ ਮੰਮੀ ਨੇ ਸਕੂਨ ਵਾਲਾ ਸਾਹ ਲਿਆ ਤੇ ਫਿਰ ਵਾਪਿਸ ਆਪਣੇ ਕਮਰੇ ‘ਚ ਚਲੇ ਗਏ।

ਪਤਾ ਨਹੀ ਰਾਤ ਦੇ ਕਿਸ ਪਹਿਰ ਮੇਰੀ ਅੱਖ ਲੱਗੀ ਸੀ। ਸਵੇਰੇ ਮੰਮੀ ਮੇਰੇ ਕਮਰੇ ‘ਚ ਆਏ ਤਾਂ ਮੈਂ ਅਜੇ ਜਾਗੀ ਨਹੀ ਸੀ, ਮੰਮੀ ਨੇ ਹੀ ਮੈਨੂੰ ਜਗਾਇਆ ਸੀ।

ਮੈਂ ਰਾਤੀ ਤੇਰੇ ਕਮਰੇ ‘ਚ ਆਈ ਸੀ ਤੈਨੂੰ ਵੇਖਣ ਤਾਂ ਤੂੰ ਸੁੱਤੀ ਪਈ ਸੀ। ਕਿਸ ਵੇਲੇ ਆਈ ਸੀ ਤੂੰ। ਮੈਨੂੰ ਪਤਾ ਵੀ ਨੀ ਲੱਗਾ।

”ਮੰਮਾ ਉਸ ਵੇਲੇ ਲਾਈਟ ਨਹੀ ਸੀ, ਇਸ ਲਈ ਬੈਲ ਨਹੀ ਸੀ ਵੱਜੀ। ਮੈਂ ਸੋਚਿਆ ਕਿ ਤੁਹਾਨੂੰ ਕੀ ਡਿਸਟਰਬ ਕਰਨਾ, ਮੈਂ ਆਪਣੇ ਕਮਰੇ ‘ਚ ਆ ਗਈ ਸੀ”, ਮੈਂ ਰਾਤ ਵਾਲੇ ਪ੍ਰਸੰਗ ਬਾਰੇ ਗੱਲ ਕਰਕੇ ਮੰਮੀ ਨੂੰ ਕਾਂਸ਼ਿਅਸ ਨਹੀ ਸਾਂ ਕਰਨਾ ਚਾਹੁੰਦੀ।

ਪਰ ਇਹ ਜਾਨਣ ਤੋਂ ਬਾਅਦ ਕਿ ਮੈਂ ਉਸ ਵੇਲੇ ਘਰ ਆਈ ਸੀ ਜਦੋਂ ਲਾਈਟ ਨਹੀ ਸੀ ਤਾਂ ਮੰਮੀ ਖੁਦ-ਬਖੁਦ ਕਾਂਸਿਅਸ ਹੋ ਗਏ ਸਨ।

”ਮੈਂ ਚਾਹ ਬਣਾ ਕੇ ਲਿਆਉਂਦੀ ਹਾਂ,” ਕਹਿਕੇ ਮੰਮੀ ਉਠ ਕੇ ਰਸੋਈ ‘ਚ ਚਲੇ ਗਏ। ਥੋੜੀ ਦੇਰ ਮਗਰੋਂ ਦੋ ਕੱਪ ਚਾਹ ਟ੍ਰੇਅ ਚ ਰੱਖੀ ਮੰਮੀ ਮੇਰੇ ਕਮਰੇ ‘ਚ ਆਏ ਤੇ ਚੁਪਚਾਪ ਬੈਡ ਤੇ ਬੈਠ ਗਏ। ਉਨ੍ਹਾਂ ਦੇ ਅੰਦਰ ਕੋਈ ਉਥਲ ਪੁਥਲ ਚਲ ਰਹੀ ਸੀ। ਸ਼ਾਇਦ ਰਾਤ ਬਾਰੇ ਸੋਚ ਰਹੇ ਸਨ, ਜਾ ਸ਼ਾਇਦ ਅੰਦਾਜਾ ਲਗਾ ਰਹੇ ਹੋਣ ਕਿ ਮੈਂ ਕਿਸ ਕੁ ਵੇਲੇ ਆਈ ਹੋਵਾਂਗੀ।

ਮੰਮੀ ਦਾ ਚਿਹਰਾ ਮੁਰਝਾ ਗਿਆ ਸੀ। ਉਹ ਅਸਹਿਜ ਮਹਿਸੂਸ ਕਰ ਰਹੇ ਸਨ ਇਕ ਅਚਵੀ ਤੇ ਪਰੇਸ਼ਾਨੀ ਉਨ੍ਹਾਂ ਦੇ ਚਿਹਰੇ ਤੇ ਸਾਫ ਵਿਖਾਈ ਦੇ ਰਹੀ ਸੀ।

ਸ਼ਾਇਦ ਮੰਮੀ ਆਪਣੇ ਆਪ ਨੂੰ ਆਪਣੀ ਜਿੰਦਗੀ ‘ਚੋਂ ਆਪਣੇ ਲਈ ਚੁਰਾਏ ਕੁੱਝ ਪਲਾਂ ਦੇ ਦੋਸ਼ੀ ਸਮਝ ਰਹੇ ਸਨ।

ਮੈਂਨੂੰ ਸਮਝ ਨਹੀ ਸੀ ਆ ਰਹੀ ਕਿ ਮੈਂ ਕਿ ਗੱਲ ਕਰਾਂ। ਮੈਂ ਤੇ ਮੰਮੀ ਚੁਪਚਾਪ ਚਾਹ ਦੀਆਂ ਘੁੱਟਾਂ ਭਰ ਰਹੇ ਸਾਂ।

”ਮੰਮੀ ਮੈਂ ਤੁਹਾਨੂੰ ਅਰਸ਼ਵੀਰ ਬਾਰੇ ਦੱਸਿਆ ਸੀ ਨਾ,” ਮੈਂ ਮੰਮੀ ਦਾ ਧਿਆਨ ਹੋਰ ਪਾਸੇ ਪਾਉਣ ਦਾ ਯਤਨ ਕੀਤਾ।

”ਹਾਂ ,ਪਰ ਤੂੰ ਬਾਅਦ ਵਿਚ ਉਹਦੇ ਬਾਰੇ ਕਦੀ ਕੋਈ ਗੱਲ ਹੀ ਨੀ ਕੀਤੀ, ਕਿਹੋ ਜਿਹਾ ਹੈ ਉਹ? ਮੰਮੀ ਨੇ ਥੋੜਾ ਸਹਿਜ ਹੋਣ ਦੀ ਨਾਕਾਮ ਜਿਹੀ ਕੋਸ਼ਿਸ਼ ਕੀਤੀ।

”ਮੰਮੀ ਉਹ ਬਹੁਤ ਸਮਝਦਾਰ, ਪੜਿਆ ਲਿਖਿਆ ਤੇ ਸੋਹਣਾ ਮੁੰਡਾ ਏ। ਬਹਤੁ ਹਸਮੁੱਖ ਸੁਭਾਅ ਵਾਲਾ ਬਿਲਕੁਲ ਪਾਲ ਅੰਕਲ ਵਰਗਾ,” ਮੈਂ ਆਪਣੇ ਰੌਂਅ ਵਿਚ ਪਤਾ ਨਹੀ ਕਦੋਂ ਕੀ ਕਹਿ ਗਈ ਸਾਂ।

ਮੰਮੀ ਮੇਰੇ ਮੂੰਹ ਵੱਲ ਤੱਕ ਰਹੇ ਸਨ। ਮੈਂ ਝੱਟ ਦੇਣੇ ਮੰਮੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ ਤੇ ਮੰਮੀ ਨੇ ਮੈਨੂੰ। ਕੁਝ ਪਲ ਇੰਝ ਹੀ ਬੀਤ ਗਏ। ਮੰਮੀ ਹੁਣ ਸਕੂਨ ਤੇ ਸਹਿਜ ਅਵਸੱਥਾ ਵਿਚ ਸਨ। ਫਿਰ ਮੈਂ ਮੰਮੀ ਦੀਆਂ ਅੱਖਾਂ ਵਿੱਚ ਅੱਖਾ ਪਾ ਕੇ ਮਹਿਸੂਸ ਕੀਤਾ ਇਕ ਖੂਬਸੂਰਤ ਪਲ ਮੰਮੀ ਦੀਆਂ ਅੱਖਾਂ ਵਿਚ ਹਮੇਸ਼ਾ ਲਈ ਠਹਿਰ ਗਿਆ ਸੀ। ਇਕ ਅਜਿਹਾ ਪਲ ਜਿਹਨੇ ਕਦੀ ਵੀ ਵਕਤ ਦੇ ਵਹਿਣ ‘ਚ ਨਹੀ ਸੀ ਵਹਿਣਾ।

Total Views: 198 ,
Real Estate