ਗਿਆਨੀ ਸੰਤੋਖ ਸਿੰਘ’
Mobile: +61 (0) 435 060 970
E-mail: [email protected]
ਭਾਈ ਤ੍ਰਿਲੋਕਾ ਗ਼ਜ਼ਨੀ ਦੇ ਹਾਕਮ ਦੇ ਹਿਫ਼ਾਜ਼ਤੀ ਦਸਤੇ ਵਿਚ ਸਿਪਾਹਗੀਰੀ ਦੀ ਨੌਕਰੀ ਕਰਦਾ ਸੀ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨੀ ਆਇਆ। ਉਸ ਨੇ ਉਪਦੇਸ਼ ਦੀ ਪ੍ਰਾਪਤੀ ਲਈ ਬੇਨਤੀ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਉਹ ਕੈਸੀ ਕਿਰਤ ਕਰਦਾ ਹੈ। ਭਾਈ ਤ੍ਰਿਲੋਕੇ ਨੇ ਦੱਸਿਆ ਕਿ ਉਹ ਬਾਦਸ਼ਾਹ ਪਾਸ ਸਿਪਾਹਗੀਰੀ ਦੀ ਨੌਕਰੀ ਕਰਦਾ ਹੈ ਤੇ ਉਸ ਦੇ ਖ਼ਾਸ ਹਿਫ਼ਾਜ਼ਤੀ ਦਸਤੇ ਵਿਚ ਹੈ। ਉਸ ਦੇ ਇਹ ਦੱਸਣ ’ਤੇ ਮਹਾਰਾਜ ਜੀ ਨੇ ਉਸ ਨੂੰ ਜੋ ਉਪਦੇਸ਼ ਰਾਹੀਂ ਛੇ ਸਿੱਖਿਆਵਾਂ ਬਖ਼ਸ਼ਿਸ਼ ਕੀਤੀਆਂ, ਉਹ ਸਿੱਖ ਇਤਿਹਾਸ ਵਿਚ ਇਸ ਪ੍ਰਕਾਰ ਅੰਕਤ ਹਨ:
1. ਪਰਮੇਸ਼ਰ ਦੇ ਦਿੱਤੇ ’ਤੇ ਸੰਤੋਖ ਕਰਨਾ;
2. ਜੀਵਾਂ ’ਤੇ ਦਇਆ ਕਰਨੀ;
3. ਕ੍ਰੋਧ ਦਾ ਤਿਆਗ ਕਰਨਾ;
4. ਬਾਣੀ ਦਾ ਪਾਠ ਤੇ ਸਿਮਰਨ ਕਰਨਾ;
5. ਭਾਣਾ ਮੰਨਣਾ;
6. ਅਹੰਕਾਰ ਦਾ ਤਿਆਗ ਕਰਨਾ।
ਭਾਈ ਤ੍ਰਿਲੋਕੇ ਨੇ ਇਹ ਇਸ ਛੇਆਂ ਸਿੱਖਿਆਵਾਂ ਵਾਲਾ ਉਪਦੇਸ਼ ਹਿਰਦੇ ਵਿਚ ਵਸਾ ਲਿਆ ਤੇ ਗੁਰੂ ਦੀ ਕਿਰਪਾ ਸਦਕਾ ਇਸ ’ਤੇ ਅਮਲ ਕਰਨਾ ਆਰੰਭ ਕਰ ਦਿੱਤਾ।
ਬਾਦਸ਼ਾਹ ਦੇ ਹਿਫ਼ਾਜ਼ਤੀ ਦਸਤੇ ਵਿਚ ਸਿਪਾਹੀ ਹੋਣ ਕਰਕੇ ਹਰ ਸਮੇ ਉਸ ਦੇ ਨਾਲ ਹੀ ਰਹਿਣਾ ਪੈਂਦਾ ਸੀ ਤੇ ਸ਼ਿਕਾਰ ਆਦਿ ਸਮੇ ਵੀ ਸਾਥ ਦੇਣਾ ਹੀ ਪੈਂਦਾ ਸੀ। ਇਕ ਦਿਨ ਸ਼ਿਕਾਰ ਖੇਡਦਿਆਂ ਝਾੜੀ ਵਿਚੋਂ ਇਕ ਹਿਰਨੀ ਨਿਕਲ ਕੇ ਅੱਗੇ ਭੱਜ ਤੁਰੀ। ਭਾਈ ਤ੍ਰਿਲੋਕਾ, ਜੋ ਕਿ ਬਾਦਸ਼ਾਹ ਦੇ ਨਾਲ ਹੀ ਘੋੜੇ ਉਪਰ ਸਵਾਰ ਸੀ, ਉਸ ਨੇ ਉਸ ਦੇ ਪਿੱਛੇ ਘੋੜਾ ਦੌੜਾ ਕੇ, ਉਸ ਭੱਜ ਰਹੀ ਹਿਰਨੀ ’ਤੇ ਤਲਵਾਰ ਦਾ ਵਾਰ ਕਰ ਦਿੱਤਾ ਜਿਸ ਨਾਲ ਹਿਰਨੀ ਦਾ ਪੇਟ ਚਾਕ ਹੋ ਗਿਆ। ਗਰਭਵਤੀ ਹੋਣ ਕਰਕੇ ਉਸ ਦੇ ਪੇਟ ਵਿਚੋਂ ਦੋ ਬੱਚੇ ਨਿਕਲੇ ਤੇ ਭਾਈ ਤ੍ਰਿਲੋਕੇ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਬੱਚਿਆਂ ਦੇ ਤੜਫ਼ ਤੜਫ਼ ਕੇ ਪਰਾਣ ਨਿਕਲ ਗਏ। ਹਿਰਨੀ ਦੇ ਬੱਚਿਆਂ ਦੀ ਇਸ ਪ੍ਰਕਾਰ ਹੋਈ ਦਰਦਨਾਕ ਮੌਤ ਦਾ ਕਰੁਣਾਮਈ ਦ੍ਰਿਸ਼ ਵੇਖ ਕੇ ਭਾਈ ਜੀ ਦਾ ਹਿਰਦਾ ਦ੍ਰਵ ਗਿਆ ਤੇ ਮਨ ਵਿਚ ਸੋਚ ਵੀ ਆਈ ਕਿ ਗੁਰੂ ਜੀ ਦਾ ਦੂਜਾ ਬਚਨ ਭੰਗ ਹੋ ਗਿਆ ਹੈ।
ਭਾਈ ਜੀ ਦੀ ਨੌਕਰੀ ਐਸੀ ਸੀ ਕਿ ਬਾਦਸ਼ਾਹ ਦੇ ਹਿਫ਼ਾਜ਼ਤੀ ਦਸਤੇ ਦਾ ਮੈਂਬਰ ਹੋਣ ਕਰਕੇ ਉਸ ਦੇ ਨਾਲ ਹੀ ਹਰ ਸਮੇ ਰਹਿਣਾ ਪੈਂਦਾ ਸੀ ਤੇ ਇਸ ਦੌਰਾਨ ਸ਼ਿਕਾਰ ਸਮੇ ਵੀ ਉਸ ਦੇ ਨਾਲ ਹੀ ਜਾਣਾ ਹੁੰਦਾ ਸੀ। ਉਸ ਨੇ ਸੋਚ ਕੇ ਲੋਹੇ ਦੀ ਤਲਵਾਰ ਦੇ ਥਾਂ ਲੱਕੜ ਦੀ ਤਲਵਾਰ ਮਿਆਨ ਵਿਚ ਪਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਤਲਵਾਰ ਨਾਲ ਕਿਸੇ ਮਾਸੂਮ ਜੀਵ ਦੀ ਹੱਤਿਆ ਨਾ ਹੋ ਜਾਵੇ। ਕਿਸੇ ਸਾਥੀ ਨੇ ਇਹ ਗੱਲ ਬਾਦਸ਼ਾਹ ਤੱਕ ਵੀ ਪੁਚਾ ਦਿੱਤੀ ਕਿ ਭਾਈ ਤ੍ਰਿਲੋਕਾ ਆਪਣੇ ਪਾਸ ਲੋਹੇ ਦੀ ਥਾਂ ਲੱਕੜ ਦੀ ਤਲਵਾਰ ਰੱਖਦਾ ਹੈ। ਬਾਦਸ਼ਾਹ ਦੇ ਮਨ ਉਪਰ ਭਾਈ ਤ੍ਰਿਲੋਕੇ ਦੀ ਦਿਆਨਤਦਾਰੀ, ਵਫ਼ਾਦਾਰੀ ਤੇ ਉਚੇ ਜੀਵਨ ਦਾ ਚੰਗਾ ਪ੍ਰਭਾਵ ਸੀ। ਇਸ ਕਰਕੇ ਬਾਦਸ਼ਾਹ ਨੇ ਇਕੱਲੇ ਭਾਈ ਤ੍ਰਿਲੋਕੇ ਦੀ ਤਲਵਾਰ ਪਰਖਣ ਦੀ ਥਾਂ ਸਾਰੇ ਸਿਪਾਹੀਆਂ ਦੀਆਂ ਤਲਵਾਰਾਂ ਦਾ ਮੁਆਇਨਾ ਕਰਨ ਦਾ ਪ੍ਰੋਗਰਾਮ ਬਣਾ ਲਿਆ ਤਾਂ ਕਿ ਭਾਈ ਤ੍ਰਿਲੋਕਾ ਜੀ ਆਪਣੇ ਉਪਰ ਸ਼ੱਕ ਕੀਤਾ ਗਿਆ ਨਾ ਸਮਝਣ ਤੇ ਇਸ ਨੂੰ ਆਮ ਹੀ ਸਾਰਿਆਂ ਵਾਸਤੇ ਸਾਂਝੀ ਘਟਨਾ ਹੀ ਸਮਝਣ। ਭਰੇ ਦਰਬਾਰ ਵਿਚ ਵਾਰੀ ਵਾਰੀ ਸਾਰਿਆਂ ਦੀਆਂ ਤਲਵਾਰਾਂ ਪਰਖੀਆਂ ਜਾ ਰਹੀਆਂ ਸਨ। ਇਸ ਦੌਰਾਨ ਭਾਈ ਸਾਹਿਬ ਜੀ ਗੁਰੂ ਚਰਨਾਂ ਵਿਚ ਆਪਣੇ ਸਿੱਖ ਦੀ ਪੈਜ ਰੱਖਣ ਲਈ ਅਰਜ਼ੋਈ ਕਰਦੇ ਰਹੇ। “ਅਪਨੇ ਸੇਵਕ ਕੀ ਆਪੇ ਰਾਖੈ” ਅਨੁਸਾਰ, ਵਾਰੀ ਆਈ ਤੇ ਜਦੋਂ ਪਰਖ ਵਾਸਤੇ ਭਾਈ ਸਾਹਿਬ ਦੀ ਤਲਵਾਰ ਮਿਆਨ ਵਿਚੋਂ ਬਾਹਰ ਨਿਕਲੀ ਤਾਂ ਬਾਦਸ਼ਾਹ ਨੂੰ ਉਸ ਦੀ ਅਨੋਖੀ ਲਿਸ਼ਕਾਰ ਨੇ ਅਤੀ ਪ੍ਰਭਾਵਤ ਕੀਤਾ।
ਅਜਿਹੀਆਂ ਹੋਰ ਵੀ ਬੇਅੰਤ ਸਾਖੀਆਂ ਦਾ ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ। ਗੁਰੂ ਕੇ ਸ਼ਰਧਾਵਾਨ ਤੇ ਭਰੋਸੇ ਵਾਲੇ ਸਿੱਖਾਂ ਦਾ ਇਹ ਪੂਰਨ ਵਿਸ਼ਵਾਸ ਹੈ ਕਿ ਨਿਰੰਕਾਰ ਤੇ ਸਤਿਗੁਰੂ ਆਪਣੇ ਸੇਵਕਾਂ ਦੀ ਪੈਜ ਆਪ ਰੱਖਦਾ ਹੈ। ਇਸ ਤਰ੍ਹਾਂ ਸ਼ਰਧਾਵਾਨਾਂ ਵਾਸਤੇ ਉਹਨਾਂ ਦਾ ‘ਢੋਆ’ ਬਣ ਕੇ ਬਹੁੜਦਾ ਹੈ।