ਭਾਰਤ ਵਿਚ ਫਿਰ ਤੋਂ ਰੋਜ਼ਾਨਾ ਦੇ ਨਵੇਂ ਕੇਸ ਇਕ ਲੱਖ ਤੋਂ ਪਾਰ

69

ਭਾਰਤ ਵਿੱਚ ਕਰੋਨਾਵਾਇਰਸ ਦੇ ਇਕ ਦਿਨ ਵਿਚ ਆਉਣ ਵਾਲੇ ਮਾਮਲੇ, 214 ਦਿਨਾਂ ਬਾਅਦ ਇਕ ਲੱਖ ਤੋਂ ਵੱਧ ਦਰਜ ਕੀਤੇ ਗਏ, ਜਿਸ ਨਾਲ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3,52,26,386 ਹੋ ਗਈ ਹੈ। ਇਨ੍ਹਾਂ ਵਿੱਚੋਂ 27 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਓਮੀਕਰੋਨ ਸਰੂਪ ਦੇ 3007 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਸਾਹਮਣੇ ਆਏ ਓਮੀਕਰੋਨ ਦੇ ਕੁੱਲ ਮਾਮਲਿਆਂ ਵਿੱਚੋਂ 1199 ਲੋਕ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਚਲੇ ਗਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 876 ਮਾਮਲੇ ਆਏ। ਇਸ ਤੋਂ ਬਾਅਦ ਦਿੱਲੀ ਵਿਚ 465, ਕਰਨਾਟਕ ’ਚ 33, ਰਾਜਸਥਾਨ ਵਿਚ 291, ਕੇਰਲ ਵਿਚ 284 ਅਤੇ ਗੁਜਰਾਤ ਵਿਚ 204 ਮਾਮਲੇ ਆਏ। ਅੱਜ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟੇ ’ਚ ਇਸ ਮਹਾਮਾਰੀ ਦੇ 1,17,000 ਨਵੇਂ ਕੇਸ ਸਾਹਮਣੇ ਆਏ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 3,71,363 ਹੋ ਗਈ ਹੈ। ਦੇਸ਼ ਵਿਚ ਪਿਛਲੇ ਸਾਲ 7 ਜੂਨ ਨੂੰ ਇਕ ਲੱਖ ਤੋਂ ਵੱਧ ਮਾਮਲੇ ਆਏ ਸਨ ਅਤੇ ਉਦੋਂ ਕੁੱਲ 1,00,636 ਮਾਮਲੇ ਦਰਜ ਕੀਤੇ ਗਏ ਸਨ। ਇਸੇ ਦੌਰਾਨ ਉੜੀਸਾ ਦੇ ਸਿਹਤ ਮੰਤਰੀ ਨਵ ਕਿਸ਼ੋਰ ਦਾਸ ਨੇ ਟਵੀਟ ਕਰ ਕੇ ਅੱਜ ਦੱਸਿਆ ਕਿ ਉਹ ਕਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ। ਉਨ੍ਹਾਂ ਸੰਪਰਕ ਵਿਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

Real Estate