ਚੋਣ ਜਾਬਤਾ ਲਗਾਉਣ ਦੀਆਂ ਤਿਆਰੀਆਂ ਸ਼ੁਰੂ

70

ਭਾਰਤੀ ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਕੇਂਦਰੀ ਗ੍ਰਹਿ ਤੇ ਸਿਹਤ ਸਕੱਤਰਾਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕਰਕੇ ਪੰਜਾਬ ਸਣੇ ਅਗਾਮੀ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਅਮਨ-ਕਾਨੂੰਨ ਤੇ ਕੋਵਿਡ-19 ਹਾਲਾਤ ਦੀ ਸਮੀਖਿਆ ਕੀਤੀ।ਇਸ ਤੋਂ ਬਾਅਦ ਚੋਣ ਜਾਬਤਾ ਜਲਦ ਲੱਗਣ ਦੇ ਆਸਾਰ ਬਣ ਗਏ ਹਨ । ਕਮਿਸ਼ਨ ਨੇ ਮੀਟਿੰਗਾਂ ਦੌਰਾਨ ਵੋਟਿੰਗ ਦੇ ਜਮਹੂਰੀ ਅਮਲ ਦੌਰਾਨ ਜ਼ਰੂਰੀ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਉਣ ਤੇ ਸਾਰੇ ਯੋਗ ਵਿਅਕਤੀਆਂ ਦੇ ਟੀਕਾਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਚੋਣ ਕਮਿਸ਼ਨ ਵੱਲੋਂ ਸਮੀਖਿਆ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਨ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਸਣੇ ਪੰਜ ਰਾਜਾਂ ਵਿੱਚ ਚੋਣ ਤਰੀਕਾਂ ਦਾ ਐਲਾਨ ਛੇਤੀ ਹੀ ਹੋ ਸਕਦਾ ਹੈ। ਚੋਣ ਕਮਿਸ਼ਨ ਨੇ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਕੀਤੀ ਮੁਲਾਕਾਤ ਦੌਰਾਨ ਪੰਜ ਰਾਜਾਂ- ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਤੇ ਮਨੀਪੁਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਮੀਖਿਆ ਕੀਤੀ। ਚੋਣ ਕਮਿਸ਼ਨ ਇਨ੍ਹਾਂ ਪੰਜ ਰਾਜਾਂ ਵਿੱਚ ਚੋਣ ਤਰੀਕਾਂ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਸਕਦਾ ਹੈ। ਕੋਵਿਡ ਹਾਲਾਤ ਦੇ ਜਾਇਜ਼ੇ ਲਈ ਸੱਦੀ ਮੀਟਿੰਗ ਵਿੱਚ ਸਿਹਤ ਸਕੱਤਰ ਰਾਜੇਸ਼ ਭੂਸ਼ਣ ਤੋਂ ਇਲਾਵਾ ਏਮਸ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਤੇ ਆਈਸੀਐੱਮਆਰ ਦੇ ਬਲਰਾਮ ਭਾਰਗਵ ਵੀ ਮੌਜੂਦ ਸਨ। ਚੋਣ ਕਮਿਸ਼ਨ ਨੇ ਕੋਵਿਡ-19 ਹਾਲਾਤ ਦੀ ‘ਮੁਕੰਮਲ ਸਮੀਖਿਆ’ ਕਰਦਿਆਂ ਮੈਡੀਕਲ ਮਾਹਿਰਾਂ ਤੋਂ ਚੋਣ ਪ੍ਰਚਾਰ ਤੇ ਵੋਟਿੰਗ ਦੌਰਾਨ ਕੀਤੇ ਜਾਣ ਵਾਲੇ ‘ਸੁਰੱਖਿਆ ਉਪਰਾਲਿਆਂ’ ਬਾਰੇ ਤਫ਼ਸੀਲ ’ਚ ਜਾਣਕਾਰੀ ਲਈ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਿਹਤ ਸਕੱਤਰ ਨੂੰ ਸਾਰੇ ਯੋਗ ਵਿਅਕਤੀਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਸਿਹਤ ਸਕੱਤਰ ਨਾਲ 27 ਦਸੰਬਰ ਨੂੰ ਕੀਤੀ ਮੀਟਿੰਗ ਦੌਰਾਨ ਚੋਣ ਕਮਿਸ਼ਨ ਨੇ ਉਪਰੋਕਤ ਪੰਜ ਰਾਜਾਂ ਵਿੱਚ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਸਾਰੇ ਚੋਣ ਅਮਲੇ ਨੂੰ ਵੀ ਕਰੋਨਾ ਤੋਂ ਬਚਾਅ ਦੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵੀ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

Real Estate