ਐਲਾਨਾਂ ਤੇ ਅਮਲ ਹੋ ਰਿਹਾ ਹੈ, ਵਿਰੋਧੀ ਗਲਤ ਪ੍ਰਚਾਰ ਕਰ ਰਹੇ ਹਨ -ਮੁੱਖ ਮੰਤਰੀ

91


ਕੇਜਰੀਵਾਲ ਕਾਲਾ ਅੰਗਰੇਜ, ਭਾਜਪਾ ਪੰਜਾਬ ਦੀ ਦੁਸਮਣ ਪਾਰਟੀ- ਚੰਨੀ
ਬਠਿੰਡਾ, 30 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਸ ਜਿਲ੍ਹੇ ਦੀ ਮੰਡੀ ਰਾਮਪੁਰਾ ਫੂਲ ਵਿਖੇ ਪਹੁੰਚ ਕੇ ਸਰਕਾਰੀ ਆਈ ਟੀ ਆਈ ਲੜਕੀਆਂ ਦਾ ਨੀਂਹ ਪੱਥਰ ਰੱਖਿਆ। ਇਸਤੋਂ ਇਲਾਵਾ ਵੈਟਰਨਰੀ ਯੂਨੀਵਰਸਿਟੀ ਵਿਖੇ ਬਣਨ ਵਾਲੇ ਵੈਟਰਨਰੀ ਸਾਇੰਸ ਕਾਲਜ ਅਤੇ ਇੱਕ ਓਵਰ ਬਰਿਜ ਦਾ ਵੀ ਨੀਂਹ ਪੱਥਰ ਰੱਖਿਆ। ਇਸ ਉਪਰੰਤ ਉਹਨਾਂ ਦਾਣਾ ਮੰਡੀ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕੀਤਾ।
ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਵਿਰੋਧੀ ਇਹ ਇਲਜਾਮ ਲਾ ਰਹੇ ਹਨ, ਕਿ ਮੁੱਖ ਮੰਤਰੀ ਕੇਵਲ ਐਲਾਨ ਹੀ ਕਰਦੇ ਹਨ ਅਮਲ ਵਿੱਚ ਕੁੱਝ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਲੋਕ ਪੈਟਰੌਲ ਪੰਪ ਤੇ ਜੇਕਰ ਪੰਜਾਹ ਲਿਟਰ ਪੈਟਰੌਲ ਪਵਾਉਣ ਤਾਂ ਪੰਜ ਸੌ ਰੁਪਏ ਬਚਦੇ ਹਨ ਅਤੇ ਜੇ ਡੀਜ਼ਲ ਦਾ ਡਰੰਮ ਭਰਾਉਣ ਤਾਂ ਇੱਕ ਹਜ਼ਾਰ ਰੁਪਏ ਬਚਦੇ ਹਨ, ਕੀ ਇਹ ਅਮਲ ਨਹੀਂ ਹੈ? ਜੋ ਲੋਕਾਂ ਨੂੰ ਦਿਖਾਈ ਦਿੰਦਾ ਹੈ। ਇਸੇ ਤਰ•ਾਂ ਸਰਕਾਰ ਨੇ ਨਵੀਆਂ ਸਰਕਾਰੀ ਬੱਸਾਂ ਪਾਉਣ ਦਾ ਐਲਾਨ ਕੀਤਾ ਸੀ ਅਤੇ ਕੱਲ 840 ਬੱਸਾਂ ਨੂੰ ਝੰਡੀ ਦੇ ਕੇ ਤੋਰ ਦਿੱਤਾ ਹੈ ਕੀ ਇਹ ਅਮਲ ਨਹੀਂ ਹੈ? ਇਸੇ ਤਰ੍ਹ ਮੁਲਾਜਮਾਂ ਪੈਨਸਰਾਂ ਬਾਰੇ ਜੋ ਐਲਾਨ ਕੀਤੇ ਸਨ, ਉਹਨਾਂ ਤੇ ਅਮਲ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦਰ ਕੇਜਰੀਵਾਲ ਤੇ ਵਰ੍ਹਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪਹਿਲਾਂ ਪੰਜਾਬ ਨੂੰ ਲੁੱਟਣ ਲਈ ਚਿੱਟੇ ਅੰਗਰੇਜ ਆਏ ਸਨ ਅਤੇ ਹੁਣ ਕਾਲੇ ਅੰਗਰੇਜ ਆ ਗਏ ਹਨ। ਭਾਜਪਾ ਬਾਰੇ ਉਹਨਾਂ ਕਿਹਾ ਕਿ ਇਹ ਪੰਜਾਬ ਦੀ ਦੁਸਮਣ ਜਮਾਤ ਹੈ, ਜਿਸਨੇ ਹਮੇਸ਼ਾਂ ਪੰਜਾਬ ਦਾ ਨੁਕਸਾਨ ਕਰਨ ਦੀ ਹੀ ਸੋਚੀ ਹੈ। ਪਰ ਦੁੱਖ ਦੀ ਗੱਲ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵਰਗੇ ਵੀ ਉਸ ਨਾਲ ਰਲ ਗਏ ਹਨ। ਨਸ਼ਿਆਂ ਦੀ ਰੋਕਥਾਮ ਬਾਰੇ ਰਾਜ ਸਰਕਾਰ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਵਿੱਚ ਇਹ ਕਹਾਵਤ ਬਣ ਚੁੱਕੀ ਸੀ ਕਿ ‘ਗੱਡੀ ਟਾਟਾ ਦੀ ਜੁੱਤੀ ਬਾਟਾ ਦੀ ਅਤੇ ਚਿੱਟਾ ਮਜੀਠੀਏ ਦਾ।’ ਪਰ ਹੁਣ ਮਜੀਠੀਆ ਕਿੱਥੇ ਹੈ, ਲੱਭਿਆਂ ਵੀ ਨਹੀ ਲੱਭਦਾ ਕੀ ਇਹ ਨਸ਼ਿਆਂ ਦੇ ਸੁਦਾਗਰਾਂ ਵਿਰੁੱਧ ਕਾਰਵਾਈ ਨਹੀਂ ਹੈ?
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਲੋਕਾ ਨੂੰ ਕਹਿ ਰਹੇ ਹਨ ਕਿ ਬਾਦਲਾਂ ਦਾ ਰਾਜ ਵੀ ਤੁਸਾਂ ਵੇਖ ਲਿਆ ਹੈ ਅਤੇ ਕਾਂਗਰਸ ਦਾ ਵੀ। ਹੁਣ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇ ਕੇ ਵੇਖੋ। ਇਸ ਪ੍ਰਚਾਰ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਤਾਂ ਕੇਵਲ ਤਿੰਨ ਕੁ ਮਹੀਨੇ ਦਾ ਹੀ ਸਮਾਂ ਮਿਲਿਆ ਹੈ, ਲੋਕ ਮੇਰੀ ਸਰਕਾਰ ਦੀ ਕਾਰਗੁਜਾਰੀ ਜਰੂਰ ਵੇਖਣਗੇ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੇ ਗੁੰਮਰਾਹਕੁੰਨ ਬਿਆਨਾਂ ਸੁਚੇਤ ਰਹਿਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸਾਥ ਦੇਣ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਜਦ ਸ੍ਰੀ ਚੰਨੀ ਸਟੇਜ ਤੇ ਆਏ ਤਾਂ ਉਹਨਾਂ ਪੰਡਾਲ ਤੋਂ ਬਾਹਰ ਖੜੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਸੁਰੱਖਿਆ ਕਰਮਚਾਰੀਆਂ ਨੂੰ ਸਟੇਜ ਦੇ ਐਨ ਮੂਹਰੇ ਬਣਾਈ ‘ਡੀ’ ਦੇ ਜੰਗਲੇ ਖੋਹਲਣ ਦਾ ਹੁਕਮ ਦਿੱਤਾ। ਜੰਗਲੇ ਖੋਹਲਣ ਤੇ ਕਾਫ਼ੀ ਮਰਦ ਔਰਤਾਂ ਡੀ ਵਿੱਚ ਆ ਕੇ ਬੈਠ ਗਏ। ਜਦ ਸ੍ਰੀ ਚੰਨੀ ਸੰਬੋਧਨ ਕਰਨ ਲਈ ਉੱਠੇ ਤਾਂ ਡੀ ਵਿੱਚ ਬੈਠੇ ਲੋਕਾਂ ਚੋਂ ਕੁੱਝ ਕੁ ਨੇ ਸ੍ਰੀ ਚੰਨੀ ਵਿਰੋਧੀ ਨਾਅਰੇ ਲਾਉਣੇ ਸੁਰੂ ਕਰ ਦਿੱਤੇ। ਇਸ ਮੌਕੇ ਸ੍ਰੀ ਚੰਨੀ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ, ‘‘ਪੰਜ ਸੱਤ ਕੁ ਬੰਦੇ ਹੀ ਹਨ, ਇਹਨਾਂ ਨੂੰ ਪਿਆਰ ਨਾਲ ਬਾਹਰ ਲੈ ਜਾਵੋ।’’ ਜਦ ਪੁਲਿਸ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਪੰਡਾਲ ਤੋਂ ਬਾਹਰ ਲੈ ਗਏ ਤਾਂ ਮਹੌਲ ਸਾਂਤ ਹੋ ਗਿਆ ਅਤੇ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸੁਰੂ ਕੀਤਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਹਰ ਪੰਜਾਬੀ ਨੂੰ ਬਣਦਾ ਹੱਕ ਦੇਣ ਲਈ ਵਚਨਬੱਧ ਹੈ, ਪਰੰਤੂ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕੀਤਾ ਜਾਵੇਗਾ। ਇੱਕ ਵਿਭਾਗ ਦਾ ਪੈਸਾ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ। ਕਿਸੇ ਦੇ ਦਬਾਅ ਅਧੀਨ ਪੈਸਾ ਕਿਸੇ ਇੱਕ ਧਿਰ ਨੂੰ ਨਹੀਂ ਦਿੱਤਾ ਜਾਵੇਗਾ, ਪਰ ਲੋਕਾਂ ਦਾ ਪੈਸਾ ਲੋਕਾਂ ਨੂੰ ਜਰੂਰ ਦੇਵਾਂਗੇ ਅਤੇ ਦੇ ਰਹੇ ਹਾਂ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਮਪੁਰਾ ਵਿਖੇ ਨਵੀਂ ਬਣਨ ਵਾਲੀ ਆਈ ਟੀ ਆਈਜ਼ ਨੂੰ ਰਿਫਾਇਨਰੀ ਨਾਲ ਜੋੜ ਕੇ ਅਜਿਹੇ ਕੋਰਸ ਕਰਵਾਏ ਜਾਣ, ਜਿਸ ਸਦਕਾ ਉਹਨਾਂ ਨੂੰ ਨੌਕਰੀ ਮਿਲ ਸਕੇ। ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਜੋ ਇਸ ਹਲਕੇ ਦੇ ਪ੍ਰਤੀਨਿਧ ਹਨ, ਨੇ ਪਿੰਡ ਭਾਈਰੂਪਾ ਵਿਖੇ ਡਾ: ਅੰਬੇਦਕਰ ਭਵਨ ਬਣਾਉਣ, ਸਿਵਲ ਹਸਪਤਾਲ ਨੂੰ ਵਧਾ ਕੇ ਸੌ ਬੈੱਡ ਦਾ ਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਫੰਡ ਜਾਰੀ ਕਰਨ ਦੀ ਮੰਗ ਕੀਤੀ। ਜਿਹਨਾਂ ਨੂੰ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ। ਸਮਾਗਮ ਨੂੰ ਫਰੀਦਕੋਟ ਹਲਕੇ ਦੇ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਰਵਿੰਦਰ ਸਿੰਘ ਆਂਵਲਾ ਵਿਧਾਇਕ ਵੀ ਹਾਜਰ ਸਨ।

Real Estate