ਦਿੱਲੀ : ਸਕੂਲ, ਕਾਲਜ ਤੇ ਜਿਮ ਬੰਦ

89

ਓਮੀਕਰੋਨ ਦੇ ਤੇਜ਼ੀ ਨਾਲ ਵੱਧਦੇ ਕੇਸਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ‘ਯੈਲੋ’ ਅਲਰਟ ਜਾਰੀ ਕੀਤਾ ਹੈ ਅਤੇ ਜਿਸ ਤਹਿਤ ਕੌਮੀ ਰਾਜਧਾਨੀ ’ਚ ਰਾਤ ਦਸ ਵਜੇ ਤੋਂ ਸਵੇਰੇ 5 ਵਜੇ ਤੱਕ ਰਾਤਰੀ ਕਰਫਿਊ ਲਾਗੂ ਰਹੇਗਾ। ਸਕੂਲ, ਕਾਲਜ, ਸਿਨੇਮਾ ਤੇ ਜਿਮ ਬੰਦ ਰਹਿਣਗੇ, ਗ਼ੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਸਤ-ਟਾਂਕ (ਔਡ-ਈਵਨ) ਦੇ ਆਧਾਰ ’ਤੇ ਖੁੱਲ੍ਹਣਗੀਆਂ ਤੇ ਮੈਟਰੋ ਤੇ ਬੱਸਾਂ 50 ਫੀਸਦ ਦੀ ਸਮਰੱਥਾ ਨਾਲ ਚੱਲਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੋਵਿਡ-19 ਦੀ ਸਥਿਤੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਦਿੱਲੀ ਵਿੱਚ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਵਿੱਚ ਲਾਗ ਦੇ ਹਲਕੇ ਲੱਛਣ ਹਨ। ਉਨ੍ਹਾਂ ਕਿਹਾ ਕਿ ਯੈਲੋ ਅਲਰਟ ਤਹਿਤ ਨਿਰਧਾਰਤ ਪੈਮਾਨਿਆਂ ਅਨੁਸਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ 10 ਗੁਣਾ ਵੱਧ ਤਿਆਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸਾਂ ’ਚ ਵਾਧਾ ਹੋਇਆ ਪਰ ਆਕਸੀਜਨ ਦੀ ਖਪਤ ਤੇ ਵੈਂਟੀਲੇਟਰ ਦੀ ਵਰਤੋਂ ’ਚ ਵਾਧਾ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਕਰੋਨਾ ਸਬੰਧੀ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੌਮੀ ਰਾਜਧਾਨੀ ਵਿੱਚ ਪਹਿਲੇ ਪੱਧਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਅਨੁਸਾਰ ਗੈਰਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀਆਂ ਦੁਕਾਨਾਂ ਤੇ ਅਦਾਰੇ, ਮਾਲਜ਼ ਜਿਸਤ-ਟਾਂਕ ਫਾਰਮੂਲੇ ਦੇ ਆਧਾਰ ’ਤੇ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਵਿਆਹ ਸਮਾਗਮਾਂ ਤੇ ਸਸਕਾਰ ਮੌਕੇ 20 ਵਿਅਕਤੀਆਂ ਦੀ ਹਾਜ਼ਰੀ ਦੀ ਆਗਿਆ ਹੋਵੇਗੀ ਜਦਕਿ ਹੋਰ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਤੇ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਵਿੱਚ ਇਕੱਠ ਦੀ ਮਨਾਹੀ ਹੋਵੇਗੀ। ਨਾਲ ਹੀ ਦਿੱਲੀ ਮੈਟਰੋ 50 ਫੀਸਦ ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਨਾਲ ਚੱਲੇਗੀ, ਆਟੋ ਰਿਕਸ਼ਾ ਤੇ ਕੈਬ ਦੋ ਯਾਤਰੀਆਂ ਨੂੰ ਲਿਜਾ ਸਕਦੇ ਹਨ। ਬੱਸਾਂ ਵੀ 50 ਫੀਸਦ ਮੁਸਾਫਰਾਂ ਦੀ ਸਮਰੱਥਾ ਨਾਲ ਚੱਲਣਗੀਆਂ। ਇਸ ਦੌਰਾਨ, ਰਿਹਾਇਸ਼ੀ ਕੰਪਲੈਕਸ ਤੇ ਆਸ-ਪਾਸ ਦੇ ਖੇਤਰਾਂ ਸਮੇਤ ਸਾਰੀਆਂ ਇਕੱਲੀਆਂ ਦੁਕਾਨਾਂ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਆਗਿਆ ਹੈ। ਰੈਸਟੋਰੈਂਟ ਸਵੇਰੇ 8 ਤੋਂ ਰਾਤ ਦਸ ਵਜੇ ਤੱਕ ਜਦਕਿ ਬਾਰ ਦੁਪਹਿਰ 12 ਤੋਂ ਰਾਤ ਦਸ ਵਜੇ ਤੱਕ 50 ਫੀਸਦ ਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਪ੍ਰਾਈਵੇਟ ਦਫਤਰਾਂ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 50 ਫੀਸਦ ਸਟਾਫ ਨਾਲ ਕੰਮ ਕਰਨ ਦੀ ਆਗਿਆ ਹੈ। ਸਕੂਲ, ਕਾਲਜ, ਸਪੋਰਟਸ ਕੰਪਲੈਕਸ, ਸਿਨੇਮਾ ਹਾਲ, ਸਪਾ ਤੇ ਮੈਰਿਜ ਹਾਲ ਬੰਦ ਰਹਿਣਗੇ।

Real Estate