ਬੱਚਿਆਂ ਨੂੰ ਟੀਕੇ ਲਾਉਣ ਦਾ ਮੋਦੀ ਦਾ ਫੈਸਲਾ ਅਵਿਗਿਆਨਕ !

82

ਏਮਜ਼ ਵਿਚ ਬਾਲਗਾਂ ਤੇ ਬੱਚਿਆਂ ‘ਤੇ ਕੋਵੈਕਸੀਨ ਟਰਾਇਲਾਂ ਦੇ ਪਿ੍ੰਸੀਪਲ ਇਨਵੈਸਟੀਗੇਟਰ ਤੇ ਸੀਨੀਅਰ ਮਹਾਂਮਾਰੀ ਵਿਗਿਆਨੀ ਡਾ। ਸੰਜੇ ਕੇ ਰਾਏ ਨੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੈਕਸੀਨੇਟ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ
ਅਵਿਗਿਆਨਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਦਾ ਕੋਈ ਵਾਧੂ ਲਾਭ ਨਹੀਂ ਹੋਣਾ । ਡਾ। ਰਾਏ, ਜਿਹੜੇ ਇੰਡੀਅਨ ਪਬਲਿਕ ਹੈੱਲਥ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਇਹ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਦੇਸ਼ਾਂ ਦੇ ਅੰਕੜਿਆਂ ਦਾ ਨਿਰੀਖਣ ਕਰ ਲੈਣਾ ਚਾਹੀਦਾ ਸੀ, ਜਿਹੜੇ ਬੱਚਿਆਂ ਨੂੰ ਟੀਕੇ ਲਾਉਣੇ ਸ਼ੁਰੂ ਕਰ ਚੁੱਕੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਰਾਤ ਕੌਮ ਨੂੰ ਸੰਬੋਧਨ ਕਰਦਿਆਂ ਐਲਾਨਿਆ ਸੀ ਕਿ 15 ਤੋਂ 18 ਸਾਲ ਦੇ ਬੱਚਿਆਂ ਨੂੰ 3 ਜਨਵਰੀ ਤੋਂ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ ਜਾਣਗੇ । ਇਸ ਨਾਲ ਸਕੂਲ-ਕਾਲਜ ਜਾਂਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਚਿੰਤਾਵਾਂ ਘਟਣਗੀਆਂ ਅਤੇ ਸਕੂਲਾਂ ਵਿਚ ਪੜ੍ਹਾਈ ਨਾਰਮਲ ਹੋ ਜਾਵੇਗੀ । ਡਾ। ਰਾਏ ਨੇ ਟਵੀਟ ਕੀਤਾ ਹੈ-ਮੈਂ ਮੋਦੀ ਦਾ ਵੱਡਾ ਪ੍ਰਸੰਸਕ ਹਾਂ, ਪਰ ਉਨ੍ਹਾ ਦੇ ਬੱਚਿਆਂ ਨੂੰ ਵੈਕਸੀਨੇਟ ਕਰਨ ਦੇ ਅਵਿਗਿਆਨਕ ਫੈਸਲੇ ਨੇ ਮੈਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ । ਆਪਣੀ ਨੁਕਤੇ ਨੂੰ ਤਫਸੀਲ ਨਾਲ ਸਮਝਾਉਂਦਿਆਂ ਡਾ। ਰਾਏ ਨੇ ਕਿਹਾ ਕਿ ਕੋਈ ਵੀ ਕੰਮ ਕਰਨ ਦਾ ਸਪੱਸ਼ਟ ਉਦੇਸ਼ ਹੋਣਾ ਚਾਹੀਦਾ ਹੈ । ਉਦੇਸ਼ ਇਹ ਹੈ ਕਿ ਕੋਰੋਨਾ ਦੀ ਲਾਗ ਜਾਂ ਉਸ ਦੀ ਮਾਰ ਰੋਕਣੀ ਹੈ ਜਾਂ ਦੋਨੋਂ ਰੋਕਣੀਆਂ ਹਨ । ਵੈਕਸੀਨਾਂ ਬਾਰੇ ਹੁਣ ਤੱਕ ਜੋ ਜਾਣਕਾਰੀਆਂ ਮਿਲੀਆਂ ਹਨ, ਉਹ ਲਾਗ ਨੂੰ ਢਾਹ ਲਾਉਣ ਦੇ ਯੋਗ ਨਹੀਂ । ਕੁਝ ਦੇਸ਼ਾਂ ਵਿਚ ਲੋਕ ਬੂਸਟਰ ਡੋਜ਼ ਲੈਣ ਦੇ ਬਾਅਦ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ । ਬਰਤਾਨੀਆ ਵਿਚ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਲਾਗ ਲੱਗ ਰਹੀ ਹੈ । ਇਸ ਤੋਂ ਸਾਬਤ ਹੁੰਦਾ ਹੈ ਕਿ ਵੈਕਸੀਨਾਂ ਲਾਗ ਨਹੀਂ ਰੋਕ ਰਹੀਆਂ, ਸਗੋਂ ਕੋਰੋਨਾ ਦੀ ਮਾਰ ਤੇ ਉਸ ਤੋਂ ਹੋਣ ਵਾਲੀਆਂ ਮੌਤਾਂ ਰੋਕ ਰਹੀਆਂ ਹਨ । ਕੋਰੋਨਾ ਨਾਲ ਮਰਨ ਦੀ ਦਰ ਕਰੀਬ ਡੇਢ ਫੀਸਦੀ ਹੈ । ਇਸ ਦਾ ਮਤਲਬ ਹੈ ਕਿ 10 ਲੱਖ ਦੀ ਵਸੋਂ ਪਿੱਛੇ 15 ਹਜ਼ਾਰ ਮੌਤਾਂ ਹੁੰਦੀਆਂ ਹਨ । ਵੈਕਸੀਨ ਨਾਲ 80-90 ਫੀਸਦੀ ਮੌਤਾਂ ਰੋਕੀਆਂ ਜਾ ਸਕਦੀਆਂ ਹਨ । ਇਸ ਦਾ ਮਤਲਬ ਹੈ ਕਿ 10 ਲੱਖ ਦੀ ਆਬਾਦੀ ਪਿੱਛੇ 13-14 ਹਜ਼ਾਰ ਮੌਤਾਂ ਰੋਕੀਆਂ ਜਾ ਸਕਦੀਆਂ ਹਨ । ਟੀਕਾਕਰਨ ਤੋਂ ਬਾਅਦ ਪ੍ਰਤੀ 10 ਲੱਖ 10-15 ਲੋਕਾਂ ‘ਤੇ ਗੰਭੀਰ ਉਲਟ ਅਸਰ ਹੁੰਦਾ ਹੈ । ਬੱਚਿਆਂ ਦੀ ਮੌਤ ਦਰ 10 ਲੱਖ ਪਿੱਛੇ 2 ਹੈ । ਇਸ ਤੋਂ ਪਤਾ ਲਗਦਾ ਹੈ ਕਿ ਬੱਚਿਆਂ ਦੀ ਮੌਤ ਦਰ ਨਿਗੂਣੀ ਹੈ । ਜੇ ਟੀਕੇ ਲਾ ਦਿੱਤੇ ਤਾਂ ਉਲਟ ਅਸਰ ਕਾਰਨ ਨੁਕਸਾਨ ਜ਼ਿਆਦਾ ਹੋਣਾ ਹੈ । ਅਮਰੀਕਾ ਸਣੇ ਕੁਝ ਦੇਸ਼ਾਂ ਨੇ ਬੱਚਿਆਂ ਨੂੰ ਚਾਰ-ਪੰਜ ਮਹੀਨੇ ਪਹਿਲਾਂ ਟੀਕੇ ਲਾਉਣੇ ਸ਼ੁਰੂ ਕੀਤੇ ਸਨ । ਉਨ੍ਹਾਂ ਦੇਸ਼ਾਂ ਦੇ ਅੰਕੜੇ ਦੇਖਣ ਤੋਂ ਬਾਅਦ ਹੀ ਬੱਚਿਆਂ ਨੂੰ ਟੀਕੇ ਲਾਉਣੇ ਚਾਹੀਦੇ ਹਨ । ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਨੇ ਟੀ ਵੀ ‘ਤੇ ਆ ਕੇ ਸ਼ੇਖੀ ਤਾਂ ਮਾਰ ਦਿੱਤੀ ਹੈ, ਪਰ ਵੈਕਸੀਨ ਹੈ ਕਿੱਥੇ? ਕੇਂਦਰ ਸਰਕਾਰ ਨੇ ਕੋਰਟ ਵਿਚ ਹਲਫਨਾਮਾ ਦੇ ਕੇ ਕਿਹਾ ਸੀ ਕਿ 31 ਦਸੰਬਰ ਤੱਕ 18 ਸਾਲ ਦੇ ਉਪਰਲਿਆਂ ਨੂੰ ਦੋਨੋਂ ਟੀਕੇ ਲਾ ਦਿੱਤੇ ਜਾਣਗੇ, ਪਰ ਸਾਢੇ 36 ਕਰੋੜ ਲੋਕਾਂ ਨੂੰ ਅਜੇ ਤੱਕ ਲੱਗੇ ਨਹੀਂ ।

Real Estate