ਲੁਧਿਆਣਾ ਬਲਾਸਟ :‘ਮ੍ਰਿਤਕ ਬੰਬ ਅਸੈਂਬਲ ਕਰ ਰਿਹਾ ਸੀ’

97

ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਹੋਏ ਬੰਬ ਬਲਾਸਟ ਵਿੱਚ ਮੁੱਖ ਮੁਲਜ਼ਮ ਦੀ ਪਛਾਣ ਹੋ ਗਈ ਹੈ। ਡੀਜੀਪੀ ਪੰਜਾਬ ਨੇ ਦੱਸਿਆ, “ਮੁੱਖ ਮੁਲਜ਼ਮ ਦਾ ਨਾਂ ਗਗਨਦੀਪ ਸਿੰਘ ਹੈ। ਗਗਨਦੀਪ ਪੰਜਾਬ ਪੁਲਿਸ ਦਾ ਮੁਅੱਤਲ ਕਾਂਸਟੇਬਲ ਸੀ। ਉਹ ਥਾਣਾ ਸਦਰ ਵਿੱਚ ਮੁੰਸ਼ੀ ਸੀ।” “2019 ਵਿੱਚ ਮੁਲਜ਼ਮ ਤੋਂ 385 ਗ੍ਰਾਮ ਹੈਰੋਈਨ ਮਿਲੀ ਸੀ। ਉਹ ਦੋ ਸਾਲ ਜੇਲ੍ਹ ਵਿੱਚ ਬੰਦ ਰਿਹਾ ਸੀ। ਇਹ ਨਾਰਕੋ ਟੈਰੇਰਿਜ਼ਮ ਦਾ ਮਾਮਲਾ ਲੱਗ ਰਿਹਾ ਹੈ।” ਲੁਧਿਆਣਾ ਵਿਚ ਵੀਰਵਾਰ ਨੂੰ ਦੁਪਹਿਰੇ ਕਰੀਬ 12।30 ਵਜੇ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜਿਲ ‘ਤੇ ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਦੀ ਅਦਾਲਤ ਦੇ ਨੇੜੇ ਰਿਕਾਰਡ ਰੂਮ ਨਾਲ ਲੱਗਦੇ ਬਾਥਰੂਮ ਵਿਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਸ਼ੱਕੀ ਮੁਲਜ਼ਮ ਸਮਝਿਆ ਜਾ ਰਿਹਾ ਹੈ ਅਤੇ 5 ਹੋਰ ਜ਼ਖਮੀ ਹੋਏ ਸਨ। ਚਸ਼ਮਦੀਦ ਵਕੀਲਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੱਤਵੀਂ ਮੰਜਿਲ ਤੱਕ ਦੇ ਸ਼ੀਸੇ ਟੁੱਟ ਗਏ ਸਨ। ਡੀਜੀਪੀ ਨੇ ਮੁਲਜ਼ਮ ਬਾਰੇ ਦੱਸਦਿਆਂ ਕਿਹਾ, “ਮ੍ਰਿਤਕ ਗਗਨਦੀਪ ਸਿੰਘ ਹੀ ਬੰਬ ਨੂੰ ਆਪਰੇਟ ਕਰ ਰਿਹਾ ਸੀ। ਸਾਨੂੰ ਲੱਗ ਰਿਹਾ ਹੈ ਕਿ ਮੌਕੇ ‘ਤੇ ਉਹ ਇਕੱਲਾ ਸੀ। ਪਰ ਅਜੇ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਹਾਂ ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਕੁਝ ਹੋਰ ਸ਼ੱਕੀ ਨਜ਼ਰ ਆ ਰਹੇ ਹਨ।” “ਇਹ ਤਕਨੀਕੀ ਤੌਰ ‘ਤੇ ਮਾਹਿਰ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਉਹ ਬਾਥਰੂਮ ਵਿੱਚ ਬੰਬ ਅਸੈਂਬਲ ਕਰਨ ਗਿਆ ਸੀ। ਇਹ ਹਿਊਮਨ ਬੰਬ ਵਾਲਾ ਮਾਮਲਾ ਨਹੀਂ ਲੱਗ ਰਿਹਾ ਹੈ।” ਮੁਲਜ਼ਮ ਦੇ ਸੰਭਾਵਿਤ ਮਕਸਦ ਬਾਰੇ ਬੋਲਦਿਆਂ ਡੀਜੀਪੀ ਨੇ ਕਿਹਾ, “ਮੁਲਜ਼ਮ ਦੇ ਕੇਸ ਦੀ ਤਰੀਖ ਨੇੜੇ ਆ ਰਹੀ ਸੀ। ਇਹ ਹੋ ਸਕਦਾ ਹੈ ਕਿ ਉਹ ਜੱਜਾਂ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਹੋਵੇ ਜਾਂ ਕੇਸ ਦੀ ਤਰੀਖ ਟਾਲਣਾ ਚਾਹੁੰਦਾ ਹੋਵੇ।” ਡੀਜੀਪੀ ਨੇ ਇਹ ਵੀ ਕਿਹਾ”ਇਸ ਵਾਰਦਾਤ ਨਾਲ ਖਾਲਿਸਤਾਨੀ ਪੱਖੀ ਗਰੁੱਪਾਂ ਨਾਲ ਜੁੜਨ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਅਸੀਂ ਅਜੇ ਜਾਂਚ ਕਰ ਰਹੇ ਹਾਂ। ਸਾਨੂੰ ਪੂਰਾ ਸ਼ੱਕ ਹੈ ਕਿ ਵਿਦੇਸ਼ਾਂ ਤੋਂ ਇਸ ਘਟਨਾ ਦੇ ਤਾਰ ਜੁੜੇ ਹੋਏ ਹਨ।” “ਪੰਜਾਬ ਪੁਲਿਸ ਵੱਲੋਂ ਡਰੱਗਸ ਖਿਲਾਫ਼ ਜੋ ਕੰਮ ਕੀਤਾ ਜਾ ਰਿਹਾ ਹੈ। ਉਸ ਨੂੰ ਰੋਕਣ ਦੀ ਇਹ ਕੋਸ਼ਿਸ਼ ਹੋ ਸਕਦੀ ਹੈ। ਡਰੱਗਸ ਦਾ ਵੱਡਾ ਕਾਰੋਬਾਰ ਹੈ ਤੇ ਕਈ ਲੋਕ ਇਸ ਨਾਲ ਜੁੜੇ ਹਨ। ਉਹ ਨਹੀਂ ਚਾਹੁਣਗੇ ਕਿ ਪੰਜਾਬ ਪੁਲਿਸ ਉਸ ਨੂੰ ਰੋਕੇ।”

Real Estate