ਲਖੀਮਪੁਰ ਕਤਲ ਕਾਂਡ: ਕੇਂਦਰੀ ਮੰਤਰੀ ਗਾਲ਼ਾਂ ‘ਤੇ ਉੱਤਰਿਆ

125

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਬੁੱਧਵਾਰ ਜਦੋਂ ਲਖੀਮਪੁਰ ਖੀਰੀ ਵਿਚ ਮਦਰ ਚਾਈਲਡ ਸੈਂਟਰ ਦੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਏ ਤਾਂ ਇਕ ਟੀ ਵੀ ਪੱਤਰਕਾਰ ਨੇ ਉਨ੍ਹਾ ਦੇ ਬੇਟੇ ਆਸ਼ੀਸ਼ ਮਿਸ਼ਰਾ ਉੱਤੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਮਾਮਲੇ ‘ਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਜੋੜਨ ਨੂੰ ਲੈ ਕੇ ਸਵਾਲ ਪੁੱਛ ਲਿਆ । ਮਿਸ਼ਰਾ ਏਨੇ ਗੁੱਸੇ ਵਿਚ ਆ ਗਏ ਕਿ ਪੱਤਰਕਾਰ ਨੂੰ ਧੱਕਾ ਦੇ ਦਿੱਤਾ ਤੇ ਗਾਲ਼ਾਂ ਕੱਢ ਦਿੱਤੀਆਂ । ਚੋਰ ਤੱਕ ਕਹਿ ਦਿੱਤਾ । ਮਿਸ਼ਰਾ ਨੇ ਪੱਤਰਕਾਰ ਨੂੰ ਕਿਹਾ-ਤੇਰਾ ਦਿਮਾਗ ਖਰਾਬ ਹੈ ਕਯਾ ਬੇ । ਜਿਸ ਕਾਮ ਸੇ ਆਏ ਹੋ ਉਸਕੇ ਬਾਰੇ ਮੇਂ ਬਾਤ ਕਰੋ । ਪਹਿਲੇ ਅਪਨਾ ਫੋਨ ਬੰਦ ਕਰੋ । ਪੱਤਰਕਾਰ ਨੇ ਫਿਰ ਸਵਾਲ ਪੁੱਛਿਆ ਤਾਂ ਉਸ ਨੂੰ ਮਾਰਨ ਲਈ ਦੌੜੇ । ਚੇਤਾ ਰਹੇ ਕਿ ਟੈਨੀ ਨੇ ਇਸ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਜੇ ਉਨ੍ਹਾ ਦਾ ਬੇਟਾ ਦੋਸ਼ੀ ਸਾਬਤ ਹੋਇਆ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ । ਮੰਗਲਵਾਰ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੀ ਉਹ ਅਰਜ਼ੀ ਮਨਜ਼ੂਰ ਕਰ ਲਈ, ਜਿਸ ਵਿਚ ਆਸ਼ੀਸ਼ ਤੇ ਉਸ ਦੇ ਸਾਥੀਆਂ ਖਿਲਾਫ ਕਤਲ ਦੀ ਸਾਜ਼ਿਸ਼ ਦਾ ਕੇਸ ਚਲਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ ਸੀ । ਲਖੀਮਪੁਰ ਖੀਰੀ ਘਟਨਾ ਮਾਮਲੇ ਸੰਬੰਧੀ ਰਿਪੋਰਟ ਨੂੰ ਲੈ ਕੇ ਆਪੋਜ਼ੀਸ਼ਨ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਦਿਨ ਭਰ ਲਈ ਉਠਾ ਦਿੱਤੀ ਗਈ । ਇਸ ਤੋਂ ਪਹਿਲਾਂ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਘਟਨਾ ਸੰਬੰਧੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਰਿਪੋਰਟ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ । ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਲੱਗਭੱਗ ਅੱਧਾ ਘੰਟਾ ਬਾਅਦ ਹੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ । ਕਾਰਵਾਈ ਆਰੰਭ ਹੁੰਦਿਆਂ ਹੀ ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੇ ਆਸਣ ਕੋਲ ਪਹੁੰਚ ਗਏ । ਉਨ੍ਹਾਂ ਨੇ ਸਾਨੂੰ ਨਿਆਂ ਚਾਹੀਦੈ, ਮੰਤਰੀ ਦਾ ਅਸਤੀਫਾ ਲਓ ਅਤੇ ਪ੍ਰਧਾਨ ਮੰਤਰੀ ਜਵਾਬ ਦੇਣ ਆਦਿ ਨਾਅਰੇ ਲਾਏ । ਹੰਗਾਮਾ ਨਾ ਹਟਣ ‘ਤੇ ਸਪੀਕਰ ਵੱਲੋਂ 11 ਵਜੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ । ਦੋ ਵਜੇ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਦੁਬਾਰਾ ਰੋਸ ਸ਼ੁਰੂ ਕਰ ਦਿੱਤਾ । ਇਸ ਦੇ ਚੱਲਦਿਆਂ ਸਪੀਕਰ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ।
ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ 2 ਵਜੇ ਦੁਬਾਰਾ ਸ਼ੁਰੂ ਹੋਈ ਪਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮੁਅੱਤਲ ਕੀਤੇ 12 ਰਾਜ ਸਭਾ ਮੈਂਬਰਾਂ ਦੀ ਬਹਾਲੀ ਅਤੇ ਉਨ੍ਹਾਂ ਨੂੰ ਚਰਚਾ ‘ਚ ਸ਼ਾਮਲ ਕਰਨ ਦੀ ਮੰਗ ਕੀਤੀ, ਜਿਸ ਕਰਕੇ ਸਦਨ ਦੀ ਕਾਰਵਾਈ ਫਿਰ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ । ਜਦੋਂ ਡਿਪਟੀ ਸਪੀਕਰ ਹਰੀਵੰਸ਼ ਨਾਰਾਇਣ ਸਿੰਘ ਨੇ ਮੈਂਬਰਾਂ ਨੂੰ ਕੋਰੋਨਾ ਦੇ ਓਮੀਕਰੋਨ ਰੂਪ ਕਾਰਨ ਪੈਦਾ ਹੋ ਰਹੀ ਸਥਿਤੀ ‘ਤੇ ਚਰਚਾ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ । ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਮੁੱਦਾ ਉਠਾਉਣ ਦੇਣ ਦੀ ਮੰਗ ਕੀਤੀ ਪਰ ਡਿਪਟੀ ਸਪੀਕਰ ਵੱਲੋਂ ਆਗਿਆ ਨਾ ਦਿੱਤੀ ਗਈ । ਤਿ੍ਣਮੂਲ ਕਾਂਗਰਸ ਦੀ ਮੈਂਬਰ ਸੁਸ਼ਮਿਤਾ ਦੇਬ ਨੇ ਡਿਪਟੀ ਚੇਅਰਮੈਨ ਨੂੰ ਕਿਹਾ-ਮੁਅੱਤਲੀ ਦਾ ਮੁੱਦਾ ਵੀ ਓਮੀਕਰੋਨ ਵਾਂਗ ਹੀ ਅਹਿਮ ਹੈ ਅਤੇ ਮੁਅੱਤਲ ਮੈਂਬਰਾਂ ਨੂੰ ਬਹਿਸ ‘ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ । ਇਸੇ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਲਖੀਮਪੁਰ ਖੀਰੀ ਮਾਮਲੇ ਵਿਚ ਐੱਸ ਆਈ ਟੀ ਦੀ ਰਿਪੋਰਟ ‘ਤੇ ਸੰਸਦ ਵਿੱਚ ਚਰਚਾ ਨਹੀਂ ਹੋਣ ਦੇਣਾ ਚਾਹੁੰਦੀ । ਉਨ੍ਹਾ ਮੰਗ ਦੁਹਰਾਈ ਕਿ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਨ੍ਹਾ ਦਾ ਪੁੱਤਰ ਇਸ ਮਾਮਲੇ ਵਿਚ ਮੁਲਜ਼ਮ ਹੈ, ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ । ਸੰਸਦ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ-ਸਰਕਾਰ ਸਾਨੂੰ ਬੋਲਣ ਨਹੀਂ ਦੇ ਰਹੀ, ਜਿਸ ਕਾਰਨ ਸਦਨ ‘ਚ ਹੰਗਾਮਾ ਹੋਇਆ । ਅਸੀਂ ਕਿਹਾ ਹੈ ਕਿ ਰਿਪੋਰਟ ਆਈ ਹੈ ਅਤੇ ਉਨ੍ਹਾਂ ਦੇ ਮੰਤਰੀ ਸ਼ਾਮਲ ਹਨ, ਇਸ ਲਈ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ, ਪਰ ਉਹ ਚਰਚਾ ਨਹੀਂ ਕਰਨਾ ਚਾਹੁੰਦੇ ।

Real Estate