ਜੱਲ੍ਹਿਆਂਵਾਲਾ ਬਾਗ਼ ਨਵੀਨੀਕਰਨ : ਪ੍ਰਵੇਸ਼ ਦੁਆਰ ਗਲੀ ਦਾ ਮੂਲ ਸਰੂਪ ਬਹਾਲ ਕਰਨ ਦੀ ਸਿਫਾਰਸ਼

114

ਜੱਲ੍ਹਿਆਂਵਾਲਾ ਬਾਗ਼ ਦੇ ਸੁੰਦਰੀਕਰਨ ਦੌਰਾਨ ਕੀਤੀਆਂ ਤਬਦੀਲੀਆਂ ਵਿੱਚੋਂ ਕੁਝ ਨਾਲ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਟਰੱਸਟ ਦੇ ਮੈਂਬਰ ਸਹਿਮਤ ਨਹੀਂ ਹਨ। ਉਨ੍ਹਾਂ ਇਹ ਤਬਦੀਲੀਆਂ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਸੁਝਾਅ ਭੇਜਿਆ ਹੈ। ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਟਰੱਸਟ ਮੈਂਬਰ ਤਰਲੋਚਨ ਸਿੰਘ ਨੇ ਬੀਤੇ ਦਿਨ ਜੱਲ੍ਹਿਆਂਵਾਲਾ ਬਾਗ਼ ਦਾ ਦੌਰਾ ਕੀਤਾ ਸੀ। ਉਨ੍ਹਾਂ ਇੱਥੇ ਕੀਤੀਆਂ ਤਬਦੀਲੀਆਂ, ਜਿਨ੍ਹਾਂ ਦਾ ਵਿਰੋਧ ਹੋ ਰਿਹਾ ਹੈ, ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ। ਉਨ੍ਹਾਂ ਇਸ ਸਬੰਧੀ ਰਿਪੋਰਟ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਦੇ ਸਕੱਤਰ ਨੂੰ ਭੇਜ ਦਿੱਤੀ ਹੈ ਜਿਸ ਵਿੱਚ ਕੁਝ ਤਬਦੀਲੀਆਂ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ਵਾਲੀ ਪੁਰਾਤਨ ਗਲੀ ਵਿੱਚ ਲਾਈਆਂ ਗਈਆਂ ਉਭਰੀਆਂ ਹੋਈਆਂ ਤਸਵੀਰਾਂ ਕਾਰਨ ਇਸ ਰਸਤੇ ਦਾ ਮੂਲ ਸਰੂਪ ਬਦਲ ਗਿਆ ਹੈ। ਇਸੇ ਕਾਰਨ ਇਸ ਦਾ ਵਿਰੋਧ ਹੋ ਰਿਹਾ ਹੈ ਕਿ ਪੁਰਾਤਨ ਸਰੂਪ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਤੋਂ ਅੰਗਰੇਜ਼ ਅਧਿਕਾਰੀ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ ਅਤੇ ਗੋਲੀ ਚਲਾਈ ਗਈ ਸੀ, ਉੱਥੇ ਪਹਿਲਾਂ ‘ਪਿੱਲਰ’ ਸਨ, ਜਿਨ੍ਹਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਇਬਾਰਤ ਨੂੰ ਜ਼ਮੀਨ ’ਤੇ ਲਿਖ ਦਿੱਤਾ ਗਿਆ ਹੈ ਜਿਸ ਦਾ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਬਾਹਰ ਜਾਣ ਵਾਸਤੇ ਨਵਾਂ ਗੇਟ ਬਣਾ ਦਿੱਤਾ ਗਿਆ ਹੈ, ਜੋ ਇਸ ਦੇ ਮੂਲ ਸਰੂਪ ਨੂੰ ਬਦਲਣ ਦਾ ਯਤਨ ਹੈ। ਉਨ੍ਹਾਂ ਵੱਲੋਂ ਭੇਜੀ ਰਿਪੋਰਟ ਵਿੱਚ ਪ੍ਰਵੇਸ਼ ਦੁਆਰ ਗਲੀ ਨੂੰ ਮੁੜ ਮੂਲ ਸਰੂਪ ਵਿੱਚ ਰੱਖਣ ਅਤੇ ਇੱਥੋਂ ਤਸਵੀਰਾਂ ਹਟਾਉਣ ਦਾ ਸੁਝਾਅ ਦਿੱਤਾ ਗਿਆ ਹੈ। ਪ੍ਰਵੇਸ਼ ਦੁਆਰ ’ਤੇ ਰੱਖੀਆਂ ਟਿਕਟ ਵਾਲੀਆਂ ਮਸ਼ੀਨਾਂ ਹਟਾਉਣ, ਗੋਲੀ ਚਲਾਉਣ ਵਾਲੀ ਥਾਂ ’ਤੇ ਮੁੜ ਪਿਲਰ ਸਥਾਪਤ ਕਰਨ, ਮਿਊਜ਼ੀਅਮ ਵਿੱਚ ਪੁਰਾਣੀਆਂ ਤਸਵੀਰਾਂ ਮੁੜ ਲਾਉਣ, ਬਾਹਰ ਨਿਕਲਣ ਲਈ ਬਣਾਏ ਗਏ ਦੂਜੇ ਗੇਟ ਨੇੜੇ ਇਸ ਗੇਟ ਨੂੰ ਬਣਾਉਣ ਦਾ ਕਾਰਨ ਲਿਖਣ ਦੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਜਾਣਕਾਰੀ ਦੇਣ ਲਈ ਦੂਜੇ ਗੇਟ ਕੋਲ ਇਹ ਲਿਖ ਕੇ ਬੋਰਡ ਲਗਾਇਆ ਜਾਵੇ ਕਿ ਘਟਨਾ ਸਮੇਂ ਇੱਥੇ ਕੋਈ ਗੇਟ ਨਹੀਂ ਸੀ। ਮੌਜੂਦਾ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਗੇਟ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇੱਥੇ ਆਉਣ ਵਾਲੇ ਯਾਤਰੂਆਂ ਲਈ ਪੀਣ ਦੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਦੀ ਵੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਵਧੇਰੇ ਰੁਝੇਵੇਂ ਹੋਣ ਕਾਰਨ ਇਹ ਰਿਪੋਰਟ ਕੁਝ ਦਿਨਾਂ ਤੱਕ ਸਕੱਤਰ ਵੱਲੋਂ ਉਨ੍ਹਾਂ ਤੱਕ ਪੁੱਜਦੀ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਬੋਰਡ ਮੈਂਬਰਾਂ ਦੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ਼ ਦੇ ਸੁੰਦਰੀਕਰਨ ਦੌਰਾਨ ਇੱਥੇ ਕੀਤੀਆਂ ਗਈਆਂ ਤਬਦੀਲੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਇਨ੍ਹਾਂ ਤਬਦੀਲੀਆਂ ਦਾ ਵਿਰੋਧ ਕਰ ਰਹੀਆਂ ਹਨ। ਇਹ ਜਥੇਬੰਦੀਆਂ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਤਬਦੀਲੀਆਂ ਰੱਦ ਕਰਨ ਬਾਰੇ ਅਪੀਲ ਕਰ ਚੁੱਕੀਆਂ ਹਨ। ਇਹ ਤਬਦੀਲੀਆਂ ਹਾਲ ਹੀ ਵਿੱਚ ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਸਾਕੇ ਦੇ 100 ਸਾਲ ਸਮਾਗਮਾਂ ਤੋਂ ਬਾਅਦ ਕੀਤੀਆਂ ਗਈਆਂ ਹਨ।

Real Estate