ਕਰਤਾਰਪੁਰ ਲਾਂਘਾ : ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਲਈ PSGPC ਦੀ ਪਾਕਿ ਸਰਕਾਰ ਨੂੰ ਚਿੱਠੀ

132

ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹ ਚੁੱਕਾ ਹੈ। ਕੋਰੋਨਾ ਵਾਇਰਸ ਕਾਰਨ ਡੇਢ ਸਾਲ ਤੋਂ ਵੱਧ ਸਮੇਂ ਤਕ ਬੰਦ ਪਏ ਲਾਂਘੇ ਦੇ ਮੁੜ ਖੁੱਲ੍ਹਣ ਮਗਰੋਂ ਸੰਗਤ ‘ਚ ਖੁਸ਼ੀ ਦੀ ਲਹਿਰ ਹੈ। ਇਸ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਦੋ ਚਿੱਠੀਆਂ ਲਿਖੀਆਂ ਹਨ। ਪੀਐਸਜੀਪੀਸੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਿਖੀ ਪਹਿਲੀ ਚਿੱਠੀ ‘ਚ ਭਾਰਤ ਤੋਂ ਆਉਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਪਾਸਪੋਰਟ ਦੀ ਸ਼ਰਤ ਨੂੰ ਹਟਾ ਕੇ ਆਧਾਰ ਕਾਰਡ ਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਪਹੁੰਚ ਸਕੇ। ਉੱਥੇ ਹੀ ਦੂਜੀ ਚਿੱਠੀ ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਨੂੰ ਲਿਖੀ ਗਈ ਹੈ। ਇਸ ‘ਚ ਕੋਰੋਨਾ ਵਾਇਰਸ ਕਾਰਨ ਭਾਰਤ ਤੋਂ ਆਉਣ ਵਾਲੀ ਸੰਗਤ ਲਈ 72 ਘੰਟੇ ਪੁਰਾਣੀ ਆਰਟੀ-ਪੀਸੀਆਰ ਦੀ ਸ਼ਰਤ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਪੀਐਸਜੀਪੀਸੀ ਪ੍ਰਧਾਨ ਅਮੀਰ ਸਿੰਘ ਵੱਲੋਂ ਲਿਖੀ ਇਨ੍ਹਾਂ ਚਿੱਠੀਆਂ ਦੀ ਕਾਪੀ ਪਾਰਲੀਮਾਨੀ ਮਿਨਿਸਟਰ ਤੇ ਓਕਾਫ ਬੋਰਡ ਮੈਂਬਰਾਂ ਨੂੰ ਵੀ ਭੇਜੀ ਗਈ ਹੈ। ਚਿੱਠੀ ‘ਚ ਇਮਰਾਨ ਖ਼ਾਨ ਵੱਲੋਂ ਸਿੱਖ ਸੰਗਤ ਲਈ ਹੁਣ ਤਕ ਕੀਤੇ ਗਏ ਅਹਿਮ ਕਾਰਜਾਂ ਲਈ ਵੀ ਸ਼ਲਾਘਾ ਕੀਤੀ ਗਈ ਹੈ।

Real Estate