ਪੰਜਾਬ ਵਿਚਲੇ ਡਰੱਗ ਕੇਸਾਂ ਦੀ ਜਾਂਚ ਬਾਰੇ ਗੁਪਤ ਦਸਤਾਵੇਜ਼ ਹੋਏ ਸੋਸ਼ਲ ਮੀਡੀਆ ’ਤੇ ਵਾਇਰਲ !

148

ਬਿਊਰੋ ਆਫ ਇਨਵੈਸਟੀਗੇਸ਼ਨ ਦੇ ਛੁੱਟੀ ‘ਤੇ ਗਏ ਤੇ ਹੁਣ ਹਸਪਤਾਲ ਦਾਖਲ ਡਾਇਰੈਕਟਰ ਏ ਡੀ ਜੀ ਪੀ ਐਸ ਕੇ ਅਸਥਾਨਾ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਕਥਿਤ ਮਾਮਲੇ ਵਿਚ ਮੁੜ ਜਾਂਚ ‘ਤੇ ਸਵਾਲ ਚੁੱਕਣ ਦੇ ਕੁਝ ਦਸਤਾਵੇਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਸਤਾਵਜ਼ ਸਰਕਾਰੀ ਹਨ ਜੋ ਐਸ ਕੇ ਅਸਥਾਨਾ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜੇ ਦਸਤਾਵੇਜ਼ਾਂ ਦਾ ਹਿੱਸਾ ਹਨ। ਜੋ ਦਸਤਾਵੇਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ, ਉਹਨਾਂ ‘ਤੇ ਕਥਿਤ ਤੌਰ ‘ਤੇ ਐਸ ਕੇ ਅਸਥਾਨਾ ਦਸਤਖ਼ਤ ਹਨ। ਇਸ ਰਿਪੋਰਟ ਵਿਚ ਅਸਥਾਨਾ ਨੇ ਸਵਾਲ ਚੁੱਕਿਆ ਹੈ ਕਿ ਨਸ਼ਿਆਂ ਦੇ ਮਾਮਲੇ ‘ਤੇ ਬਣੀ ਐਸ ਟੀ ਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਖੁਦ ਮੰਨਿਆ ਹੈ ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਰਿਸ਼ਤੇਦਾਰ ਹਨ ਤਾਂ ਅਜਿਹੇ ਵਿਚ ਉਹਨਾਂ ਵੱਲੋਂ ਮਜੀਠੀਆ ਖਿਲਾਫ ਮਾਮਲੇ ਦੀ ਜਾਂਚ ਕਰਨੀ ਨਹੀਂ ਬਣਦੀ ਸੀ। ਇਸ ਵਿਚ ਇਹ ਵੀ ਕਿਹਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜੋ ਜਾਂਚ ਕੀਤੀ ਗਈ ਸੀ, ਉਸਦੀ ਕਾਪੀ ਹਾਈ ਕੋਰਟ ਦੇ ਕਹਿਣ ‘ਤੇ ਐਸ ਟੀ ਐਫ ਨੁੰ ਸੌਂਪੀ ਗਈ ਸੀ ਤੇ ਐਸ ਟੀ ਐਫ ਵੱਲੋਂ ਆਪਣੇ ਪੱਧਰ ‘ਤੇ ਕੋਈ ਜਾਂਚ ਨਹੀਂ ਕੀਤੀ ਗਈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬੰਦ ਪਈ ਸੀਲਬੰਦ ਰਿਪੋਰਟ ਨੁੰ ਖੋਲ੍ਹਣ ਕਦੇ ਇਜਾਜ਼ਤ ਨਹੀਂ ਦਿੱਤੀ ਗਈ। ਇਕ ਨਵਾਂ ਖੁਲ੍ਹਾਸਾ ਇਹ ਵੀ ਹੋਇਆ ਹੈ ਕਿ ਐਸ ਟੀ ਐਫ ਦੀ ਰਿਪੋਰਟ ‘ਤੇ ਪਿਛਲੀ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਕਮੇਟੀ ਐਸ ਆਈ ਟੀ ਬਣਾਈ ਗਈ ਸੀ ਜਿਸਨੇ ਰਿਪੋਰਟ ਬਾਬਤ ਆਪਣੀ ਰਿਪੋਰਟ ਪੇਸ਼ ਕੀਤੀ ਤੇ ਇਹ ਵੀ ਹਾਈ ਕੋਰਟ ਵਿਚ ਸੀਲਬੰਦ ਪਈ ਹੈ।ਅਸਥਾਨਾ ਨੇ ਸਵਾਲ ਚੁੱਕਿਆ ਹੈ ਕਿ ਜਿਹੜੇ ਕੇਸਾਂ ਦੀ ਸੁਣਵਾਈ ਅਦਾਲਤਾਂ ਵਿਚ ਮੁਕੰਮਲ ਹੋ ਚੁੱਕੀ ਹੈ, ਕੀ ਪੁਲਿਸ ਉਹਨਾਂ ਦੀ ਮੁੜ ਜਾਂਚ ਕਰ ਸਕਦੀ ਹੈ ? ਜੇਕਰ ਇਹ ਜਾਂਚ ਕਰਨੀ ਹੈ ਤਾਂ ਫਿਰ ਸੁਣਵਾਈ ਕਰਨ ਵਾਲੀਆਂ ਮੁਕੱਦਮਾ ਅਦਾਲਤਾਂ ਤੋਂ ਉਪਰਲੀ ਅਦਾਲਤ ਜੋ ਹਾਈ ਕੋਰਟ ਬਣਦੀ ਹੈ, ਤੋਂ ਪ੍ਰਵਾਨਗੀ ਲੈਣੀ ਬਣਦੀ ਹੈ। ਇਹ ਸਵਾਲ ਵੀ ਚੁੱਕਿਆ ਕਿ ਕੀ ਇਹ ਮੁੜ ਜਾਂਚ ਕਰਨੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੈ ? ਅਸਥਾਨਾ ਨੇ ਇਹ ਵੀ ਕਿਹਾ ਕਿ ਐਡਵੋਕੇਟ ਜਨਰਲ ਦੀ ਬੇਨਤੀ ਦੇ ਬਾਵਜੂਦ ਹਾਈ ਕੋਰਟ ਨੇ ਸੀਲਬੰਦ ਰਿਪੋਰਟ ਵਾਪਸ ਨਹੀਂ ਕੀਤੀ ਤਾਂ ਕੀ ਫਿਰ ਵੀ ਜਾਂਚ ਕੀਤੀ ਜਾ ਸਕਦੀ ਹੈ ? ਇਥੇ ਹੀ ਬੱਸ ਨਹੀਂ ਬਲਕਿ ਅਸਥਾਨਾ ਨੇ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਐਸ ਟੀ ਐਫ ਦੀ ਰਿਪੋਰਟ ‘ਤੇ ਕਾਰਵਾਈ ਵਿਚ ਦੇਰੀ ਲਈ ਬਣਾਈ ਕਮੇਟੀ ਦਾ ਜ਼ਿਕਰ ਵੀ ਕੀਤਾ ਹੈ।

Real Estate