ਹਾਲੇ ਗਾਜ਼ੀਪੁਰ ਬਾਰਡਰ ਨਹੀਂ ਛੱਡਾਂਗਾ : ਟਿਕੈਤ

120

ਕਿਸਾਨ ਅੰਦੋਲਨ ਦੀ ਸਮਾਪਤੀ ਦੇ ਐਲਾਨ ਤੋਂ ਬਾਅਦ 11 ਦਸੰਬਰ ਨੂੰ ਪ੍ਰਦਰਸ਼ਨ ਸਥਾਨ ਨੂੰ ਰਸਮੀ ਤੌਰ ‘ਤੇ ਖਾਲੀ ਕਰਨ ਤੋਂ ਬਾਅਦ ਕਿਸਾਨ ਹੁਣ ਗਾਜ਼ੀਪੁਰ ਬਾਰਡਰ ਸਮੇਤ ਸਾਰੇ ਪ੍ਰਦਰਸ਼ਨ ਸਥਾਨ ਖਾਲੀ ਕਰਕੇ ਵਾਪਸ ਜਾ ਰਹੇ ਹਨ, ਪਰ ਗਾਜ਼ੀਪੁਰ ਬਾਰਡਰ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਹਾਲੇ ਵਾਪਸ ਜਾਣ ਦੇ ਮੂਡ ਵਿੱਚ ਨਹੀਂ ਹਨ । ਟਿਕੈਤ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਜ 11 ਦਸੰਬਰ ਤੋਂ ਕਿਸਾਨ ਆਪਣੇ-ਆਪਣੇ ਘਰ ਜਾ ਰਹੇ ਹਨ, ਪਰ ਅਸੀਂ 15 ਦਸੰਬਰ ਨੂੰ ਘਰ ਜਾਵਾਂਗੇ, ਕਿਉਂਕਿ ਦੇਸ਼ ‘ਚ ਹਜ਼ਾਰਾਂ ਧਰਨੇ ਚੱਲ ਰਹੇ ਹਨ, ਅਸੀਂ ਪਹਿਲਾਂ ਉਨ੍ਹਾਂ ਨੂੰ ਸਮਾਪਤ ਕਰਾਵਾਂਗੇ ਤੇ ਉਨ੍ਹਾ ਨੂੰ ਘਰ ਭੇਜਾਂਗੇ । ਉਨ੍ਹਾ ਕਿਹਾ ਕਿ ਕਿਸਾਨਾਂ ਦਾ ਇੱਕ ਵੱਡਾ ਜਥਾ ਐਤਵਾਰ ਸਵੇਰੇ 8 ਵਜੇ ਖੇਤਰ ਖਾਲੀ ਕਰ ਦੇਵੇਗਾ । ਰਾਕੇਸ਼ ਟਿਕੈਤ ਨੇ ਬੀਤੇ ਕੱਲ੍ਹ ਇਕ ਬਿਆਨ ‘ਚ ਕਿਹਾ ਸੀ ਕਿ ਅੰਦੋਲਨ ਸਫ਼ਲ ਬਣਾਉਣ ‘ਚ ਡਾਕਟਰਾਂ, ਹਸਪਤਾਲਾਂ, ਖਾਪ ਪੰਚਾਇਤਾਂ, ਸਫਾਈ ਕਰਮਚਾਰੀਆਂ, ਗੁਰਦੁਆਰਾ ਕਮੇਟੀਆਂ ਅਤੇ ਹੋਰ ਗੁਰੂਧਾਮਾਂ ਨੇ ਅਹਿਮ ਭੂਮਿਕਾ ਨਿਭਾਈ । ਉਨ੍ਹਾ ਕਿਹਾ ਕਿ ਅੰਦੋਲਨ ਸਫ਼ਲ ਹੋਇਆ, ਕਿਉਂਕਿ ਗੁਰੂ ਸਾਹਿਬ ਦੀ ਕ੍ਰਿਪਾ ਸੀ । ਇੱਥੋਂ ਤੱਕ ਕਿ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਵੀ ਗੁਰਪੁਰਬ ਵਾਲੇ ਦਿਨ ਹੋਇਆ । ਕਿਸਾਨ ਅੰਦੋਲਨ ਨੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਹੈ । ਕਿਸਾਨਾਂ ਦੀ ਘਰ ਵਾਪਸੀ ਦੇ ਨਾਲ ਹੀ ਦਿੱਲੀ ਪੁਲਸ ਨੇ ਟਿਕਰੀ ਸਰਹੱਦ ਤੋਂ ਬੈਰੀਕੇਡਜ਼ ਹਟਾਉਣੇ ਸ਼ੁਰੂ ਕਰ ਦਿੱਤੇ ਹਨ । ਦਿੱਲੀ-ਰੋਹਤਕ ਨੈਸ਼ਨਲ ਹਾਈਵੇ ਦਾ ਰਸਤਾ ਪੁਲਸ ਵੱਲੋਂ ਆਮ ਲੋਕਾਂ ਲਈ ਜਲਦ ਖੋਲ੍ਹ ਦਿੱਤਾ ਜਾਵੇਗਾ । ਪੁਲਸ ਨੇ ਇੱਥੇ ਬਣੀਆਂ ਕੰਕਰੀਟ ਦੀਆਂ ਕੰਧਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਹਨ । ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਬਣੇ ਹੋਏ ਸੀਮੈਂਟ ਦੇ ਬੈਰੀਕੇਡ ਤੋੜੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ‘ਤੇ ਸਥਿਤ ਖੇੜਾ ਬਾਰਡਰ ‘ਤੇ ਦੋਵੇਂ ਪਾਸੇ ਦੀ ਸਰਵਿਸ ਲੇਨ ਖੋਲ੍ਹ ਦਿੱਤੀ ਗਈ । ਐਤਵਾਰ ਤੱਕ ਪੂਰਾ ਹਾਈਵੇ ਖੁੱਲ੍ਹਣ ਦੀ ਉਮੀਦ ਹੈ । ਜੇ ਐਂਡ ਕੇ, ਹਿਮਾਚਲ, ਪੰਜਾਬ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਹਲਕੇ ਵਾਹਨ ਗਾਜ਼ੀਆਬਾਦ ਅਤੇ ਨੋਇਡਾ ਜਾਣ ਨੂੰ ਐੱਨ ਐੱਚ-44 ਤੋਂ ਕੇ ਜੀ ਪੀ ਦਾ ਇਸਤੇਮਾਲ ਕਰੇ । ਨਾਲ ਹੀ ਬਾਗਪਤ, ਖੇਕੜਾ, ਲੋਨੀ ਬਾਰਡਰ ਹੁੰਦੇ ਹੋਏ ਦਿੱਲੀ ਜਾ ਸਕਦੇ ਹਨ । ਦੂਜੇ ਪਾਸੇ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ । ਕੁੰਡਲੀ ਬਾਰਡਰ ਤੋਂ ਕਿਸਾਨਾਂ ਦੇ ਜਾਣ ਤੋਂ ਬਾਅਦ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਹੋਵੇਗਾ । ਰਸਤਾ ਪੂਰੀ ਤਰ੍ਹਾਂ ਸਹੀ ਹੋਣ ‘ਚ 10-15 ਦਿਨ ਲੱਗ ਸਕਦੇ ਹਨ ।

Real Estate