ਨਾਗਾਲੈਂਡ: ਲਾਸ਼ਾਂ ਲੁਕੋਣ ਦੀ ਕੀਤੀ ਗਈ ਸੀ ਕੋਸ਼ਿਸ਼ !

108

ਨਾਗਾਲੈਂਡ ਦੇ ਮੋਨ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਗੋਲੀਬਾਰੀ ਕਰਨ ਤੋਂ ਪਹਿਲਾਂ ਫੌਜ ਨੇ ਪਿਕਅੱਪ ਟਰੱਕ ‘ਤੇ ਸਵਾਰ ਲੋਕਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ । ਇਹ ਗੱਲ ਸੂਬੇ ਦੇ ਡੀ ਜੀ ਪੀ ਜੌਨ ਲੋਂਗਕੁਮੇਰ ਅਤੇ ਕਮਿਸ਼ਨਰ ਰੋਵਿਲਾਤੂਓ ਮੋਰ ਦੀ ਸਾਂਝੀ ਰਿਪੋਰਟ ਵਿਚ ਕਹੀ ਗਈ ਹੈ । ਇਨ੍ਹਾਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਪਿੰਡ ਵਾਸੀਆਂ ਨੇ ਦੇਖਿਆ ਕਿ ਫੌਜ ਦੇ ਵਿਸ਼ੇਸ਼ ਬਲ ਛੇ ਲੋਕਾਂ ਦੀਆਂ ਲਾਸ਼ਾਂ ਨੂੰ ਆਪਣੇ ਬੇਸ ਕੈਂਪ ਲਿਜਾਣ ਦੇ ਇਰਾਦੇ ਨਾਲ ਲਪੇਟ ਕੇ ਪਿਕ-ਅੱਪ ਵੈਨ ਵਿਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਐਤਵਾਰ ਨੂੰ ਰਾਜ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ 4 ਦਸੰਬਰ ਨੂੰ ਸ਼ਾਮ 4:10 ਵਜੇ ਦੇ ਕਰੀਬ 8 ਪਿੰਡ ਵਾਸੀ ਤੀਰੂ ਵਿਚ ਕੋਲੇ ਦੀ ਖਾਣ ਤੋਂ ਇੱਕ ਪਿਕਅੱਪ ਟਰੱਕ ‘ਚ ਘਰ ਪਰਤ ਰਹੇ ਸਨ । ਉਨ੍ਹਾਂ ਉੱਤੇ ਅਸਾਮ ਵਿਚ ਸਥਿਤ 21ਵੇਂ ਪੈਰਾ ਸਪੈਸ਼ਲ ਬਲਾਂ ਨੇ ਅਚਾਨਕ ਹਮਲਾ ਕਰ ਦਿੱਤਾ । ਅਸਲ ‘ਚ ਉਨ੍ਹਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ । ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਨਿਹੱਥੇ ਸਨ ਅਤੇ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਸਨ । ਇਨ੍ਹਾਂ ਵਿੱਚੋਂ ਛੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ । ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਦੇ ਲੋਕ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਦੇਖਿਆ ਕਿ ਫੌਜੀ ਛੇ ਲਾਸ਼ਾਂ ਤਰਪੈਲ ‘ਚ ਲਪੇਟ ਕੇ ਇਕ ਹੋਰ ਪਿੱਕਅਪ ਵੈਨ ‘ਚ ਲੱਦਣ ਦੀ ਕੋਸ਼ਿਸ਼ ਕਰ ਰਹੇ ਹਨ । ਗੁੱਸੇ ਵਿਚ ਆਏ ਲੋਕਾਂ ਨੇ ਫੌਜੀਆਂ ਦੀਆਂ ਤਿੰਨ ਗੱਡੀਆਂ ਫੂਕ ਦਿੱਤੀਆਂ । ਇਸ ਦੌਰਾਨ ਫੌਜੀਆਂ ਨੇ ਫਿਰ ਗੋਲੀਆਂ ਚਲਾ ਕੇ 7 ਪੇਂਡੂ ਮਾਰ ਦਿੱਤੇ । ਚਸ਼ਮਦੀਦਾਂ ਮੁਤਾਬਕ ਫੌਜੀਆਂ ਨੇ ਆਸਾਮ ਵਾਲੇ ਪਾਸੇ ਭੱਜਦਿਆਂ ਅੰਨੇ੍ਹਵਾਹ ਗੋਲੀਆਂ ਚਲਾਈਆਂ । ਉਨ੍ਹਾਂ ਕੋਲਾ ਖਾਣਾਂ ਵਿਚ ਕੰਮ ਕਰਨ ਵਾਲਿਆਂ ਦੀਆਂ ਝੁੱਗੀਆਂ ‘ਤੇ ਵੀ ਫਾਇਰਿੰਗ ਕੀਤੀ । ਇਸੇ ਦੌਰਾਨ ਭਾਰਤੀ ਥਲ ਸੈਨਾ ਨੇ ਗੋਲੀਬਾਰੀ ਦੀ ਘਟਨਾ ਦੀ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ । ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਘਟਨਾ ਨੂੰ ਮੰਦਭਾਗਾ ਅਤੇ ਦੁਖਦਾਈ ਕਰਾਰ ਦਿੱਤਾ ਤੇ ਕਿਹਾ ਕਿ ਇਹ ਅਪਰੇਸ਼ਨ ਗਲਤ ਖੁਫੀਆ ਜਾਣਕਾਰੀ ਦਾ ਨਤੀਜਾ ਸੀ । ਸੂਤਰਾਂ ਨੇ ਕਿਹਾ ਕਿ ਮੇਜਰ ਜਨਰਲ ਰੈਂਕ ਦਾ ਅਧਿਕਾਰੀ ਸ਼ਨੀਵਾਰ ਸ਼ਾਮ ਨੂੰ ਰਾਜ ਦੇ ਮੋਨ ਜ਼ਿਲ੍ਹੇ ਵਿਚ ਜਾਵੇਗਾ ।

Real Estate