ਸ਼੍ਰੋਮਣੀ ਸਾਹਿਤਕਾਰ ਗੁਰਦੇਵ ਵਿੱਚ ਰੁਪਾਣਾ ਨਹੀਂ ਰਹੇ

109

ਸ੍ਰੀ ਮੁਕਤਸਰ ਸਾਹਿਬ 5 ਦਸੰਬਰ (ਕੁਲਦੀਪ ਸਿੰਘ ਘੁਮਾਣ ) ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਨੇ ਅੱਜ ਆਪਣੇ ਪਿੰਡ ਰੁਪਾਣਾ ਵਾਲੇ ਘਰ ਵਿੱਚ ਅੰਤਿਮ ਸਾਹ ਲਿਆ। ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸਨ ਅਤੇ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸਨ ਜਦੋਂ ਕਿ ਪਿਛਲੇ ਦੋ ਹਫ਼ਤਿਆਂ ਤੋਂ ਆਪਣੇ ਪਿੰਡ ਰੁਪਾਣਾ ਵਾਲੇ ਘਰ ਵਿੱਚ ਸਨ। ਪੰਜਾਬੀ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਦਿੱਲੀ ਵਿਖੇ ਅਧਿਆਪਕ ਰਹੇ । ਦਿੱਲੀ ਵਿੱਚ ਨੌਕਰੀ ਹਾਸਲ ਕਰਨ ਤੋਂ ਪਹਿਲਾਂ ਉਹ ਕੁਝ ਸਮਾਂ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿੱਚ ਵੀ ਪੜ੍ਹਾਉਂਦੇ ਰਹੇ।
ਉਨ੍ਹਾਂ ਨੇ ਕਹਾਣੀਆਂ ਦੀਆਂ ਪੰਜ ਪੁਸਤਕਾਂ ਅਤੇ ਚਾਰ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ । ਉਹ ਦਿੱਲੀ ਦੇ ਸਾਹਿਤਕ ਹਲਕਿਆਂ ਵਿੱਚ ਉੱਘੇ ਹਸਤਾਖਰ ਸਨ। ਉਨ੍ਹਾਂ ਨੇ ਦਿੱਲੀ ਰਹਿੰਦਿਆਂ ਹੋਇਆਂ ਵੀ ਆਪਣੇ ਪੇਂਡੂ ਪਾਤਰਾਂ ਦੇ ਸੁਭਾਅ,ਪੇਂਡੂ ਵਿਸ਼ਿਆਂ ਅਤੇ ਦੁੱਖਾਂ ਸੁੱਖਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਦਿੱਲੀ ਵਿੱਚ ਵੱਸਦੇ ਪਾਤਰਾਂ ਦੇ ਨਾਲ ਨਾਲ ਰੁਪਾਣਾ ਅਤੇ ਪੰਜਾਬ ਦੇ ਪਾਤਰਾਂ ਨੂੰ ਵੀ ਬਰਾਬਰ ਤੋਰੀ ਰੱਖਿਆ।
ਉਨ੍ਹਾਂ ਦੀਆਂ ਕੲੀ ਪੁਸਤਕਾਂ ਅਤੇ ਕਹਾਣੀਆਂ ਦੇ ਤੇਲਗੂ,ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਚੁੱਕਿਆ ਹੈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਅਕਾਦਮੀ ਦਿੱਲੀ ਅਤੇ ਕਨੇਡਾ ਵਿੱਚ ਢਾਹਾਂ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ।
ਸ੍ਰੀ ਰੁਪਾਣਾ ਆਪਣੇ ਪਿੱਛੇ ਪਤਨੀ ਗੁਰਮੇਲ ਕੌਰ,ਦੋ ਪੁੱਤਰ ਨੇਮਪਾਲ ਸਿੰਘ ਅਤੇ ਪ੍ਰੀਤਪਾਲ ਸਿੰਘ ਰੁਪਾਣਾ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿਦਿਆਰਥੀ ਛੱਡ ਗੲੇ ਹਨ।
ਸ੍ਰੀ ਰੁਪਾਣਾ ਦਾ ਅੰਤਿਮ ਸੰਸਕਾਰ ਪਿੰਡ ਰੁਪਾਣਾ , ਨੇੜੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।

Real Estate