ਕੰਗਣਾ ਰਣੌਤ ਨੂੰ ਮਾਰਨ ਦੀ ਧਮਕੀ ਤੇ ਬਠਿੰਡਾ ਦੇ ਵਿਅਕਤੀ ਤੇ ਸਿ਼ਕਾਇਤ ਦਰਜ਼

101

ਅਦਾਕਾਰਾ ਕੰਗਣਾ ਰਣੌਤ ਨੇ ਅੱਜ ਦੱਸਿਆ ਕਿ ਉਸ ਵੱਲੋਂ ਕਿਸਾਨੀ ਮੁਜ਼ਾਹਰਿਆਂ ਸਬੰਧੀ ਪਾਈਆਂ ਪੋਸਟਾਂ ’ਤੇ ਕਥਿਤ ਤੌਰ ’ਤੇ ਧਮਕੀਆਂ ਮਿਲਣ ਦੇ ਦੋਸ਼ ਹੇਠ ਉਸ ਨੇ ਐੱਫਆਈਆਰ ਦਰਜ ਕਰਵਾਈ ਹੈ। ਰਣੌਤ ਨੇ ਇੰਸਟਾਗ੍ਰਾਮ ’ਤੇ ਹਿੰਦੀ ਵਿੱਚ ਇੱਕ ਲੰਮੀ ਪੋਸਟ ਪਾਉਂਦਿਆਂ ਦੋਸ਼ ਲਾਇਆ ਕਿ ਉਸ ਨੂੰ ਹਾਲ ਹੀ ’ਚ ਉਸ ਵੱਲੋਂ ਪਾਈਆਂ ਪੋਸਟਾਂ ’ਤੇ ਕੁਝ ਸਮਾਜ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਲਿਖਿਆ,‘ਮੇਰੀ ਪੋਸਟ ’ਤੇ ਕੁਝ ਸਮਾਜ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਤੋਂ ਇੱਕ ਵਿਅਕਤੀ ਨੇ ਮੈਨੂੰ ਸ਼ਰ੍ਹੇਆਮ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹਾਂ। ਮੈਂ ਦੇਸ਼ ਖ਼ਿਲਾਫ਼ ਸਾਜਿਸ਼ ਰਚਣ ਵਾਲਿਆਂ ਤੇ ਦਹਿਸ਼ਤਗਰਦਾਂ ਖ਼ਿਲਾਫ਼ ਲਗਾਤਾਰ ਬੋਲਦੀ ਰਹਾਂਗੀ, ਭਾਵੇਂ ਇਹ ਬੇਕਸੂਰ ਜਵਾਨਾਂ ਨੂੰ ਮਾਰਨ ਵਾਲੇ ਨਕਸਲੀ ਹੋਣ, ਟੁਕੜੇ ਟੁਕੜੇ ਗੈਂਗ ਜਾਂ ਵਿਦੇਸ਼ਾਂ ’ਚ ਬੈਠ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਵੇਖਣ ਵਾਲੇ ਦਹਿਸ਼ਤਗਰਦ ਹੋਣ।’ ਇਸ ਪੋਸਟ ਦੇ ਨਾਲ ਹੀ ਅਦਾਕਾਰਾ ਨੇ ਆਪਣੀ ਮਾਂ ਨਾਲ ਹਾਲ ਹੀ ’ਚ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਣ ਵੇਲੇ ਖਿਚਵਾਈ ਇੱਕ ਤਸਵੀਰ ਸਾਂਝੀ ਕੀਤੀ ਹੈ। ਰਣੌਤ ਨੇ ਕਿਹਾ,‘ਮੈਂ ਕਦੇ ਵੀ ਕਿਸੇ ਜਾਤ, ਧਰਮ ਜਾਂ ਸਮੂਹ ਬਾਰੇ ਇਤਰਾਜ਼ਯੋਗ ਜਾਂ ਨਫ਼ਰਤ ਭਰੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ।’ ਕੰਗਣਾ ਨੇ ਐੱਫਆਈਆਰ ਦੀ ਇੱਕ ਕਾਪੀ ਸਾਂਝੀ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦੇਣ। ਉਸਨੇ ਕਿਹਾ,‘ਮੈਂ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਈ ਹੈ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਕਾਰਵਾਈ ਕਰੇਗੀ।’ ਉਸਨੇ ਦਾਅਵਾ ਕੀਤਾ ਕਿ ਉਸ ਨੂੰ ਮਿਲ ਰਹੀਆਂ ਧਮਕੀਆਂ ਪਿੱਛੇ ਰਾਜਨੀਤੀ ਦਾ ਹੱਥ ਹੈ।

Real Estate