ਓਮੀਕਰੋਨ ਨਾਲ ਮੁਕਾਬਲੇ ਲਈ ਮੁਲਕਾਂ ਨੇ ਤਿਆਰੀ ਖਿੱਚੀ, ਜਾਪਾਨ ਵੱਲੋਂ ਸਰਹੱਦਾਂ ਬੰਦ

163

ਆਸਟਰੇਲੀਆ ’ਚ ਕੌਮਾਂਤਰੀ ਪਾੜ੍ਹਿਆਂ ਅਤੇ ਹੋਰ ਵੀਜ਼ਾ ਧਾਰਕਾਂ ਦੇ ਆਉਣ ’ਤੇ ਰੋਕ

ਦੱਖਣੀ ਅਫ਼ਰੀਕਾ ਵਿੱਚ ਪਿਛਲੇ ਹਫ਼ਤੇ ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਦਾ ਕੇਸ ਰਿਪੋਰਟ ਹੋਣ ਮਗਰੋਂ ਕੁੱਲ ਆਲਮ ਨੂੰ ਹੱਥਾਂ ਪੈਰਾਂ ਦੀ ਪੈਣ ਲੱਗੀ ਹੈ। ਕਰੋਨਾ ਦੀ ਇਸ ਨਵੀਂ ਕਿਸਮ ਤੋਂ ਬਚਾਅ ਲਈ ਮੁਲਕਾਂ ਵੱਲੋਂ ਚੌਕਸੀ ਵਜੋਂ ਯਾਤਰਾ ਪਾਬੰਦੀਆਂ ਸਮੇਤ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਜਾਪਾਨ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਸਾਰੇ ਵਿਦੇਸ਼ੀ ਯਾਤਰੀਆਂ ਦੇ ਦਾਖ਼ਲੇ ’ਤੇ ਰੋਕ ਲਾ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਦੱਖਣੀ ਅਫ਼ਰੀਕਾ ਤੇ ਬੋਤਸਵਾਨਾ ਵੱਲੋਂ ਕੁੱਲ ਆਲਮ ਨੂੰ ਕਰੋਨਾ ਦੀ ਇਸ ਨਵੀਂ ਕਿਸਮ ਤੋਂ ਚੌਕਸ ਕਰਨ ਲਈ ਸ਼ਲਾਘਾ ਕੀਤੀ ਹੈ। ਉਧਰ 27 ਮੁਲਕੀ ਯੂਰੋਪੀਅਨ ਯੂਨੀਅਨ ਨੇ ਸੱਤ ਦੱਖਣ ਅਫਰੀਕੀ ਮੁਲਕਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਫੌਰੀ ਰੋਕ ਲਾ ਦਿੱਤੀ ਹੈ। ਬੈਲਜੀਅਮ, ਡੈਨਮਾਰਕ ਤੇ ਨੀਦਰਲੈਂਡਜ਼ ਮਗਰੋਂ ਪੁਰਤਗਾਲ ਵਿੱਚ ਵੀ ਓਮੀਕਰੋਨ ਦੇ 13 ਨਵੇਂ ਕੇਸਾਂ ਦੀ ਪਛਾਣ ਹੋਈ ਹੈ।
ਜਾਪਾਨ ਵਿੱਚ ਭਾਵੇਂ ਅਜੇ ਤੱਕ ਇਸ ਨਵੀਂ ਕਿਸਮ ਦਾ ਕੋਈ ਕੇਸ ਨਹੀਂ ਹੈ, ਪਰ ਅਥਾਰਿਟੀਜ਼ ਨੇ ਇਹਤਿਆਤ ਵਜੋਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਕਿਹਾ ਕਿ ਹੰਗਾਮੀ ਚੌਕਸੀ ਵਜੋਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਹਾਲਾਤ ਬਦ ਤੋਂ ਬਦਤਰ ਨਾ ਹੋਣ। ਉਧਰ ਇਜ਼ਰਾਈਲ ਨੇ ਵੀ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਭਾਵੇਂ 9 ਦੱਖਣੀ ਅਫ਼ਰੀਕੀ ਮੁਲਕਾਂ ਦੇ ਯਾਤਰੀਆਂ ’ਤੇ ਪਾਬੰਦੀਆਂ ਲਾਈਆਂ ਹਨ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਹੋਰ ਪਾਬੰਦੀਆਂ ਲਾਏ ਜਾਣ ਦੇ ਆਸਾਰ ਨਹੀਂ ਹਨ ਤੇ ਵੀਰਵਾਰ ਤੋਂ ਬਾਰ, ਰੈਸਟੋਰੈਂਟ ਤੇ ਜਿਮ ਆਦਿ ਖੋਲ੍ਹ ਦਿੱਤੇ ਜਾਣਗੇ। ਨਿਊਜ਼ੀਲੈਂਡ ਵਿੱਚ ਅਗਸਤ ਤੋਂ ਲੱਗਾ ਲੌਕਡਾਊਨ ਹੁਣ ਖ਼ਤਮ ਹੋਣ ਲੱਗਾ ਹੈ। ਸਕੌਟਲੈਂਡ ਵਿੱਚ ਵੀ ਕੋਵਿਡ-19 ਦੀ ਨਵੀਂ ਕਿਸਮ ਦੇ 6 ਕੇਸ ਰਿਪੋਰਟ ਹੋਏ ਹਨ।
ਆਸਟਰੇਲੀਆ ਸਰਕਾਰ ਨੇ ਕਰੋਨਾ ਦੀ ਨਵੀਂ ਕਿਸਮ ‘ਓਮੀਕਰੋਨ’ ਬਾਰੇ ਚਿੰਤਾਵਾਂ ਦੇ ਚੱਲਦਿਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਲਈ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੀਆਂ ਹਨ। ਦੱਖਣੀ ਅਫਰੀਕਾ, ਲੇਸੋਥੋ, ਏਕਾਟਵਿਨੀ, ਨਾਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਸੈਸ਼ਲਜ਼, ਮੋਜ਼ੰਬੀਕ ਜਾਂ ਮਲਾਵੀ ਦੇਸ਼ਾਂ ਲਈ ਨਵੀਆਂ ਯਾਤਰਾ ਪਾਬੰਦੀਆਂ ਅਤੇ ਨਵੇਂ ਇਕਾਂਤਵਾਸ ਨੇਮ ਫੌਰੀ ਅਮਲ ਵਿੱਚ ਆ ਗਏ ਹਨ। ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਕਿ ਸਰਕਾਰ ਯਾਤਰਾ ਪਾਬੰਦੀਆਂ ਬਾਰੇ ਡਾਕਟਰੀ ਸਲਾਹ ਲਵੇਗੀ ਅਤੇ ਲੋੜ ਅਨੁਸਾਰ ਫੈਸਲਾ ਲਿਆ ਜਾਵੇਗਾ।
ਵਿਸ਼ਵ ਸਿਹਤ ਸੰਸਥਾ ਨੇ ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਦੇ ਟਾਕਰੇ ਲਈ ਯੋਜਨਾਬੰਦੀ ਤਿਆਰ ਕਰ ਲਈ ਹੈ ਤੇ ਮੈਂਬਰ ਮੁਲਕਾਂ ਨਾਲ ਇਸ ਬਾਰੇ ਵਿਚਾਰ ਚਰਚਾ ਜਾਰੀ ਹੈ। ਕੋਵਿਡ-19 ਦੀ ਇਸ ਨਵੀਂ ਕਿਸਮ ਨੇ ਕੁੱਲ ਆਲਮ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਵਿਸ਼ਵ ਸਿਹਤ ਸੰਸਥਾ ਦੇ ਵਿਸ਼ੇਸ਼ ਇਜਲਾਸ ਵਿੱਚ ਮਹਾਮਾਰੀ ਦੇ ਟਾਕਰੇ ਲਈ ਖਰੜੇ ਦੇ ਰੂਪ ਵਿੱਚ ਮਤਾ ਲਿਆਉਣ ਬਾਰੇ ਵਿਚਾਰ ਕੀਤਾ ਜਾ ਰਿਹੈ। ਯੂੁਰੋਪੀਅਨ ਯੂਨੀਅਨ ਵਿਚਲੇ ਮੁਲਕ ਜਿੱਥੇ ਅਹਿਦਨਾਮਾ ਕਰਨ ਦੇ ਹਾਮੀ ਹਨ, ਉਥੇ ਅਮਰੀਕਾ ਤੇ ਕੁਝ ਹੋਰਨਾਂ ਮੁਲਕਾਂ ਦਾ ਤਰਕ ਹੈ ਕਿ ਕਿਸੇ ਵੀ ਖਰੜੇ ਨੂੰ ਦਸਤਾਵੇਜ਼ ਦਾ ਰੂਪ ਦੇਣ ਤੋਂ ਪਹਿਲਾਂ ਇਸ ਬਾਰੇ ਠੋਸ ਚਰਚਾ ਹੋਵੇ। ਜਨੇਵਾ ’ਚ ਬਰਤਾਨਵੀ ਰਾਜਦੂਤ ਸਿਮੋਨ ਮੈਨਲੇ ਨੇ ਕਿਹਾ ਕਿ ਓਮੀਕਰੋਨ ਕਿਸਮ ਨੇ ਇਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਕਰੋਨਾਵਾਇਰਸ ਦੇ ਟਾਕਰੇ ਲਈ ਇਕ ਸਾਂਝੀ ਸਮਝ ਵਿਕਸਤ ਕਰਨ ਦੀ ਲੋੜ ਕਿਉਂ ਹੈ।

 

Real Estate