ਖੇਤੀ ਕਾਨੂੰਨਾਂ ਦੇ ਰੱਦ ਹੋਣ ਨਾਲ ਸ਼ਹਿਰੀ ਵਪਾਰੀਆਂ ਨੇ , ਸਸਤੀਆਂ ਜ਼ਮੀਨਾਂ ਖਰੀਦਣ ਲਈ ਮਾਲਵੇ ਦੇ ਪਿੰਡਾਂ ਵਿੱਚ ਪਹੁੰਚ ਕਰਨੀ ਸ਼ੁਰੂ ਕੀਤੀ

52
ਸ੍ਰੀ ਮੁਕਤਸਰ ਸਾਹਿਬ  23 ਨਵੰਬਰ  (ਕੁਲਦੀਪ ਸਿੰਘ ਘੁਮਾਣ) ਤਿੰਨੇ ਖੇਤੀ ਕਾਨੂੰਨ ਰੱਦ ਹੋਣ ਦੀ ਖਬਰ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਲੈ ਆਂਦੀ ਹੈ ਅਤੇ ਖੇਤਾਂ ਵਿੱਚ ਆਰਥਿਕ ਰੌਣਕ ਮੁੜ ਪਰਤ ਆਈ ਹੈ । ਜਿਹੜੀ ਤਿੰਨ ਖੇਤੀ ਕਾਨੂੰਨ ਹੋਂਦ ਵਿੱਚ ਆਉਂਣ ਨਾਲ ਗਾਇਬ ਹੋਈ ਸੀ। ਛੋਟੇ ਕਿਸਾਨ ਵੱਡੇ ਹੌਂਸਲੇ ਨਾਲ ਜ਼ਮੀਨਾਂ ਠੇਕੇ ‘ਤੇ ਲੈਣ ਲੲੀ ਜ਼ਮੀਨ ਦੇ ਮਾਲਕਾਂ ਤੱਕ ਪਹੁੰਚ ਕਰਨ ਲੱਗੇ ਹਨ। ਸ਼ਹਿਰਾਂ ਵਿੱਚੋਂ ਪਿਛਲੇ ਦੋ ਸਾਲਾਂ ਤੋਂ ਮੋਟੀ ਕਮਾਈ ਕਰਨ ਵਾਲੇ ਵਪਾਰੀਆਂ ਨੇ ਸਸਤੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਬਾਬਤ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਠੀਕ ਓਸੇ ਤਰ੍ਹਾਂ ਜਿਵੇਂ 2006-07  ਵਿੱਚ ਸਹਿਰੀ ਜਾਇਦਾਦ ਦੀਆਂ , ਕੀਮਤਾਂ ਅਚਾਨਕ ਹੇਠਾਂ ਡਿੱਗਣ ਨਾਲ ਸ਼ਹਿਰੀ ਜਾਇਦਾਦ ਦੇ ਵਪਾਰੀਆਂ ਨੇ ਜ਼ਮੀਨਾਂ ਦੀ ਖਰੀਦੋ ਫਰੋਖਤ ਕੀਤੀ ਸੀ ਅਤੇ ਮੋਟੇ ਮੁਨਾਫੇ ਕਮਾਏ ਸਨ ।
ਜ਼ਿਕਰਯੋਗ ਹੈ ਕਿ 2004-05 ਤੋਂ ਸ਼ਹਿਰੀ ਜਾਇਦਾਦ ਦੀਆਂ ਕੀਮਤਾਂ ਵਿੱਚ ਉਛਾਲ ਆਉਂਣਾ ਸ਼ੁਰੂ ਹੋਇਆ ਸੀ ਜੋ 2006-07 ਵਿੱਚ ਸਿਖਰ ‘ਤੇ ਪਹੁੰਚ ਕੇ ਅਚਾਨਕ ਹੇਠਾਂ ਡਿੱਗ ਪਈਆਂ ਸਨ ।
2006-07 ਦੇ ਆਖਰੀ ਮਹੀਨਿਆਂ ਵਿੱਚ ਜਿੰਨ੍ਹਾਂ ਲੇਟ ਲਤੀਫ ਲੋਕਾਂ ਨੇ ਸਹਿਰੀ ਸੌਦੇ ਖਰੀਦੇ ਸਨ ਕਿ ਹੁਣ ਅਸੀਂ ਵੀ ਦੋ ਸਾਲਾਂ ਵਿੱਚ ਆਪਣੀਆਂ ਰਕਮਾਂ ਦੁੱਗਣੀਆਂ ਚੌਗੁਣੀਆਂ ਕਰ ਲਵਾਂਗੇ ਉਨ੍ਹਾਂ ਨੂੰ ਕੀ ਪਤਾ ਸੀ ਕਿ ਸਿਰ ਮੁਨਾਉਂਦਿਆਂ ਹੀ ਗੜਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ।
ਜਿੰਨ੍ਹਾਂ ਲੋਕਾਂ ਨੇ 2007 ਦੌਰਾਨ ਉੱਚੀਆਂ ਕੀਮਤਾਂ ‘ਤੇ ਸੌਦੇ ਖਰੀਦੇ ਸਨ , ਉਹ 2019-20 ਤੱਕ ਬੁਰੀ ਤਰ੍ਹਾਂ ਥੱਕ ਹਾਰ ਚੁੱਕੇ ਸਨ। ਤੇਰਾਂ ਚੌਦਾਂ ਸਾਲਾਂ ਵਿੱਚ ਉਹਨਾਂ ਦੀਆਂ ਜਰੂਰਤਾਂ ਵੀ ਵਧ ਗੲੀਆਂ ਹਨ ਅਤੇ ਕੀਮਤਾਂ ਵਧਣ ਦੀਆਂ ਉਮੀਦਾਂ ਵੀ ਲੱਗਭੱਗ ਖਤਮ ਹੋ ਗੲੀਆਂ ਸਨ ਜਿਸ ਕਰਕੇ ਉਨ੍ਹਾਂ ਨੇ ਤੁਛ ਜਿਹੀਆਂ ਕੀਮਤਾਂ ‘ਤੇ ਸੌਦੇ ਵੇਚ ਦਿੱਤੇ ਪਰ ਇਸ ਕਾਰੋਬਾਰ ‘ਤੇ ਬਾਜ਼ ਅੱਖ ਰੱਖਣ ਵਾਲੇ ਵਪਾਰੀਆਂ ਨੇ ਬਹੁਤੇ ਸੌਦੇ ਖਰੀਦ ਲਏ । ਉਨ੍ਹਾਂ ਨੇ 2006-07 ਦੀ ਤਰਜ਼ ‘ਤੇ ਹੀ  ਖਰੀਦੇ ਗੲੇ ਪਲਾਟਾਂ ਨੂੰ ਸੋਰੂਮਾਂ ਦਾ ਨਾਮ ਦੇ ਕੇ , ਸਾਲ ਦੋ ਸਾਲਾਂ ਵਿੱਚ ਹੀ 2021 ਤੱਕ ਆਪਣੀਆਂ ਰਕਮਾਂ ਦੁੱਗਣੀਆਂ ਕਰ ਲਈਆਂ ਅਤੇ ਮਾਰਕੀਟ ਵਿੱਚੋਂ ਫੇਰ ਰਫੂ ਚੱਕਰ ਹੋ ਗੲੇ ।
19 ਨਵੰਬਰ ਨੂੰ ਤਿੰਨੋਂ ਕਿਸਾਨੀ ਕਾਨੂੰਨ ਰੱਦ ਹੋਣ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਵਪਾਰੀਆਂ ਨੇ ਸਸਤੀਆਂ ਜ਼ਮੀਨਾਂ ਵੱਲ ਰੁੱਖ ਕਰ ਲਿਆ ਹੈ। ਕਿਉਂਕਿ ਉਹ ਜਾਣਦੇ ਹਨ ਕਿ ਰਾੜਾ ਸਾਹਿਬ ਨੇੜੇ ਸੱਨਅਤੀ ਘਰਾਣਿਆਂ ਨੂੰ , ਕਰੋੜਾਂ ਰੁਪੲੇ ਦੇ ਮੁੱਲ ਦੀਆਂ ਜ਼ਮੀਨਾਂ  ਵੇਚਣ ਵਾਲੇ ਕਿਸਾਨ ਹੁਣ ਮੁਕਤਸਰ , ਮਲੋਟ ,ਅਬੋਹਰ ,ਫਿਰੋਜਪੁਰ ਅਤੇ ਫਰੀਦਕੋਟ ਆਦਿ ਸ਼ਹਿਰਾਂ ਦੇ ਪਿੰਡਾਂ ਨੇੜੇ ਹੀ ਆਪਣੇ ਕਿੱਲਿਆਂ ਨੂੰ ਦੂਣਾ ਚੌਣਾ ਕਰ ਸਕਦੇ ਹਨ ।
ਜ਼ਮੀਨਾਂ ਠੇਕੇ ‘ਤੇ ਲੈਣ ਦੇਣ ਅਤੇ ਖਰੀਦੋ ਫਰੋਖਤ ਦੀ ਪੁੱਛ ਪੜਤਾਲ ਸ਼ੁਰੂ ਹੋਣ  ਨਾਲ ਅੰਨਦਾਤੇ ਦੇ ਚਿਹਰੇ ਤੇ ਇੱਕ ਵਾਰ ਫੇਰ ਰੌਣਕਾਂ ਪਰਤੀਆਂ ਹਨ ।
ਲੰਮੇ ਸਮੇਂ ਤੋਂ ਜਾਇਦਾਦ ਦੇ ਵਪਾਰ ਨਾਲ ਜੁੜੇ ਹੋਏ ਫਰੀਦਕੋਟ ਤੋਂ ਜਗਤਾਰ ਸਿੰਘ ਹੁਰਾਂ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਬਣ ਰਹੇ ਹਾਈਵੇਅ ਅਤੇ ਬਾਈਪਾਸਾਂ ਲੲੀ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਲਕਾਂ ਕੋਲ ਖੇਤੀ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ । ਆਉਂਣ ਵਾਲੇ ਦਿਨਾਂ ਵਿੱਚ ਉਹ ਸਸਤੀਆਂ ਜ਼ਮੀਨਾਂ ਵੱਲ ਰੁੱਖ ਕਰਨਗੇ ਕਿਉਂਕਿ 2023 ਤੱਕ ਹੋਰ ਵੀ ਬਹੁਤ ਸਾਰੇ ਨੈਸਨਲ ਹਾਈਵੇਅ,ਬਾਈਪਾਸਾਂ ਅਤੇ ਪ੍ਰਧਾਨਮੰਤਰੀ ਗ੍ਰਾਮੀਣ ਸੜਕ ਵਿਕਾਸ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਜਿਸ ਕਰਕੇ ਸ਼ਹਿਰੀ ਵਪਾਰੀਆਂ ਨੇ ਬਾਜ਼ ਅੱਖ , ਪਿੰਡਾਂ ਦੀਆਂ ਸਸਤੀਆਂ ਜ਼ਮੀਨਾਂ ‘ਤੇ ਰੱਖ ਲੲੀ ਹੈ ਜਿਸਦੇ ਨਤੀਜੇ ਵਜੋਂ ਸਸਤੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਵੱਡੇ ਪੱਧਰ ‘ਤੇ ਹੋਵੇਗੀ ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਤਾਂ ਹੁਣ ਹਰ ਚੌਥਾ ਵਿਅਕਤੀ ਕੇਵਲ ਕਿਰਾਏ ‘ਤੇ ਚੜ੍ਹਨ ਵਾਲੀ ਪ੍ਰੌਪਰਟੀ ਹੀ ਖਰੀਦ ਰਿਹਾ ਸੀ ਜਿਸਦੇ ਨਤੀਜੇ ਵਜੋਂ ਸ਼ਹਿਰਾਂ ਦੇ ਬਾਹਰੀ ਖੇਤਰਾਂ ਵਿਂਚ ਹੀ ਸੈਂਕੜੇ ਸੋਰੂਮ ਉਸਾਰ ਦਿੱਤੇ ਗੲੇ ਹਨ ਪਰ ਏਨੀਆਂ ਦੁਕਾਨਾਂ ਤੇ ਸੋਰੂਮ ਕਿਰਾਇਆਂ ਉੱਪਰ ਲਵੇਗਾ ਕੌਣ ?
ਜਦੋਂ ਕਿ ਇਹ ਬਾਹਰੀ ਖੇਤਰ ਅਜੇ ਬਾਰਾਂ ਚੌਦਾਂ ਸਾਲ ਪੂਰਨ ਰੂਪ ਵਿੱਚ ਆਬਾਦ ਨਹੀਂ ਹੁੰਦੇ । ਜਿਸ ਕਰਕੇ ਖੇਤੀ ਸੈਕਟਰ ਵਿੱਚ ਨਿਵੇਸ਼ ਦੇ ਮੌਕੇ ਵਧ ਗੲੇ ਹਨ ਜਿਸਦੇ ਨਤੀਜੇ ਵਜੋਂ ਸਸਤੀਆਂ ਜ਼ਮੀਨਾਂ ਬਾਰੇ ਵਪਾਰੀ ਵਰਗ ਡੀਲਰਾਂ ਤੱਕ ਪਹੁੰਚ ਕਰਨ ਲੱਗਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਦੀ ਖਬਰ ਤੋਂ ਬਾਅਦ ਸਸਤੀਆਂ ਜ਼ਮੀਨਾਂ ਦੇ ਖਰੀਦਦਾਰਾਂ ਨੇ ਮਾਲਵੇ ਦੇ ਜਿਲ੍ਹਿਆਂ ਖਾਸਕਰ ਮੁਕਤਸਰ ਫਰੀਦਕੋਟ ਆਦਿ ਵਿੱਚ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਨਤੀਜੇ ਵਜੋਂ ਆਉਂਣ ਵਾਲੇ ਦਿਨਾਂ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਚੰਗਾ ਉਛਾਲ ਆਉਂਣ ਦੀਆਂ ਸੰਭਾਵਨਾਵਾਂ ਹਨ।
Real Estate