ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹ:ਬਿਜਲੀ ਠੱਪ, ਦੇਸ਼ ਨਾਲੋਂ ਸੜਕੀ ਸੰਪਰਕ ਟੁੱਟਿਆ

70

ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਪਾਣੀ ਦੇ ਵਹਿਣ ਅਤੇ ਢਿੱਗਾਂ ਡਿੱਗਣ ਕਾਰਨ ਪੱਛਮੀ ਖੇਤਰ ਦੇ ਸੜਕੀ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਸੜਕਾਂ ’ਤੇ ਫਸੇ 250-300 ਵਾਹਨਾਂ ਵਿਚਲੇ ਲੋਕਾਂ ਨੂੰ ਹੈਲੀਕੌਪਟਰਾਂ ਨਾਲ ਟਿਕਾਣਿਆਂ ’ਤੇ ਪਹੁੰਚਾਇਆ ਜਾ ਰਿਹਾ ਹੈ। ਬਿਜਲੀ ਬੰਦ ਹੋਣ ਕਾਰਨ ਇਕ ਲੱਖ ਤੋਂ ਵੱਧ ਘਰ ਹਨੇਰੇ ਅਤੇ ਠੰਢ ਦੀ ਮਾਰ ਝਲ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਹੋਏ ਮੈਰਿਟ ਸ਼ਹਿਰ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਸ਼ਹਿਰ ਨੂੰ ਖਾਲੀ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਸੂਬੇ ਵਿੱਚ ਸਕੂਲ ਬੰਦ ਕਰ ਦਿੱਤੇ ਹਨ। ਸੋਮਵਾਰ ਨੂੰ ਹੋਈ 250 ਮਿਲੀਮੀਟਰ ਬਾਰਸ਼ ਕਾਰਨ ਕਈ ਹੋਰ ਇਲਾਕਿਆਂ ਵਿੱਚ ਪਾਣੀ ਭਰਨ ਬਾਰੇ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਹਨ। ਨੀਵੇਂ ਇਲਾਕਿਆਂ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਬਾਰੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਕੇਂਦਰੀ ਸਰਕਾਰ ਦੇ ਹੰਗਾਮੀ ਮੌਕਾ ਸੰਭਾਲ ਮੰਤਰਾਲੇ ਨੇ ਸੂਬੇ ਨਾਲ ਤਾਲਮੇਲ ਬਣਾਇਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਮੰਤਰੀ ਬਿਲ ਬਲੇਅਰ ਨੂੰ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਬਾਰਸ਼ ਦੇ ਅੱਜ ਤੇਜ਼ ਹੋਣ ਅਤੇ 90 ਕਿਲੋਮੀਟਰ ਦੀ ਰਫਤਾਰ ਨਾਲ ਹਨੇਰੀ ਚੱਲਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਿਸਟਮ ਫੇਲ੍ਹ ਹੋ ਗਿਆ ਹੈ। ਇਸ ਕਾਰਨ ਕੁਝ ਖੇਤਰਾਂ ਦੀ ਸੰਚਾਰ ਪ੍ਰਣਾਲੀ ਵੀ ਪ੍ਰਭਾਵਿਤ ਹੋਈ। ਕੋਕਾਹਾਲਾ ਹਾਈਵੇਅ ਤਾਂ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਅੱਜ ਗੋਲਡਨ ਅਤੇ ਰੈਵਲਸਟੋਕ ਵਿਚਾਲੇ ਕਈ ਥਾਵਾਂ ’ਤੇ ਢਿੱਗਾਂ ਡਿਗਣ ਕਾਰਨ ਸੜਕ ਦੋਹੇ ਪਾਸਿਓਂ ਬੰਦ ਹੋ ਗਈ, ਜਿਸ ਕਾਰਨ ਕਰੀਬ ਢਾਈ ਤਿੰਨ ਸੌ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਹੈਲੀਕੌਪਟਰ ਲਾਏ ਗਏ ਹਨ। ਦੱਸਿਆ ਗਿਆ ਹੈ ਕਿ ਹੈਲੀਕੌਪਟਰ ਦੇਰ ਰਾਤ ਤੱਕ ਸਾਰੇ ਮੁਸਾਫਰਾਂ ਨੂੰ ਕੱਢ ਲੈਣ ਤੱਕ ਕੰਮ ਕਰਦੇ ਰਹਿਣਗੇ। ਫਰੇਜ਼ਰ ਵੈਲੀ ਵਿਚਲੀਆਂ ਕਈ ਨੀਵੀਆਂ ਸੜਕਾਂ ਉੱਤੇ ਪਾਣੀ ਦੇ ਵਹਾਅ ਕਾਰਨ ਆਵਾਜਾਈ ਲਈ ਬੰਦ ਕਰ ਦਿੱਤੀਆਂ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਹੋਪ ਸ਼ਹਿਰ ਦਾ ਖੇਤੀ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਹੋਪ ਤੋਂ ਐਬਟਸਫੋਰਡ ਤੱਕ ਹਾਈਵੇਅ ਇਕ ਨੂੰ ਬੰਦ ਕਰ ਦਿੱਤਾ ਹੈ। ਮੋਸਮ ਵਿਭਾਗ ਨੇ ਅਗਲੇ ਦੋ ਦਿਨ ਤੇਜ਼ ਹਵਾਵਾਂ ਚੱਲਣ, ਪਰ ਬਾਰਸ਼ ਘਟਣ ਦੀ ਸੂਚਨਾ ਜਾਰੀ ਕੀਤੀ ਹੈ।

Real Estate