ਅਮਰੀਕਾ ਦੁਆਰਾ ਤਕਰੀਬਨ 20 ਮਹੀਨਿਆਂ ਬਾਅਦ ਯਾਤਰਾ ਲਈ ਖੋਲ੍ਹੀਆਂ ਜਾ ਰਹੀਆਂ ਹਨ, ਸਰਹੱਦਾਂ

95

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਤਕਰੀਬਨ 20 ਮਹੀਨਿਆਂ ਬਾਅਦ ਹਟਾਇਆ ਜਾ ਰਿਹਾ ਹੈ। ਜਿਸ ਤਹਿਤ ਅਮਰੀਕਾ ਸੋਮਵਾਰ (8 ਨਵੰਬਰ) ਤੋਂ ਆਪਣੀਆਂ ਜ਼ਮੀਨੀ ਅਤੇ ਹਵਾਈ ਸਰਹੱਦਾਂ ਨੂੰ ਪੂਰੀ ਤਰ੍ਹਾਂ ਕੋਵਿਡ ਵੈਕਸੀਨ ਲੱਗੇ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹ ਰਿਹਾ ਹੈ। ਇਸ ਲਈ ਦੁਨੀਆ ਭਰ ਦੀਆਂ ਯਾਤਰਾਵਾਂ ‘ਤੇ 20 ਮਹੀਨਿਆਂ ਦੀਆਂ ਪਾਬੰਦੀਆਂ ਨੂੰ ਖਤਮ ਕਰਦਿਆਂ, ਪਰਿਵਾਰਾਂ ਦੀ ਦੁਬਾਰਾ ਮਿਲਣੀ ਅਤੇ ਸੈਰ-ਸਪਾਟੇ ਨੂੰ ਫਿਰ ਤੋਂ ਚਾਲੂ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਵੇਲੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ 2020 ਦੇ ਸ਼ੁਰੂ ਵਿੱਚ ਲਗਾਈ ਗਈ ਪਾਬੰਦੀ ਨੂੰ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਬਰਕਰਾਰ ਰੱਖੀ ਗਈ ਸੀ। ਜਦਕਿ ਇਸ ਯਾਤਰਾ ਪਾਬੰਦੀ ਦੀ ਵਿਆਪਕ ਤੌਰ ‘ਤੇ ਅਲੋਚਨਾ ਵੀ ਕੀਤੀ ਗਈ ਸੀ। ਯਾਤਰਾ ਸਬੰਧੀ ਪਾਬੰਦੀਆਂ ਨੂੰ ਖਾਸ ਤੌਰ ‘ਤੇ ਯੂਰਪ ਅਤੇ ਅਮਰੀਕਾ ਦੇ ਗੁਆਂਢੀ ਕੈਨੇਡਾ ਅਤੇ ਮੈਕਸੀਕੋ ਵਿੱਚ ਨਾਪਸੰਦ ਕੀਤਾ ਗਿਆ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵਿੱਚ ਅਮਰੀਕਾ ਦੀਆਂ ਸਰਹੱਦਾਂ ਮਾਰਚ 2020 ਤੋਂ ਬਾਅਦ ਯੂਰਪੀਅਨ ਯੂਨੀਅਨ, ਬ੍ਰਿਟੇਨ, ਚੀਨ, ਭਾਰਤ ਅਤੇ ਬ੍ਰਾਜ਼ੀਲ ਸਮੇਤ ਦੁਨੀਆ ਦੇ ਵੱਡੇ ਹਿੱਸਿਆਂ ਦੇ ਯਾਤਰੀਆਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ।  ਮੈਕਸੀਕੋ ਅਤੇ ਕੈਨੇਡਾ ਦੇ ਓਵਰਲੈਂਡ ਸੈਲਾਨੀਆਂ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਮੈਕਸੀਕੋ ਦੀ ਸਰਹੱਦ ਦੇ ਨਾਲ, ਅਮਰੀਕਾ ਦੇ ਟੈਕਸਾਸ ਅਤੇ ਕੈਲੀਫੋਰਨੀਆ ਰਾਜਾਂ ਦੇ ਕਈ ਸ਼ਹਿਰਾਂ ਨੂੰ ਕੋਵਿਡ ਵਿਰੋਧੀ ਵਪਾਰ ਪਾਬੰਦੀਆਂ ਕਾਰਨ ਆਰਥਿਕ ਸੰਘਰਸ਼ ਦਾ ਵੀ ਸਾਹਮਣਾ ਕਰਨਾ ਪਿਆ ਹੈ। ਨਵੇਂ ਨਿਯਮਾਂ ਤਹਿਤ ਸੋਮਵਾਰ ਤੋਂ, ਹਵਾਈ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਤਿੰਨ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਟੀਕਾਕਰਨ ਅਤੇ ਨੈਗੇਟਿਵ ਟੈਸਟ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ ਅਤੇ ਇਸਦੇ ਨਾਲ ਹੀ ਏਅਰਲਾਈਨਾਂ ਨੂੰ ਵੀ ਸੰਪਰਕ ਟਰੇਸਿੰਗ ਸਿਸਟਮ ਲਗਾਉਣ ਦੀ ਲੋੜ ਹੋਵੇਗੀ। ਇਸਦੇ ਨਾਲ ਹੀ ਜ਼ਮੀਨੀ ਸਰਹੱਦ ਵੀ ਨੂੰ ਦੋ ਪੜਾਵਾਂ ਵਿੱਚ ਖੋਲ੍ਹਿਆ ਜਾਵੇਗਾ। ਸੋਮਵਾਰ ਤੋਂ ਸ਼ੁਰੂ ਹੋ ਕੇ, “ਗੈਰ-ਜ਼ਰੂਰੀ” ਯਾਤਰਾਵਾਂ – ਜਿਵੇਂ ਕਿ ਪਰਿਵਾਰਕ ਮੁਲਾਕਾਤਾਂ ਜਾਂ ਸੈਰ-ਸਪਾਟਾ  ਲਈ ਵੈਕਸੀਨ ਦੀ ਲੋੜ ਹੋਵੇਗੀ।  ਇੱਕ ਦੂਜਾ ਪੜਾਅ, ਜਨਵਰੀ ਦੇ ਸ਼ੁਰੂ ਵਿੱਚ ਸ਼ੁਰੂ ਹੋਵੇਗਾ ਤਹਿਤ, ਸਾਰੇ ਸੈਲਾਨੀਆਂ ਨੂੰ ਜ਼ਮੀਨ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਵੇਗੀ, ਭਾਵੇਂ ਉਹਨਾਂ ਦੀ ਯਾਤਰਾ ਦਾ ਕਾਰਨ ਕੋਈ ਵੀ ਹੋਵੇ।

Real Estate