ਪਰ ਹੁਣ ਉਹਦੇ ਭੋਗ ‘ਤੇ ਮਿਲਾਂਗੇ…

183

15 ਕੁ ਸਾਲ ਪੁਰਾਣੀ ਗੱਲ ਹੋਣੀ ।
ਯਾਦ ਨਹੀਂ ਕਿਹੜੇ ਪਿੰਡ ਸਭਿਆਚਾਰਕ ਮੇਲਾ ਸੀ, ਸ਼ਾਇਦ ਢਪਾਲੀ ਸੀ ਜਾਂ ਰਾਮਨਵਾਸ ਜਾਂ ਕਿਤੇ ਹੋਰ । ਸਟੇਜ ਸਕੱਤਰ ਮੁੰਡੇ ਨੇ ਮੈਨੂੰ ਪਛਾਣ ਲਿਆ , ਪਰ ਮੈਂ ਉਹਨੂੰ ਜਾਣਦਾ ਨਹੀਂ ਸੀ । ਫੇਰ ਉਹ ਮਿਲਿਆ ਕਹਿੰਦਾ , ‘ਬਾਈ ਮੇਰਾ ਪਿੰਡ ਪੂਹਲੀ ਆ , ‘
‘ਫੇਰ ਤਾਂ ਘਰਦੀ ਗੱਲ ,’ ਮੈਂ ਜਵਾਬ ਦਿੱਤਾ ।
ਇਹ ਗੁਰਪ੍ਰੀਤ ਸੀ ਪੂਹਲੀ ਤੋਂ , ਮੈਂ ਪਹਿਲੀ ਵਾਰ ਮੰਚ ਸੰਚਾਲਨ ਕਰਦਾ ਦੇਖਿਆ ਸੀ । ਇਹ ਤਾਂ ਨਹੀਂ ਕਿ ਵਾਅਲਾ ਸਿਰਾ ਕੰਮ ਸੀ , ਪਰ ਬਾਕੀਆਂ ਨਾਲੋਂ ਵਧੀਆ ਸੀ । ਨਾਲ ਦੇ ਪਿੰਡ ਦਾ ਸੀ ਇਹ ਹੋਰ ਵੀ ਵਧੀਆ ਲੱਗਿਆ ।
ਉਹਦੇ ਲਹਿਜ਼ੇ ‘ਚ ਅਪਣੱਤ , ਸੁਭਾਅ ਚ ਹਲੀਮੀ ਸੀ । ਕਹਿ ਸਕਦੇ ਕਿ ਬਿਨਾ ਮਿਹਨਤ ਕੀਤਿਆਂ ਕੀਲ ਲਿਆ ਸੀ ਉਹਨੇ , ਕਹਿੰਦਾ , ‘ਬਾਈ ਕੋਈ ਕੰਮ ਹੋਵੇ ਤਾਂ ਦੱਸਿਓ ।’
ਮੇਰੇ ਕੋਲ ਤਾਂ ਇਸ ਖੇਤਰ ਦਾ ਕੋਈ ਕੰਮ ਕਰਨ ਕਰਾਉਣ ਨੂੰ ਹੈਨੀ ਸੀ , ਪਰ ਉਹਨਾ ਦਿਨਾਂ ‘ਚ ਮੇਰਾ ਥੋੜਾ ਬਹੁਤ ਵਾਹ ਗਾਉਣ ਵਜਾਉਣ ਆਲ੍ਹਿਆਂ ਨਾਲ ਸੀਗਾ ।
ਮੈਂ ਗੁਰਪ੍ਰੀਤ ਨੂੰ ਪੁੱਛਿਆ , ‘ਬਾਈ ਕੀਹਦੇ ਨਾਲ ਜਾਨੇ ਓ ?’
ਪੱਕਾ ਤਾਂ ਕਿਸੇ ਨਾਲ ਨਹੀਂ , ਊਂ ਜਿਹੜਾ ਮਰਜ਼ੀ ਲੈਜੇ , ਹਾਲੇ ਤਾਂ ਸੁਰੂਆਤ ਹੈ ਨਾਲੇ ਰੁਜ਼ਗਾਰ ਦਾ ਵਸੀਲਾ।’ ਉਹਦਾ ਸਾਫ਼ ਜਿਹਾ ਜਵਾਬ ਸੀ ।
ਬਾਈ ਬਲਵੀਰ ਚੋਟੀਆਂ ਵੀ ਸ਼ਾਇਦ ਉੱਥੇ ਹੀ ਸੀ ਜਾਂ ਮੈਂ ਉਹਨੂੰ ਚੋਟੀਆ ਬਾਈ ਦਾ ਨੰਬਰ ਦੇਤਾ ਕਿ ਇਹਨਾ ਨਾਲ ਗੱਲ ਕਰੀਂ ।
ਉਹਨਾਂ ਦਿਨਾਂ ‘ਚ ਚੋਟੀਆ ਬਾਈ ਨਾਲ ਵੀ ਕੋਈ ਪੱਕਾ ਮੰਚ ਸੰਚਾਲਕ ਨਹੀਂ ਸੀ ।
ਮੈਂ ਥੋੜ੍ਹਾ ਜਿਹਾ ਟੁੱਲ ਲਾਇਆ ਤੇ ਚੋਟੀਆ ਦੀ ਗੁਰਪ੍ਰੀਤ ਨਾਲ ਰੱਚਕ ਬੈਠ ਗਈ ।
ਇੱਕ ਦਿਨ ਟੱਕਰਿਆ ਕਹਿੰਦਾ ਕੋਈ ਵਧੀਆ ਮੈਟਰ ਦਿਓ , ਮੈਂ ਕਿਹਾ ਮੇਰੇ ਕੋਲੋਂ ਜੋ ਮਰਜ਼ੀ ਲੈਜੀ , ਪਰ ਬਾਈ ਚੋਟੀਆਂ ਦੇ ਘਰ ਕਿਤਾਬਾਂ ਦੀਆਂ ਬੋਰੀਆਂ ਭਰੀਆਂ ਪਈਆਂ , ਉਹਨਾਂ ਵਿੱਚੋਂ ਬਹੁਤ ਤੇਰੇ ਪੜ੍ਹਨ ਆਲ੍ਹੀਆਂ ।’
ਫੇਰ ਉਹ ਵੀ ਬਲਵੀਰ ਚੋਟੀਆਂ ਗਰੁੱਪ ਦਾ ਪਰਿਵਾਰਿਕ ਮੈਂਬਰ ਬਣ ਗਿਆ । ਮੁੰਡਾ ਮਿਹਨਤੀ ਸੀ , ਲਾਲਚੀ ਨਹੀ ।
ਕੰਮ ਕਰਦਾ ਗਿਆ , ਜਿੰਦਗੀ ਦਾ ਤੋਰਾ ਤੁਰਦਾ ਰਿਹਾ ।
ਮੈਨੂੰ ਕਦੇ ਕਦੇ ਕਦਾਈ ਟੱਕਰ ਹੀ ਜਾਂਦਾ , ਕਦੇ ਸਾਈਕਲ ਤੇ ਪੱਠੇ ਲੱਦੀ ਆਉਂਦਾ ਜਾਂ ਕਿਸੇ ਹੋਰ ਕੰਮ ਧੰਦੇ ‘ਚ ਤੁਰਿਆ ਫਿਰਦਾ ।
ਕਰੋਨਾ ਕਰਕੇ ਹਰੇਕ ਖੇਤਰ ਨੇ ਮਾਰ ਝੱਲੀ । ਮਿਊਜਿਕ ਇੰਡਸਟਰੀ ਵੀ ਮਾਰ ਹੇਠ ਆਈ । ਕਲਾਕਾਰਾਂ ਦੇ ਪ੍ਰੋਗਰਾਮ ਵੀ ਰੁੱਕ ਗਏ। ਉਹਨਾ ਦੇ ਸਾਥੀ ਸਾਜਿੰਦੇ ਵੀ ਵਿਹਲੇ ਹੋ ਗਏ । ਪਰ ਗੁਰਪ੍ਰੀਤ ਨੇ ਮਿਹਨਤ ਨਹੀਂ ਛੱਡੀ , ਉਹ ਕੁਝ ਨਾ ਕੁਝ ਕਰਦਾ ਰਹਿੰਦਾ ।
ਆਪਣੇ ਹੀ ਪਿੰਡ ਦੇ ਨਿਰਮਲ ਸਿੰਘ ਦੀ ਸਪਰੇਅ ਵਾਲੀ ਦੁਕਾਨ ਤੇ ਕੰਮ ਕਰਨ ਲੱਗਾ।
ਕਦੇ ਕਦੇ ਕਦਾਈ ਮਿਲਦੇ ਜਰੂਰ ।
ਬੀਤੇ ਸੋਮਵਾਰ ਸਵੇਰੇ ਖ਼ਬਰ ਮਿਲੀ , ਐਤਵਾਰ ਰਾਤ ਨੂੰ ਪ੍ਰੋਗਰਾਮ ਲਾ ਕੇ ਗੁਰਪ੍ਰੀਤ ਬਠਿੰਡਿਓ ਮੋਟਰ ਸਾਈਕਲ ‘ਤੇ ਪਿੰਡ ਨੂੰ ਤੁਰਿਆ ਸੀ । ਸਵਾ ਕੁ ਸੱਤ ਵਜੇ ਪੀਆਰਟੀਸੀ ਦੀ ਬੱਸ ਦੀ ਲਪੇਟ ਨੇ ਉਹਦਾ ਘਰ ਮੁੱਧਾ ਮਾਰ ਦਿੱਤਾ ਅਤੇ ਦੀਵਾਲੀ ਤੋਂ ਪਹਿਲਾਂ ਉਹਦੇ ਘਰ ਦੇ ਦੀਵੇ ਬੁੱਝ ਗਏ ।
9 ਨਵੰਬਰ ਮੰਗਲਵਾਰ ਨੂੰ ਗੁਰਪ੍ਰੀਤ ਦੀ ਅੰਤਿਮ ਅਰਦਾਸ ਹੈ ਉਹਦੇ ਪਿੰਡ ਪੂਹਲੀ ‘ਚ , ਪਰ ਇਸਦੀ ਪਤਨੀ , ਬੱਚਿਆਂ ਅਤੇ ਮਾਪਿਆਂ ਦੇ ਦੁੱਖਾਂ ਦੀ ਸੁਰੂਆਤ ਵੀ ਹੈ। ਪਰਿਵਾਰ ‘ਚ ਹੁਣ ਕੋਈ ਕਮਾਊ ਜੀਅ ਨਹੀਂ , ਕਿਵੇਂ ਗੁਜ਼ਾਰਾ ਹੋਣਾ, ਸੱਥਰ ਤੇ ਬੈਠੇ ਪਰਿਵਾਰ ਮੂਹਰੇ ਸਵਾਲ ਬਣਿਆ ਖੜਿਆ ਹੈ । ਇਹ ਵੀ ਕਿਸਮਤ ਹੈ , ਕਿ ਅਸੀਂ ਬਹੁਤ ਸਾਰੇ ਸੱਜਣ ਅਕਸਰ ਉਦੋਂ ਇਕੱਠੇ ਹੁੰਦੇ ਸੀ ਜਦੋ ਕੋਈ ਸੰਗੀਤ ਦੀ ਮਹਿਫਿਲ ਹੁੰਦੀ ਜਾਂ ਕਿਸੇ ਦੋਸਤ –ਮਿੱਤਰ ਦੇ ਵਿਆਹ ਸ਼ਾਦੀ ਹੁੰਦਾ , ਪਰ ਹੁਣ ਉਹਦੇ ਭੋਗ ‘ਤੇ ਮਿਲਾਂਗੇ । ਸੁਖਨੈਬ ਸਿੰਘ ਸਿੱਧੂ

Real Estate