ਮੰਦਰ ਵਿੱਚ ਮੋਦੀ ਦਾ ਭਾਸ਼ਣ ਚਲਾ ਰਹੇ ਭਾਜਪਾਈ ਕਿਸਾਨਾਂ ਨੇ ਕੀਤੇ ਬੰਦ

110

ਰੋਹਤਕ ਜ਼ਿਲ੍ਹੇ ਦੇ ਕਿਲੋਈ ਵਿੱਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮੰਦਰ ਕੰਪਲੈਕਸ ਅੰਦਰ ਹਰਿਆਣਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਸਣੇ ਭਾਜਪਾ ਆਗੂਆਂ ਨੂੰ ਬੰਦ ਬਣਾ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਗਰੋਵਰ ਕੁਝ ਸਥਾਨਕ ਭਾਜਪਾ ਆਗੂਆਂ ਨਾਲ ਮੰਦਰ ਕੰਪਲੈਕਸ ਪੁੱਜੇ। ਇਹ ਇੱਥੇ, ਕੇਦਾਰਨਾਥ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਦਿ ਸ਼ੰਕਰਾਚਾਰੀਆ ਦੀ ਮੁੜ ਉਸਾਰੀ ਗਈ ਸਮਾਧੀ ਦਾ ਉਦਘਾਟਨ ਕਰਨ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਇਕੱਠੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀਆਂ ਦੇ ਦਖ਼ਲ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਸ਼ਾਮ ਨੂੰ ਆਗੂਆਂ ਨੂੰ ਮੰਦਰ ਤੋਂ ਬਾਹਰ ਜਾਣ ਦਿੱਤਾ। ਰੋਹਤਕ ਦੇ ਡੀਐੱਸਪੀ ਸੱਜਣ ਸਿੰਘ ਨੇ ਦੱਸਿਆ,‘ਪ੍ਰਦਰਸ਼ਨ ਖ਼ਤਮ ਹੋ ਗਿਆ ਹੈ ਅਤੇ ਭਾਜਪਾ ਆਗੂ ਮੰਦਰ ਕੰਪਲੈਕਸ ਤੋਂ ਬਾਹਰ ਆ ਗਏ ਹਨ।’ ਜਦੋਂ ਪਿੰਡਾਂ ਵਾਲਿਆਂ ਤੇ ਕਿਸਾਨਾਂ ਨੂੰ ਇਹ ਪਤਾ ਲੱਗਿਆ ਕਿ ਭਾਜਪਾ ਆਗੂ ਮੰਦਰ ਕੰਪਲੈਕਸ ਵਿੱਚ ਮੌਜੂਦ ਹਨ, ਤਾਂ ਉਨ੍ਹਾਂ ਮੰਦਰ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਗੂਆਂ ਨੂੰ ਅੰਦਰ ਹੀ ਤਾੜ ਦਿੱਤਾ। ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪ੍ਰਦਰਸ਼ਨਕਾਰੀ, ਗਰੋਵਰ ਤੋਂ ਕੁਝ ਮੁੱਦਿਆਂ ਉੱਤੇ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਸਨ। ਮੌਕੇ ’ਤੇ ਸਥਿਤੀ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਰੋਹਤਕ ਪੁਲੀਸ ਦੇ ਸੀਨੀਅਰ ਅਧਿਕਾਰੀ ਤਾਇਨਾਤ ਰਹੇ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਜਪਾ ਤੇ ਜਜਪਾ ਆਗੂਆਂ ਦਾ ਵਿਰੋਧ ਕਰ ਰਹੇ ਹਨ।
ਰੋਹਤਕ ਦੇ ਕਿਲੋਈ ਪਿੰਡ ਵਿੱਚ ਮੰਦਰ ਵਿੱਚ ਜ਼ਬਰਦਸੀ ਰੋਕੇ ਗਏ ਭਾਜਪਾ ਆਗੂ ਮੁਨੀਸ਼ ਗਰੋਵਰ ਖੱਟਰ ਸਰਕਾਰ ਦੀ ਪਹਿਲੀ ਪਾਰੀ ਵਿੱਚ ਕੈਬਨਿਟ ਮੰਤਰੀ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਚਰਚਾ ਵਿੱਚ ਰਹੇ ਹਨ। 2016 ਦੇ ਜਾਟ ਅੰਦੋਲਨ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਕਾਰਨ ਉਨ੍ਹਾਂ ਉਪਰ ਹਿੰਸਾ ਭੜਕਾਉਣ ਦੇ ਇਲਜ਼ਾਮ ਵੀ ਲੱਗੇ ਸਨ। ਇਸ ਸਾਲ ਜੁਲਾਈ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਉਪਰ ਹਿਸਾਰ ਵਿਖੇ ਮਹਿਲਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦੇ ਇਲਜ਼ਾਮ ਲੱਗੇ ਸਨ। ਕਿਸਾਨਾਂ ਵੱਲੋਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਗਿਆ ਸੀ। ਮਨੀਸ਼ ਗਰੋਵਰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਹਨ ਅਤੇ ਖੱਟਰ ਸਰਕਾਰ ਵਿੱਚ ਅਹਿਮ ਰੁਤਬਾ ਰੱਖਦੇ ਹਨ।

Real Estate