ਕਾਂਗਰਸੀਆਂ ਦੀ ‘ਆਲ-ਇਜ-ਵੈੱਲ’ ਡਿਨਰ ਮੀਟਿੰਗ

72

ਕੇਦਾਰਨਾਥ ਧਾਮ ਦੀ ਯਾਤਰਾ ਤੇ ਮਗਰੋਂ ‘ਡਿਨਰ ਮੀਟਿੰਗ’ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਪਾਰਟੀ ਵਿਧਾਇਕਾਂ ਅੱਗੇ ‘ਸਭ ਚੰਗਾ’ ਹੋਣ ਦਾ ਸੁਨੇਹਾ ਦਿੱਤਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਅੱਜ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ‘ਡਿਨਰ ਮੀਟਿੰਗ’ ਉੱਤੇ ਸੱਦਿਆ ਗਿਆ ਸੀ। ਇੱਥੇ ਪੰਜਾਬ ਭਵਨ ਵਿਚ ਦੇਰ ਸ਼ਾਮ ਹੋਈ ਮੀਟਿੰਗ ਵਿਚ ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫੇ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਵੀ ਵਿਧਾਇਕਾਂ ਦੀ ਨਬਜ਼ ਟੋਹੀ। ਜਾਣਕਾਰੀ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਅਗਾਮੀ ਚੋਣਾਂ ਇਕੱਠੇ ਹੋ ਕੇ ਲੜਾਂਗੇ ਅਤੇ ਪਾਰਟੀ ਵਿਚ ਕੋਈ ਵਖਰੇਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਵਿਧਾਇਕਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਰੰਜ ਨਹੀਂ ਹੈ ਅਤੇ ਉਹ ਅਸੂਲਾਂ ਦੇ ਮੁੱਦੇ ’ਤੇ ਬੋਲਦੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਦਿਨਾਂ ਵਿਚ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਤੋਂ ਜਾਣੂ ਕਰਵਾਇਆ। ਅੱਜ ਦੀ ਡਿਨਰ ਮੀਟਿੰਗ ਤੋਂ ਸਾਫ ਸੰਕੇਤ ਮਿਲੇ ਕਿ ਨਵਜੋਤ ਸਿੱਧੂ ਵੱਲੋਂ ਉਠਾਏ ਮਾਮਲਿਆਂ ਦਾ ਸਰਕਾਰ ਜਲਦ ਨਿਪਟਾਰਾ ਕਰੇਗੀ ਜਿਸ ਵਿਚ ਐਡਵੋਕੇਟ ਜਨਰਲ ਦਿਓਲ ਦਾ ਅਸਤੀਫਾ ਵੀ ਸ਼ਾਮਲ ਹੈ। ਅਹਿਮ ਜਾਣਕਾਰੀ ਅਨੁਸਾਰ ‘ਡਿਨਰ ਮੀਟਿੰਗ’ ਵਿਚ ਸਭ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੇ ਇਕਮੁੱਠਤਾ ਪ੍ਰਗਟ ਕੀਤੀ ਕਿ ਉਹ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਕੋਈ ਵੀ ਕੈਪਟਨ ਅਮਰਿੰਦਰ ਸਿੰਘ ਵੱਲ ਕਦਮ ਨਹੀਂ ਵਧਾਏਗਾ। ਕਾਂਗਰਸ ਨੂੰ ਖਦਸ਼ਾ ਹੈ ਕਿ ਕੋਈ ਵਿਧਾਇਕ ਥਿੜਕ ਨਾ ਜਾਵੇ ਜਿਸ ਦੇ ਡਰੋਂ ਅੱਜ ‘ਡਿਨਰ ਮੀਟਿੰਗ’ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ’ਤੇ ਚਰਚਾ ਹੋਈ। ਮੀਟਿੰਗ ਵਿਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੂੰ ਇਕੱਠੇ ਪੇਸ਼ ਕਰਕੇ ਵਿਧਾਇਕਾਂ ਦੇ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੇਦਾਰਨਾਥ ਦੀ ਯਾਤਰਾ ਤੋਂ ਵਾਪਸ ਆ ਕੇ ਚੰਨੀ ਅਤੇ ਸਿੱਧੂ ਇੱਕ ਜੋਟੀ ਵਿਚ ਵਿਧਾਇਕਾਂ ਦੇ ਸਾਹਮਣੇ ਆਏ। ਮੀਟਿੰਗ ਮਗਰੋਂ ਨਵਜੋਤ ਸਿੱਧੂ ਨੇ ਸਿਰਫ ਏਨਾ ਹੀ ਕਿਹਾ ‘ਸਭ ਅੱਛਾ ਹੈ’। ਰਾਤ ਦੀ ਦਾਅਵਤ ਮੌਕੇ ‘ਮਿਸ਼ਨ ਪੰਜਾਬ’ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਹੋਈ ਜਿਸ ਵਿਚ ਵਿਧਾਇਕਾਂ ਤੋਂ ਫੀਡਬੈਕ ਵੀ ਲਈ ਗਈ ਹੈ ਅਤੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਹੁਣ ਤੋਂ ਡਟਣ ਦੀ ਹੱਲਾਸ਼ੇਰੀ ਦਿੱਤੀ ਗਈ। ਕਾਂਗਰਸ ਸਰਕਾਰ ਵੱਲੋਂ ਲਏ ਫੈਸਲਿਆਂ ਨੂੰ ਲੋਕਾਂ ਵਿਚ ਪ੍ਰਚਾਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿਚ ਵਿਧਾਇਕਾਂ ਅਤੇ ਮੰਤਰੀਆਂ ਨੇ ਲੋਕ ਪੱਖੀ ਫੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਸਰਬਸੰਮਤੀ ਨਾਲ ਬਿਜਲੀ ਸਮਝੌਤੇ ਖਤਮ ਕਰਨ ਲਈ ਚੁੱਕੇ ਕਦਮਾਂ, ਤਿੰਨ ਰੁਪਏ ਸਸਤੀ ਬਿਜਲੀ ਅਤੇ ਬਿਜਲੀ ਦੇ ਬਿੱਲਾਂ ਦੇ ਬਕਾਏ ਮੁਆਫ ਕਰਨ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ ਗਈ। ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਵੀ ਸੰਬੋਧਨ ਕੀਤਾ। ਰਾਤ ਦੀ ਦਾਅਵਤ ਵਿੱਚ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਸਮੇਤ ਕਰੀਬ 60 ਦੇ ਕਰੀਬ ਕਾਂਗਰਸੀ ਸ਼ਾਮਲ ਸਨ। ਮੀਟਿੰਗ ਵਿਚ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਵਿਜੈ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਪਰਗਟ ਸਿੰਘ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਐਮ।ਪੀ ਡਾ।ਅਮਰ ਸਿੰਘ, ਮੁਹੰਮਦ ਸਦੀਕ, ਕਾਰਜਕਾਰੀ ਪ੍ਰਧਾਨ ਪਵਨ ਗੋਇਲ ਆਦਿ ਸ਼ਾਮਲ ਸਨ।

Real Estate