ਖੇਤੀ ਕਾਨੂੰਨ 26 ਤੱਕ ਰੱਦ ਨਾ ਕੀਤੇ ਤਾਂ ਦਿੱਲੀ ਦੇ ਬਾਰਡਰਾਂ ਉੱਤੇ ਪ੍ਰਦਰਸ਼ਨ ਹੋਣਗੇ ਹੋਰ ਤੇਜ਼ : ਟਿਕੈਤ

85

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਕੋਲ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ 26 ਨਵੰਬਰ ਤੱਕ ਦਾ ਸਮਾਂ ਹੈ ਅਤੇ ਉਸ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਉੱਤੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕੀਤਾ ਜਾਵੇਗਾ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਨੂੰ 26 ਨਵੰਬਰ ਨੂੰ ਇਕ ਸਾਲ ਪੂਰਾ ਹੋ ਜਾਵੇਗਾ।ਟਿਕੈਤ ਨੇ ਸੋਮਵਾਰ ਟਵੀਟ ਕੀਤਾ-ਕੇਂਦਰ ਸਰਕਾਰ ਕੋਲ 26 ਨਵੰਬਰ ਤੱਕ ਦਾ ਵਕਤ ਹੈ । 27 ਨਵੰਬਰ ਤੋਂ ਕਿਸਾਨ ਟਰੈਕਟਰਾਂ ‘ਤੇ ਦਿੱਲੀ ਉਦਾਲੇ ਲੱਗੇ ਮੋਰਚਿਆਂ ‘ਤੇ ਪੁੱਜਣਗੇ ਅਤੇ ਤੰਬੂ ਮਜ਼ਬੂਤ ਕਰਕੇ ਪੱਕੀ ਕਿਲੇ੍ਹਬੰਦੀ ਕਰਨਗੇ । ਟਿਕੈਤ ਨੇ ਐਤਵਾਰ ਕਿਹਾ ਸੀ ਕਿ ਜੇ ਸਰਕਾਰ ਨੇ ਦਿੱਲੀ ਬਾਰਡਰ ਤੋਂ ਕਿਸਾਨਾਂ ਨੂੰ ਧੱਕੇ ਨਾਲ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਸਿੱਟੇ ਨਿਕਲਣਗੇ । ਕਿਸਾਨ ਦੇਸ਼-ਭਰ ਦੇ ਸਰਕਾਰੀ ਦਫਤਰਾਂ ਨੂੰ ਅਨਾਜ ਮੰਡੀਆਂ ਬਣਾ ਦੇਣਗੇ । ਜੇ ਪ੍ਰਸ਼ਾਸਨ ਨੇ ਟੈਂਟ ਪੁੱਟੇ ਤਾਂ ਥਾਣਿਆਂ ਤੇ ਡੀ ਸੀ ਦਫਤਰ ਅੱਗੇ ਗੱਡ ਦਿੱਤੇ ਜਾਣਗੇ । ਪਤਾ ਲੱਗਾ ਹੈ ਕਿ ਪ੍ਰਸ਼ਾਸਨ ਤੰਬੂ ਪੁੱਟਣ ਦੀਆਂ ਗੋਂਦਾਂ ਗੁੰਦ ਰਿਹਾ ਹੈ । ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਮੋਰਚੇ ਲਾ ਕੇ ਬੈਠੇ ਹੋਏ ਹਨ ਪਰ ਮੋਦੀ ਸਰਕਾਰ ਨਾ ਉਨ੍ਹਾਂ ਨਾਲ ਗੱਲ ਕਰ ਰਹੀ ਹੈ ਤੇ ਨਾ ਕਾਨੂੰਨ ਵਾਪਸ ਲੈ ਰਹੀ ਹੈ, ਸਗੋਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ । ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਵੀ ਐਤਵਾਰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਮੋਰਚਿਆਂ ਤੋਂ ਹਟਾਇਆ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ । ਉਨ੍ਹਾ ਕਿਹਾ ਸੀ ਕਿ ਸਰਕਾਰ ਕਈ ਦਿਨਾਂ ਤੋਂ ਬਾਰਡਰ ਖੋਲ੍ਹਣ ਦਾ ਯਤਨ ਕਰ ਰਹੀ ਹੈ । ਲੋਕਾਂ ਵਿਚ ਅਫਰਾ-ਤਫਰੀ ਵਾਲੀ ਹਾਲਤ ਹੈ । ਗੱਲਾਂ ਹੋ ਰਹੀਆਂ ਹਨ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਸੜਕਾਂ ਖੁੱਲ੍ਹਵਾ ਦੇਵੇਗੀ । ਉਨ੍ਹਾ ਕਿਹਾ ਕਿ ਸਰਕਾਰ ਗਲਤਫਹਿਮੀ ਵਿਚ ਨਾ ਰਹੇ ।

Real Estate