ਹੁਣ ਮੇਘਾਲਿਆ ਸਰਕਾਰ ਦੀ ਮਲਕੀਅਤ ਹੋਵੇਗੀ ਸ਼ਿਲੌਂਗ ਦੀ ਪੰਜਾਬੀ ਲੇਨ

89

ਸ਼ਿਲੌਂਗ ਦੀ ਪੰਜਾਬੀ ਲੇਨ ਦੀ ਮਾਲਿਕ ਹੁਣ ਮੇਘਾਲਿਆ ਸਰਕਾਰ ਹੋਵੇਗੀ। ਪਿਛਲੇ ਤਿੰਨ ਸਾਲਾਂ ਤੋਂ ਵਿਵਾਦ ਤੋਂ ਬਾਅਦ ਇਹ ਥਾਂ ਲਗਾਤਾਰ ਚਰਚਾ ਦਾ ਵਿਸ਼ਾ ਰਹੀ ਹੈ । ਇੱਥੇ ਰਹਿਣ ਵਾਲੇ ਲੋਕਾਂ ਨੂੰ ਦੂਸਰੀ ਜਗ੍ਹਾ ‘ਤੇ ਭੇਜਿਆ ਜਾਵੇਗਾ। ਖ਼ਬਰ ਮੁਤਾਬਕ 12,444 ਵਰਗ ਮੀਟਰ ਦੇ ਇਸ ਖੇਤਰ ਲਈ ਸੂਬਾ ਸਰਕਾਰ ਨੇ ਤਕਰੀਬਨ ਦੋ ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਹੈ। ਸ਼ਿਲੌਂਗ ਦੀ ਪੰਜਾਬੀ ਲੇਨ ਵਿਚ ਜ਼ਿਆਦਾਤਰ ਸਿੱਖ ਰਹਿੰਦੇ ਹਨ। ਹਰੀਜਨ ਪੰਚਾਇਤ ਕਮੇਟੀ, ਜੋ ਉੱਥੇ ਰਹਿੰਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਮੁਤਾਬਕ ਲਗਭਗ ਦੋ ਸਦੀਆਂ ਪਹਿਲਾਂ ਸਿੱਖ ਇੱਥੇ ਆ ਕੇ ਵਸੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਜਗ੍ਹਾ ਬ੍ਰਿਟਿਸ਼ ਰਾਜ ਸਮੇਂ ਮੁਹੱਈਆ ਕਰਵਾਈ ਗਈ ਸੀ। ਚਾਰ ਅਕਤੂਬਰ ਨੂੰ ਕੈਬਨਿਟ ਦੀ ਬੈਠਕ ਵਿੱਚ ਇਸ ਜਗ੍ਹਾ ਬਾਰੇ ਫ਼ੈਸਲਾ ਲਿਆ ਗਿਆ ਸੀ। ਹਰੀਜਨ ਪੰਚਾਇਤ ਕਮੇਟੀ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਮੁਤਾਬਕ ਇਹ ਮਾਮਲਾ ਪਹਿਲਾਂ ਹੀ ਮੇਘਾਲਿਆ ਦੀ ਹਾਈ ਕੋਰਟ ਵਿੱਚ ਹੈ। ਹਰੀਜਨ ਪੰਚਾਇਤ ਕਮੇਟੀ ਵੱਲੋਂ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਨਾਰਾਜ਼ਗੀ ਜਤਾਈ ਗਈ ਸੀ ਕਿ ਉਨ੍ਹਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਆਪਣੇ ਆਪਣੇ ਵਫ਼ਦ ਵੀ ਸ਼ਿਲਾਂਗ ਭੇਜੇ ਗਏ ਸਨ। 2018 ਦੌਰਾਨ ਸਿੱਖ ਅਤੇ ਸਥਾਨਕ ਖਾਸੀ ਲੋਕਾਂ ਵਿੱਚ ਵਿਵਾਦ ਤੋਂ ਬਾਅਦ ਇੱਥੇ ਇੰਟਰਨੈੱਟ ਸੇਵਾਵਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਸ਼ਹਿਰ ਵਿਚ ਕਰਫਿਊ ਲਗਾਇਆ ਗਿਆ ਸੀ।

Real Estate