ਅਮਰੀਕਾ ਵਿੱਚ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨਵੰਬਰ ਵਿੱਚ ਉਪਲੱਬਧ ਹੋਣ ਦੀ ਸੰਭਾਵਨਾ- ਡਾ: ਐਂਥਨੀ

106

ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਚਲਦਿਆਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨਵੰਬਰ ਦੇ ਪਹਿਲੇ ਅੱਧ ਵਿੱਚ ਉਪਲੱਬਧ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਛੂਤ ਰੋਗ ਮਾਹਰ ਡਾਕਟਰ ਐਂਥਨੀ ਫੌਸੀ ਨੇ ਐਤਵਾਰ ਨੂੰ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਨੂੰ ਸਾਲ ਦੇ ਅੰਤ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਸਕਦਾ ਹੈ। ਡਾ: ਐਂਥਨੀ ਅਨੁਸਾਰ ਜੇਕਰ ਸੀ ਡੀ ਸੀ ਤੋਂ ਰੈਗੂਲੇਟਰੀ ਪ੍ਰਵਾਨਗੀ ਅਤੇ ਸਿਫਾਰਿਸ਼ ਮਿਲਦੀ ਹੈ, ਤਾਂ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਦੇ ਅੰਦਰ 5 ਤੋਂ 11 ਸਾਲ ਦੇ ਬੱਚਿਆਂ ਲਈ ਟੀਕੇ ਉਪਲਬਧ ਹੋਣਗੇ। ਇਸ ਸਬੰਧੀ ਯੂ ਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਦੇ ਅਧਿਕਾਰੀ ਛੋਟੇ ਬੱਚਿਆਂ ਲਈ ਦੋ ਖੁਰਾਕਾਂ ਵਾਲੇ ਟੀਕੇ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਫਾਈਜ਼ਰ/ਬਾਇਓਨਟੈਕ ਐਪਲੀਕੇਸ਼ਨ ਦੀ ਸਮੀਖਿਆ ਕਰ ਰਹੇ ਹਨ ਅਤੇ ਇਸਨੂੰ ਸਲਾਹਕਾਰਾਂ ਦੇ ਪੈਨਲ ਦੇ ਨਾਲ 26 ਅਕਤੂਬਰ ਨੂੰ ਵਿਚਾਰਿਆ ਜਾਵੇਗਾ। ਇਸਦੇ ਨਾਲ ਹੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਦੇ ਸਲਾਹਕਾਰ 2 ਅਤੇ 3 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਟੀਕੇ ਲਈ ਸਿਫਾਰਸ਼ਾਂ ‘ਤੇ ਵਿਚਾਰ ਕਰਨਗੇ। ਜਿਸਦੇ ਬਾਅਦ ਸੀ ਡੀ ਸੀ ਦੀ ਡਾਇਰੈਕਟਰ ਦੁਆਰਾ ਅੰਤਿਮ ਫੈਸਲਾ ਲਿਆ ਜਾਵੇਗਾ।

Real Estate