ਅਮਰੀਕਾ : ਮਹਾਂਮਾਰੀ ਦੌਰਾਨ ਏਸ਼ੀਅਨ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ‘ਚ ਹੋਇਆ 76% ਵਾਧਾ

98

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਐਫ ਬੀ ਆਈ ਦੁਆਰਾ ਸੋਮਵਾਰ ਨੂੰ ਨਵੇਂ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2020 ਵਿੱਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ਵਿੱਚ 76% ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਐਫ ਬੀ ਆਈ ਨੇ ਅਗਸਤ ਵਿੱਚ ਨਫਰਤੀ ਅਪਰਾਧ ਦੇ ਅੰਕੜੇ ਜਾਰੀ ਕੀਤੇ ਸਨ, ਪਰ ਓਹੀਓ ਦੇ ਅੰਕੜਿਆਂ ਦੀ ਰਿਪੋਰਟ ਵਿੱਚ ਇੱਕ ਗਲਤੀ ਕਾਰਨ, ਇਹ ਡੇਟਾ ਅਧੂਰਾ ਸੀ। ਪਰ ਹੁਣ ਐਫ ਬੀ ਆਈ ਨੇ ਓਹੀਓ ਦੀ ਰਿਪੋਰਟਿੰਗ ਪ੍ਰਣਾਲੀ ਵਿੱਚ ਤਕਨੀਕੀ ਸਮੱਸਿਆ ਨੂੰ ਠੀਕ ਕੀਤਾ ਹੈ। ਅੰਕੜਿਆਂ ਅਨੁਸਾਰ 2020 ਵਿੱਚ, ਏਸ਼ੀਆਈ ਮੂਲ ਦੇ ਲੋਕਾਂ ਦੇ ਵਿਰੁੱਧ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2019 ਵਿੱਚ 158 ਘਟਨਾਵਾਂ ਦਰਜ਼ ਹੋਈਆਂ ਸਨ। ਸੋਮਵਾਰ ਨੂੰ ਜਾਰੀ ਐਫ ਬੀ ਆਈ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ 60% ਤੋਂ ਵੱਧ ਨਫਰਤੀ ਅਪਰਾਧ ਵਿਅਕਤੀ ਦੀ ਨਸਲ ਦੇ ਅਧਾਰ ‘ਤੇ ਕੀਤੇ ਗਏ ਸਨ। ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਨਫਰਤੀ ਅਪਰਾਧ ਅਫਰੀਕਨ ਅਮਰੀਕੀਆਂ ‘ਤੇ ਹੁੰਦੇ ਹਨ, ਪਰ ਕੋਵਿਡ-19 ਦੇ ਕਾਰਨ ਏਸ਼ੀਆਈ ਵਿਰੋਧੀ ਨਫਰਤੀ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਐਫ ਬੀ ਆਈ ਅਨੁਸਾਰ 20% ਨਫਰਤੀ ਅਪਰਾਧ ਵਿਅਕਤੀ ਦੇ ਜਿਨਸੀ ਰੁਝਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ 2020 ਵਿੱਚ ਹੋਏ ਨਫ਼ਰਤੀ ਅਪਰਾਧਾਂ ਵਿੱਚੋਂ 13% ਧਾਰਮਿਕ ਪੱਖਪਾਤ ਦੇ ਕਾਰਨ ਸਨ। ਇਸਦੇ ਇਲਾਵਾ ਅੱਧੇ ਤੋਂ ਵੱਧ ਅਪਰਾਧੀ ਗੋਰੇ ਸਨ ਅਤੇ 21% ਅਪਰਾਧੀ ਅਫਰੀਕਨ ਅਮਰੀਕਨ ਸਨ।

Real Estate