ਪੱਤਰਕਾਰਾਂ ਨੂੰ ਨੋਬਲ ਇਨਾਮ ਮਿਲਣ ਨਾਲ ਪੱਤਰਕਾਰਤਾ ਦਾ ਮਾਣ ਵਧਿਆ-ਵਿੱਤ ਮੰਤਰੀ

100


ਬਠਿੰਡਾ, 24 ਅਕਤੂਬਰ, ਬਲਵਿੰਦਰ ਸਿੰਘ ਭੁੱਲਰ
ਮਨੁੱਖਤਾ ਦੀ ਆਜ਼ਾਦੀ, ਲੋਕਤੰਤਰ ਦੀ ਸਥਾਪਤੀ ਤੇ ਪ੍ਰੈਸ ਦੀ ਸੁਤੰਤਰਤਾ ਲਈ ਕੀਤੇ ਅਥਾਹ ਯਤਨਾਂ ਸਦਕਾ ਸੰਸਾਰ ਪ੍ਰਸਿੱਧ ਦੋ ਪੱਤਰਕਾਰਾਂ ਨੂੰ ਨੋਬਲ ਇਨਾਮ ਦਿੱਤੇ ਜਾਣ ਨਾਲ ਪੱਤਰਕਾਰਤਾ ਦਾ ਮਾਣ ਵਧਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੱਤਰਕਾਰਤਾ ਦੀ ਕਲਮ ਸੱਚ ਉਜਾਗਰ ਕਰਨ ਲਈ ਹੀ ਚੁੱਕਣੀ ਚਾਹੀਦੀ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ, ਤਲਵਾਰ ਨਾਲ ਹੋਇਆ ਜਖ਼ਮ ਕੁੱਝ ਸਮੇਂ ਬਾਅਦ ਮਿਟ ਜਾਂਦਾ ਹੈ ਪਰ ਕਲਮ ਨਾਲ ਹੋਇਆ ਜਖ਼ਮ ਮਿਟਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਕਲਮ ਸੱਚ ਦਾ ਰਾਹ ਵਿਖਾਉਂਦੀ ਹੈ ਅਤੇ ਸੱਚ ਉਜਾਗਰ ਕਰਨ ਲਈ ਹੀ ਚੁੱਕਣੀ ਚਾਹੀਦੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਿੱਖਿਆ ਤੇ ਗਿਆਨ ਨੂੰ ਕਲਮ ਪੁਸਤਕ ਦੇ ਰੂਪ ਵਿੱਚ ਪੇਸ਼ ਕਰਕੇ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਹਰ ਇਨਸਾਨ ਨੂੰ ਰੋਜ਼ਾਨਾ ਸਮਰੱਥਾ ਅਨੁਸਾਰ ਪੜ•ਣਾ ਚਾਹੀਦਾ ਹੈ, ਜਿਸ ਨਾਲ ਗਿਆਨ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ।
ਸ੍ਰ: ਬਾਦਲ ਨੇ ਕਿਹਾ ਕਿ ਪੱਤਰਕਾਰਤਾ ਦਾ ਪੇਸ਼ਾ ਬਹੁਤ ਕਠਿਨ ਹੈ। ਸੰਸਾਰ ਭਰ ’ਚ ਫੈਲੀ ਕੋਵਿਡ ਮਹਾਂਮਾਰੀ ਦੌਰਾਨ ਦੁਨੀਆਂ ਦੇ ਪੱਤਰਕਾਰਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਹੌਂਸਲੇ ਨਾਲ ਆਪਣੀ ਜੁਮੇਵਾਰੀ ਨਿਭਾਈ ਹੈ। ਉਹਨਾਂ ਕਿਹਾ ਕਿ ਮਨੁੱਖਤਾ ਤੇ ਪ੍ਰੈਸ ਦੀ ਆਜ਼ਾਦੀ ਤੇ ਲੋਕਤੰਤਰ ਦੀ ਸਥਾਪਤੀ ਲਈ ਕੀਤੇ ਯਤਨਾਂ ਸਦਕਾ ਸੰਸਾਰ ਪ੍ਰਸਿੱਧ ਦੋ ਪੱਤਰਕਾਰਾਂ ਨੂੰ ਨੋਬਲ ਪੁਰਸਕਾਰ ਲਈ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਨੋਬਲ ਪੁਰਸਕਾਰਾਂ ਸਬੰਧੀ ਸੰਸਥਾ ਵੱਲੋਂ ਫਿਲਪਾਈਨ ਦੀ ਪੱਤਰਕਾਰ, ਅਖ਼ਬਾਰ ਰੈਪਲਰ ਦੀ ਸੰਪਾਦਕ ਮਾਰਿਆ ਰੇਸਾ ਅਤੇ ਰੂਸ ਦੇ ਪੱਤਰਕਾਰ, ਅਖ਼ਬਾਰ ਨੋਵਾਜ਼ਾ ਗਜੇਟਾ ਦੇ ਸੰਪਾਦਕ ਦਮਿਤਰੀ ਮੁਰਾਤੋਵ ਨੂੰ ਨੋਬਲ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।
ਸ੍ਰ: ਬਾਦਲ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਮਨੁੱਖਤਾ ਦੀ ਭਲਾਈ, ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਸਾਂਤੀ ਲਈ ਕਲਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸਰਵ ਸ੍ਰੀ ਜੈਜੀਤ ਸਿੰਘ ਜੌਹਲ, ਕੇ ਕੇ ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰਸਟ, ਰਾਜਨ ਗਰਗ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਮਾ: ਹਰਮੰਦਰ ਸਿੰਘ, ਅਸੋਕ ਕੁਮਾਰ, ਪਵਨ ਮਾਨੀ ਆਦਿ ਵੀ ਮੌਜੂਦ ਸਨ।

Real Estate