ਅਕਲੀਮ ਅਖ਼ਤਰ ਉਰਫ ਜਨਰਲ ਰਾਣੀ ਦੇ ਰਾਹ ਤੁਰਦੀ ਰਹੀ ਹੈ ਉਸਦੀ ਪੁੱਤਰੀ ਅਰੂਸਾ ਆਲਮ

199

ਬਲਵਿੰਦਰ ਸਿੰਘ ਭੁੱਲਰ
ਸਦੀਆਂ ਤੋਂ ਵੱਖ ਵੱਖ ਰਾਜਿਆਂ ਮਹਾਰਾਜਿਆਂ ਦੀ ਰਾਜਧਾਨੀ ਰਹੇ ਪਾਕਿਸਤਾਨ ਦੇ ਸ਼ਹਿਰ ਲਹੌਰ ਵਿੱਚ ਇੱਕ ਸ਼ਾਨਦਾਰ ਮੀਨਾਰ ਸਥਾਪਤ ਕੀਤੀ ਗਈ ਸੀ, ਜਿਸਨੂੰ ‘ਗੁਲਬਰਗ ਯਾਦਗਾਰ ਏ ਪਾਕਿਸਤਾਨ’ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਉ¤ਚ ਦਰਜੇ ਦੀਆਂ ਕਾਲ ਗਰਲਜ਼ ਦਾ ਵਾਸਾ ਰਿਹਾ। ਹਰ ਪੰਜਵੀਂ ਸੱਤਵੀ ਕੋਠੀ ਵਿੱਚ ਕੋਈ ਨਾ ਕੋਈ ਅਜਿਹੀ ਕਾਲ ਗਰਲ ਰਹਿੰਦੀ, ਜਿਸਦੇ ਸੰਪਰਕ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਸਿਆਸਤਦਾਨਾਂ ਤੇ ਅਫ਼ਸਰਾਂ ਨਾਲ ਹੁੰਦੇ।
ਇੱਥੇ ਹੀ ਰਹਿੰਦੀ ਸੀ ਅਕਲੀਮ ਅਖ਼ਤਰ, ਜਿਸਦਾ ਜਨਮ ਸੰਨ 1931 ਵਿੱਚ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਹੋਇਆ ਸੀ। ਜਦ ਉਹ ਭਰ ਮੁਟਿਆਰ ਹੋ ਗਈ ਤਾਂ ਮਾਪਿਆਂ ਨੇ ਉਸਦੀ ਸ਼ਾਦੀ ਇੱਕ ਪੁਲਿਸ ਅਫ਼ਸਰ ਨਾਲ ਕੀਤੀ ਜੋ ਉਮਰ ਵਿੱਚ ਉਸਤੋਂ ਕਾਫੀ ਵੱਡੀ ਉਮਰ ਦਾ ਸੀ, ਪਰ ਉਹ ਸਬਰ ਕਰਕੇ ਵਿਆਹੁਤਾ ਜੀਵਨ ਲੰਘਾਉਣ ਲੱਗੀ, ਬੁਰਕੇ ਤੋਂ ਬਗੈਰ ਉਹ ਕਦੇ ਘਰੋਂ ਬਾਹਰ ਨਾ ਨਿਕਲਦੀ। ਉਹਨਾਂ ਦੇ ਘਰ ਛੇ ਬੱਚਿਆਂ ਨੇ ਜਨਮ ਲਿਆ। ਇੱਕ ਦਿਨ ਉਹ ਆਪਣੇ ਪਤੀ ਨਾਲ ਪਹਾੜਾਂ ਦੀ ਸੈਰ ਕਰਨ ਗਈ, ਜਿੱਥੇ ਉਸਦੇ ਚਿਹਰੇ ਤੋਂ ਬੁਰਕਾ ਖਿਸਕ ਗਿਆ। ਮੂੰਹ ਨੰਗਾ ਹੋਣ ਤੇ ਉਸਨੇ ਪਹਿਲੀ ਵਾਰ ਅਜ਼ਾਦੀ ਨਾਲ ਤਾਜ਼ੀ ਠੰਢੀ ਹਵਾ ਦਾ ਆਨੰਦ ਮਹਿਸੂਸ ਕੀਤਾ, ਅਤੇ ਫੇਰ ਹੋਰ ਜਿਆਦਾ ਆਨੰਦ ਲੈਣ ਲਈ ਉਸਨੇ ਬੁਰਕਾ ਹੀ ਉਤਾਰ ਦਿੱਤਾ। ਇੱਥੋਂ ਦੋਵਾਂ ਪਤੀ ਪਤਨੀ ਵਿਚ ਦਰਾੜ ਪੈ ਗਈ। ਇਸ ਉਪਰੰਤ ਉਹ ਪਤੀ ਨਾਲੋਂ ਵੱਖ ਰਹਿਣ ਲੱਗ ਪਈ, ਉਹ ਪੂਰੀ ਤਰ੍ਹਾਂ ਅਜ਼ਾਦ ਹੋ ਗਈ ਸੀ ਅਤੇ ਕਾਲ ਗਰਲ ਦਾ ਰਾਹ ਅਖ਼ਤਿਆਰ ਕਰਦਿਆਂ ਆਪਣੀ ਜਿੰਦਗੀ ਨੂੰ ਹੁਸੀਨ ਬਣਾਉਣ ਲੱਗੀ। ਉਹ ਆਪਣੀ ਕੋਠੀ ਵਿੱਚ ਪੈਸਾ ਖ਼ਰਚਣ ਵਾਲੇ ਅਮੀਰ ਗਾਹਕਾਂ ਨੂੰ ਬੁਲਾਉਂਦੀ ਅਤੇ ਫੇਰ ਸ਼ਰਾਬ ਸ਼ਬਾਬ ਦੇ ਦੌਰ ਚਲਦੇ, ਥੋੜੇ ਸਮੇਂ ਵਿੱਚ ਹੀ ਉਸਨੇ ਆਪਣੇ ਕਿੱਤੇ ਵਿੱਚ ਚੰਗਾ ਨਾਂ ਬਣਾ ਲਿਆ।
ਅਕਲੀਮ ਕਰਾਂਚੀ, ਲਹੌਰ, ਰਾਵਲਪਿੰਡੀ ਦੇ ਨਾਈਟ ਕਲੱਬਾਂ ਵਿੱਚ ਜਾਣ ਲੱਗੀ, ਜਿੱਥੋਂ ਦੀਆਂ ਮਹਿੰਗੀਆਂ ਮਹਿਫ਼ਲਾਂ ਦੁਨੀਆਂ ਭਰ ’ਚ ਪ੍ਰਸਿੱਧ ਸਨ। ਆਪਣੀ ਪ੍ਰਸਿੱਧੀ ਦੇਖਦਿਆਂ ਸੰਨ 1960 ’ਚ ਉਸਨੇ ਰਾਵਲਪਿੰਡੀ ਵਿੱਚ ਆਪਣਾ ਕਲੱਬ ਬਣਾ ਕੇ ਰਾਤਾਂ ਦੀਆਂ ਹੁਸੀਨ ਮਹਿਫ਼ਲਾਂ ਦਾ ਦੌਰ ਸੁਰੂ ਕਰ ਦਿੱਤਾ। ਇਹਨਾਂ ਮਹਿਫ਼ਲਾਂ ਵਿੱਚ ਦੇਸ ਦੇ ਅਮੀਰਜ਼ਾਦੇ, ਵਪਾਰੀ, ਸਿਆਸਤਦਾਨ, ਅਫ਼ਸਰ ਪਹੁੰਚਣ ਲੱਗੇ, ਜਿਹਨਾਂ ਵਿੱਚ ਫੌਜੀ ਅਧਿਕਾਰੀ ਜਨਰਲ ਯਹੀਆ ਖਾਂ ਵੀ ਹੁੰਦਾ ਸੀ। ਯਹੀਆ ਖਾਂ ਉਸਦੇ ਹੁਸਨ, ਨਖ਼ਰੇ ਤੇ ਸ਼ਾਇਰੀ ਤੇ ਅਜਿਹਾ ਫ਼ਿਦਾ ਹੋਇਆ ਕਿ ਉਸਨੂੰ ਆਪਣੇ ਦਫ਼ਤਰ ’ਚ ਆਉਣ ਦਾ ਸੱਦਾ ਦੇ ਦਿੱਤਾ। 1967 ’ਚ ਅਕਲੀਮ ਉਸ ਕੋਲ ਅਜਿਹੀ ਗਈ ਕਿ ਉਸਦੀ ਹੀ ਹੋ ਕੇ ਰਹਿ ਗਈ। ਯਹੀਆ ਜਿੱਧਰ ਵੀ ਜਾਂਦਾ ਅਕਲੀਮ ਅਖ਼ਤਰ ਉਸਦੇ ਨਾਲ ਹੁੰਦੀ, ਪਾਕਿਸਤਾਨ ਦੇ ਲੋਕ ਉਸਨੂੰ ‘ਜਨਰਲ ਰਾਣੀ’ ਕਹਿਣ ਲੱਗ ਪਏ। ਹੌਲੀ ਹੌਲੀ ਆਮ ਲੋਕ ਉਸਦਾ ਅਸਲ ਨਾਂ ਅਕਲੀਮ ਅਖ਼ਤਰ ਭੁੱਲ ਗਏ ਤੇ ਉਹ ਜਨਰਲ ਰਾਣੀ ਦੇ ਨਾਂ ਨਾਲ ਹੀ ਪ੍ਰਸਿੱਧ ਹੋ ਗਈ।
1968 ’ਚ ਪਾਕਿਸਤਾਨ ਵਿੱਚ ਅਯੂਬ ਖਾਂ ਦੀ ਸਰਕਾਰ ਦੀ ਹਾਲਤ ਖਸਤਾ ਹੋ ਗਈ ਤਾਂ ਉਸ ਵੱਲੋਂ ਜਨਰਲ ਯਹੀਆ ਖਾਂ ਨੂੰ ਮਾਰਸ਼ਲ ਲਾਅ ਪ੍ਰਬੰਧਕ ਨਿਯੁਕਤ ਕਰ ਦਿੱਤਾ ਗਿਆ, ਇਸ ਸਮੇਂ ਉਸਦੇ ਹੱਥ ਵਿੱਚ ਬਹੁਤ ਤਾਕਤ ਆ ਗਈ। ਇਹ ਅਹੁਦਾ ਮਿਲਣ ਤੇ ਅਕਲੀਮ ਅਖ਼ਤਰ ਬਹੁਤ ਖੁਸ਼ ਹੋਈ ਅਤੇ ਲੋਕਾਂ ਦਾ ਡਰ ਭੈਅ ਖਤਮ ਕਰਕੇ ਯਹੀਆਂ ਖਾਂ ਦੀ ਰਿਹਾਇਸ਼ ਤੇ ਹੀ ਰਹਿਣ ਲੱਗੀ। ਯਹੀਆ ਖਾਂ ਨੂੰ ਸਮੇਂ ਨੇ ਅਜਿਹਾ ਸਾਥ ਦਿੱਤਾ ਕਿ 1969 ’ਚ ਉਹ ਦੇਸ਼ ਦਾ ਰਾਸਟਰਪਤੀ ਬਣ ਗਿਆ। ਹੁਣ ਤਾਂ ਅਕਲੀਮ ਅਖ਼ਤਰ ਦੇਸ਼ ਦੀ ਸਭ ਤੋਂ ਸਿਖ਼ਰਲੀ ਤੇ ਤਾਕਤਵਰ ਔਰਤ ਵਜੋਂ ਉੱਭਰ ਆਈ। ਸ਼ਾਮ ਹੁੰਦੇ ਕੰਮਾਂ ਧੰਦਿਆਂ ਤੋਂ ਵਿਹਲਾ ਹੋ ਕੇ ਸਦਰ ਏ ਪਾਕਿਸਤਾਨ ਉਸ ਕੋਲ ਪਹੁੰਚ ਜਾਂਦਾ, ਸ਼ਰਾਬ ਵਿਸਕੀ ਦੇ ਜਾਮ ਖੜਕਦੇ, ਸ਼ਾਇਰੋ ਸ਼ਾਇਰੀ ਚਲਦੀ, ਝਾਂਜਰ ਖੜਕਦੀ, ਮੇਲ ਮਿਲਾਪ ਹੁੰਦਾ, ਅੱਧੀ ਅੱਧੀ ਰਾਤ ਤੱਕ ਜਸ਼ਨ ਚਲਦਾ ਰਹਿੰਦਾ। ਜਾਮ ਟਕਰਾਉਂਦੀ ਉਹ ਅਫ਼ਸਰਾਂ ਦੀਆਂ ਤਰੱਕੀਆਂ, ਬਦਲੀਆਂ ਆਦਿ ਦੇ ਫੈਸਲੇ ਕਰਦੀ ਪਰਮਿਟ ਲਾਇਸੰਸ ਜਾਰੀ ਕਰਦੀ ਜਾਂ ਰੱਦ ਕਰਦੀ ਤੇ ਯਹੀਆਂ ਖਾਂ ਵਗੈਰ ਸੋਚੇ ਸਮਝੇ ਉਹਨਾਂ ਤੇ ਮੋਹਰਾਂ ਲਾ ਦਿੰਦਾ।
ਕੁਦਰਤ ਵੀ ਬੜੇ ਰੰਗ ਵਿਖਾਉਂਦੀ ਐ, ਯਹੀਆ ਖਾਂ ਦੀ ਹਕੂਮਤ ਖਤਮ ਹੋ ਗਈ ਅਤੇ ਜੁਲਫ਼ਕਾਰ ਅਲੀ ਭੁੱਟੋ ਸੱਤਾ ਤੇ ਕਾਬਜ ਹੋ ਗਿਆ। ਇਸਦੇ ਨਾਲ ਹੀ ਅਕਲੀਮ ਅਖ਼ਤਰ ਉਰਫ ਜਨਰਲ ਰਾਣੀ ਦੀ ਚੜ੍ਹਾਈ ਵਿੱਚ ਵੀ ਉਤਰਾਅ ਆਉਣ ਲੱਗਾ। ਉਹ ਜੁਲਫ਼ਕਾਰ ਅਲੀ ਭੁੱਟੋ ਦੀਆਂ ਅੱਖਾਂ ਵਿੱਚ ਰੜਕਦੀ ਸੀ, ਕਿਉਂਕਿ ਉਹ ਉਸਦੀ ਕੀਲ ਚੋਂ ਬਾਹਰ ਰਹੀ ਸੀ। ਨਵੀਂ ਸਰਕਾਰ ਨੇ ਉਸਤੇ ਨਿਗਰਾਨੀ ਸੁਰੂ ਕਰ ਦਿੱਤੀ, ਇੱਕ ਸ਼ਾਮ ਉਹ ਆਪਣੀ ਧੀ ਅਤੇ ਇੱਕ ਹੋਰ ਔਰਤ ਸਮੇਤ ਸਮੁੰਦਰੀ ਜਹਾਜਾਂ ਦੀ ਇੱਕ ਕੰਪਨੀ ਦੇ ਡਾਇਰੈਕਟਰ ਦੀ ਰਿਹਾਇਸ ਤੇ ਗਈ। ਪੁਲਿਸ ਨੇ ਗਿਰਫ਼ਤਾਰ ਕਰਕੇ ਉਹਨਾਂ ਨੂੰ ਥਾਨਾ ਨੌਲੱਖਾ ਵਿੱਚ ਲਿਆਂਦਾ ਅਤੇ ਫਿਰ ਜੁਡੀਸਅਲ ਰਿਮਾਂਡ ਲੈ ਕੇ ਕੋਟ ਲਖਪਤ ਜੇਲ੍ਹ ਵਿੱਚ ਭੇਜ ਦਿੱਤਾ।
ਸਰਕਾਰ ਬੇਗਾਨੀ ਸੀ, ਉਸਦੇ ਮਗਰ ਹੁਣ ਨਾ ਕੋਈ ਸਿਆਸਤਦਾਨ ਆ ਰਿਹਾ ਸੀ ਤੇ ਨਾ ਹੀ ਕੋਈ ਅਫ਼ਸਰ। ਜੇਲ੍ਹ ਦਾ ਸਮਾਂ ਬਤੀਤ ਕਰਨਾ ਉਸ ਲਈ ਮੁਸੀਬਤ ਲਗਦਾ ਸੀ, ਅਜਿਹੇ ਮੌਕੇ ਦੇਸ਼ ਦੇ ਸਦਰ ਦੀ ਮਹਿਬੂਬਾ ਜਿਸਦੇ ਮੂੰਹ ਦੀ ਭਾਫ਼ ਕਾਨੂੰਨ ਬਣ ਕੇ ਨਿਕਲਦੀ ਸੀ, ਜਿਸਦੇ ਹੁਕਮ ਬਿਨਾਂ ਪੱਤਾ ਨਹੀਂ ਸੀ ਹਿਲਦਾ, ਹੁਣ ਇੱਕ ਛੋਟੇ ਜਿਹੇ ਸਰਕਾਰੀ ਪੁਰਜ਼ੇ ਜੇਲ੍ਹ ਦੇ ਸੁਪਰਡੰਟ ਦੇ ਰਹਿਮੋ ਕਰਮ ਤੇ ਦਿਨ ਕੱਟਣ ਲਈ ਮਜਬੂਰ ਸੀ। ਆਖ਼ਰ ਸੁਪਰਡੰਟ ਹਮੀਦ ਖਾਨ ਮੂਹਰੇ ਉਸਨੇ ਹਥਿਆਰ ਸੁੱਟ ਦਿੱਤੇ। ਹਮੀਦ ਖਾਨ ਉਸਨੂੰ ਜੇਲ੍ਹ ਵਿਚਲੇ ਆਪਣੇ ਦਫ਼ਤਰ ’ਚ ਬੁਲਾ ਲੈਂਦਾ, ਸ਼ਾਮ ਸਮੇਂ ਹੀ ਉਹ ਆਪਣੀ ਕੋਠੜੀ ਵਿੱਚ ਜਾਂਦੀ।
ਉਸਦੀ ਸ਼ਹਾਨਾ ਜਿੰਦਗੀ ਦੇ ਦਿਨ ਯਾਦ ਕਰਾਉਣ ਤੇ ਉਹ ਆਪੇ ਤੋਂ ਬਾਹਰ ਹੋ ਜਾਂਦੀ ਤੇ ਕਹਿੰਦੀ, ‘‘ਭੁੱਟੋ ਨੇ ਮੇਰੀ ਜਿੰਦਗੀ ਦਾ ਨਕਸ਼ਾ ਜਾਣ ਬੁੱਝ ਕੇ ਵਿਗਾੜਿਆ ਹੈ। ਹੁਣ ਉਹ ਮੈਥੋਂ ਬਦਲਾ ਲੈ ਰਿਹਾ ਹੈ। ਖੁਦਾ ਨੇ ਚਾਹਿਆ ਤਾਂ ਮੇਰੇ ਮਹਿਬੂਬ ਯਹੀਆ ਖਾਂ ਮੁੜ ਪਾਕਿਸਤਾਨ ਦੇ ਸਦਰ ਬਣਨਗੇ, ਫੇਰ ਮੈਂ ਲਊ ਗਿਣ ਗਿਣ ਦੇ ਬਦਲੇ।ਲੂਲੂਲੂਲੂ’’ ਇਹ ਵੀ ਸੱਚਾਈ ਹੈ ਕੁਝ ਸਮਾਂ ਬਾਅਦ ਜੁਲਫ਼ਕਾਰ ਅਲੀ ਭੁੱਟੋ ਦੀ ਹਕੂਮਤ ਚਲੀ ਗਈ, ਉਸਨੂੰ ਫਾਂਸੀ ਦੇ ਦਿੱਤੀ, ਉਸਦੀ ਪਤਨੀ ਤੇ ਧੀ ਜਵਾਈ ਨੂੰ ਜੇਲ ’ਚ ਜਾਣਾ ਪਿਆ। ਪਰੰਤੂ ਅਕਲੀਮ ਅਖ਼ਤਰ ਦੀ ਇਹ ਇੱਛਾ ਪੂਰੀ ਨਾ ਹੋਈ ਕਿ ਯਹੀਆ ਖਾਂ ਮੁੜ ਪਾਕਿਸਤਾਨ ਦਾ ਸਦਰ ਬਣੇਗਾ, ਆਖ਼ਰ ਅਕਲੀਮ ਦੀਆਂ ਉਮੀਦਾਂ 1980 ਵਿੱਚ ਹੋਈ ਯਹੀਆਂ ਖਾਂ ਦੀ ਮੌਤ ਨਾਲ ਸਦਾ ਲਈ ਖਤਮ ਹੋ ਗਈਆਂ।
ਇਸਨੂੰ ਕੁਦਰਤ ਦਾ ਹੇਰ ਫੇਰ ਕਿਹਾ ਜਾਵੇ ਤਾਂ ਇਨਸਾਨ ਦੀ ਜਿੰਦਗੀ ਦਾ ਉਤਰਾਅ ਚੜਾਅ, ਕਿਸੇ ਸਮੇਂ ਸਦਰ ਏ ਪਾਕਿਸਤਾਨ ਦੀ ਮਹਿਬੂਬਾ ਬਣਨ ਤੇ ਅਕਲੀਮ ਅਖ਼ਤਰ ਦੇ ਮੂੰਹ ਦੀ ਹਵਾੜ ਕਾਨੂੰਨ ਬਣ ਕੇ ਨਿਕਲਦੀ ਰਹੀ, ਜੋ ਉਹ ਮਨ ਵਿੱਚ ਚਿਤਵਦੀ ਉਹ ਪੂਰਾ ਹੁੰਦਾ ਅਤੇ ਫੇਰ ਜੇਲ ਸੁਪਰਡੰਟ ਦੇ ਰਹਿਮੋ ਕਰਮ ਤੇ ਦਿਨ ਕਟਦੀ ਰਹੀ। ਜੁਲਫ਼ਕਾਰ ਅਲੀ ਭੁੱਟੋ ਤੋਂ ਬਾਅਦ ਜਦ ਜਿਆ ਉਲ ਹੱਕ ਨੇ ਸੱਤਾ ਸੰਭਾਲੀ ਤਾਂ ਅਕਲੀਮ ਅਖ਼ਤਰ ਜੇਲ੍ਹ ਚੋਂ ਬਾਹਰ ਆਈ ਅਤੇ ਲਹੌਰ ਵਿੱਚ ਆਪਣਾ ਦੁਖੀ ਭਰਿਆ ਜੀਵਨ ਬਿਤਾਉਣ ਲੱਗੀ, ਕਿਉਂਕਿ ਉਸ ਸਮੇਂ ਤੱਕ ਉਹ ਆਪਣੀ ਦੌਲਤ ਵੀ ਗੁਆ ਚੁੱਕੀ ਸੀ। ਪਾਕਿਸਤਾਨ ਦੀ ਇਹ ਸਭ ਤੋਂ ਤਾਕਤਵਰ ਔਰਤ ਆਖ਼ਰ ਛਾਤੀ ਦੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਹੋ ਗਈ ਤੇ 1 ਜੁਲਾਈ 2002 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਇਸ ਜਨਰਲ ਰਾਣੀ ਦੀ ਹੀ ਪੁੱਤਰੀ ਹੈ ਅਰੂਸਾ ਆਲਮ, ਜਿਸਨੇ ਆਪਣੇ ਦੇਸ਼ ਤੋਂ ਬਾਹਰ ਭਾਰਤ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਇੱਕ ਦਹਾਕੇ ਤੋਂ ਵੱਧ ਸਮਾਂ ਤਹਿਲਕਾ ਮਚਾਈ ਰੱਖਿਆ ਹੈ। ਪੰਜਾਬ ਚੋਂ ਕੈਪਟਨ ਅਮਰਿੰਦਰ ਸਿੰਘ ਦੀ ਇਹ ਵਿਦੇਸ਼ੀ ਦੋਸਤ ਬਾਰੇ ਹੁਣ ਮੁੜ ਚਰਚਾ ਸਿਖ਼ਰਾਂ ਤੇ ਪਹੁੰਚੀ ਹੋਈ ਹੈ। ਮੋਬਾ: 098882-75913

Real Estate