ਕੈਲੀਫੋਰਨੀਆ ਦੇ ਗਵਰਨਰ  ਨੇ ਸਪਲਾਈ ਚੇਨ ਸੰਕਟ ਨਾਲ ਨਜਿੱਠਣ ਲਈ ਆਦੇਸ਼ਾਂ ‘ਤੇ ਕੀਤੇ ਦਸਤਖਤ

85

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਜੋ ਸਪਲਾਈ ਚੇਨ ਸੰਕਟ ਨੂੰ ਦੂਰ ਕਰਨ ਲਈ ਸਟੇਟ ਏਜੰਸੀਆਂ ਨੂੰ ਵੱਖ -ਵੱਖ ਸਮਾਧਾਨਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੰਦਾ ਹੈ। ਗੈਵਿਨ ਨਿਊਸਮ ਅਨੁਸਾਰ ਕੈਲੀਫੋਰਨੀਆ ਦੀਆਂ ਬੰਦਰਗਾਹਾਂ ਸਥਾਨਕ, ਸਟੇਟ ਅਤੇ ਰਾਸ਼ਟਰੀ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਹਨ। ਜਿਸ ਲਈ ਸਾਮਾਨ ਦੀ ਸਪਲਾਈ ਨੂੰ ਸਮਰਥਨ ਦੇਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਆਦੇਸ਼ਾਂ ਤਹਿਤ ਨਿਊਸਮ ਨੇ ਰਾਜ ਦੀਆਂ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਵਧੇਰੇ ਵਸਤੂਆਂ ਲਿਜਾਣ ਲਈ ਵਾਹਨ ਦੇ ਭਾਰ ਦੀ ਸੀਮਾ ਤੋਂ ਸੰਭਾਵਤ ਅਸਥਾਈ ਛੋਟ ਲਈ ਮਾਰਗਾਂ ਦੀ ਪਛਾਣ ਕਰਨ ਅਤੇ ਗੈਰ-ਰਾਜ ਸਥਾਨਾਂ ਦੀ ਪਛਾਣ ਕਰਨ ਜੋ ਕਿ ਥੋੜ੍ਹੇ ਸਮੇਂ ਦੇ ਭੰਡਾਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਲਈ ਉਪਲੱਬਧ ਹੋ ਸਕਦੇ ਹਨ। ਇਸਦੇ ਇਲਾਵਾ ਨਿਊਸਮ ਨੇ ਸਾਰੀਆਂ ਏਜੰਸੀਆਂ ਨੂੰ ਬਾਈਡੇਨ-ਹੈਰਿਸ ਐਡਮਨਿਸਟ੍ਰੇਸ਼ਨ ਸਪਲਾਈ ਚੇਨ ਵਿਘਨ ਟਾਸਕ ਫੋਰਸ ਦੇ ਨਾਲ ਤਾਲਮੇਲ ਕਰਕੇ ਕਾਰਵਾਈਆਂ ਨੂੰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮਹੀਨਿਆਂ ਤੋਂ ਚੱਲ ਰਿਹਾ ਸਪਲਾਈ ਸੰਕਟ ਕੋਵਿਡ -19 ਮਹਾਂਮਾਰੀ ਸਮੇਤ ਕਈ ਕਾਰਕਾਂ ਕਾਰਨ ਪੈਦਾ ਹੋਇਆ ਹੈ। ਇਸ ਦੌਰਾਨ ਦੇਸ਼ ਦੀਆਂ ਦੋ ਪ੍ਰਮੁੱਖ ਬੰਦਰਗਾਹਾਂ ਲਾਸ ਏਂਜਲਸ ਅਤੇ ਲੋਂਗ ਬੀਚ ਵਿੱਚ ਦਾਖਲ ਹੋਣ ਦੀ ਉਡੀਕ ਵਿੱਚ ਸਮੁੰਦਰੀ ਜਹਾਜ਼ਾਂ ਦਾ ਵਿਸ਼ਾਲ ਬੈਕਲਾਗ ਪੈਦਾ ਹੋਇਆ ਹੈ। ਸਪਲਾਈ ਚੇਨ ਨੂੰ ਸਟੋਰਾਂ ਤੱਕ ਸਮਾਨ ਪਹੁੰਚਾਉਣ ਲਈ ਟਰੱਕ ਡਰਾਈਵਰਾਂ ਅਤੇ ਰੇਲਵੇ ਕਰਮਚਾਰੀਆਂ ਦੀ ਵੀ ਘਾਟ ਹੋ ਰਹੀ ਹੈ।

Real Estate