ਅਮਰੀਕਾ ਦੇ ਪ੍ਰਸਿੱਧ ਫਿਲਮੀ ਅਦਾਕਾਰ ਕੋਲੋਂ ਭੁਲੇਖੇ ‘ਚ ਚੱਲੀਆਂ ਗੋਲੀਆਂ ਕਾਰਨ ਸਿਨੇਮਾਟੋਗ੍ਰਾਫਰ ਦੀ ਹੋਈ ਮੌਤ

280

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਇੱਕ ਪ੍ਰਸਿੱਧ ਫਿਲਮੀ ਅਦਾਕਾਰ ਵੱਲੋਂ ਫਿਲਮ ਦੇ ਸੈੱਟ ‘ਤੇ ਭੁਲੇਖੇ ਵਿੱਚ ਗੋਲੀਬਾਰੀ ਕਰਨ ਦੀ ਘਟਨਾ ਵਾਪਰੀ ਹੈ, ਜਿਸ ਨਾਲ ਇੱਕ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸੀਕੋ ’ਚ ਇਕ ਫ਼ਿਲਮ ਦੇ ਸੈੱਟ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਮੌਕੇ ’ਤੇ ਹੀ ਇੱਕ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ, ਜਦਕਿ ਫਿਲਮ ਦੇ ਨਿਰਦੇਸ਼ਕ ਜ਼ਖਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਦੱਖਣ-ਪੱਛਮੀ ਅਮਰੀਕੀ ਸੂਬੇ ’ਚ ‘ਰਸਟ’ ਫ਼ਿਲਮ ਦੇ ਸੈੱਟ ’ਤੇ ਵਾਪਰੀ, ਜਿਥੇ ਐਲੇਕ 19ਵੀਂ ਸਦੀ ਦੇ ਇੱਕ ਕਿਰਦਾਰ ਦੀ ਮੁੱਖ ਭੂਮਿਕਾ ਨਿਭਾਅ ਰਹੇ ਸਨ। ਸਾਂਤਾ ਫੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ‘ਹੇਲੀਨਾ ਹਚਿਨਸ ਤੇ ਜੋਏਲ ਸੂਜ਼ਾ ਨੂੰ ਉਸ ਸਮੇਂ ਗੋਲੀ ਲੱਗੀ, ਜਦੋਂ ਐਲੇਕ ਬਾਲਡਵਿਨ ਇੱਕ ਬੰਦੂਕ ਨੂੰ ਹੱਥ ’ਚ ਫੜ ਕੇ ਦੇਖ ਰਹੇ ਸਨ।’
ਇਸ ਹਾਦਸੇ ਤੋਂ ਬਾਅਦ 42 ਸਾਲਾਂ ਹਚਿਨਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ 48 ਸਾਲਾਂ ਸੂਜ਼ਾ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ, ਫਿਲਹਾਲ ਅਦਾਕਾਰ ’ਤੇ ਕੋਈ ਦੋਸ਼ ਦਰਜ ਨਹੀਂ ਕੀਤਾ ਗਿਆ ਹੈ। ਇਹ ਘਟਨਾ ਬੋਨਾਂਨਜ਼ਾ ਕ੍ਰੀਕ ਰੇਂਚ ’ਚ ਵਾਪਰੀ, ਜੋ ਸਾਂਤਾ ਫੇ ਦੇ ਕੋਲ ਇਕ ਪ੍ਰੋਡਕਸ਼ਨ ਲੋਕੇਸ਼ਨ ਹੈ । ਇਹ ਹਾਲੀਵੁੱਡ ਫ਼ਿਲਮ ਨਿਰਮਾਤਾਵਾਂ ਦੀ ਮਨਪਸੰਦੀ ਦੀ ਲੋਕੇਸ਼ਨ ਹੈ।

Real Estate