ਨਵਾਂ ਕਾਨੂੰਨ , ਜੇ ਬੱਚਿਆਂ ਨੇ ਕੀਤਾ ਗਲਤ ਕੰਮ ਤਾਂ ਮਾਤਾ-ਪਿਤਾ ਨੂੰ ਮਿਲੇਗੀ ਸਜ਼ਾ !

113

ਚੀਨ ‘ਚ ਅਜਿਹਾ ਕਾਨੂੰਨ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਬੁਰਾ ਵਤੀਰਾ ਕਰਨ ਵਾਲੇ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਜ਼ਾ ਦੇਣ ਦੀ ਵਿਵਸਥਾ ਹੋਵੇਗੀ। ਫੈਮਿਲੀ ਐਜੂਕੇਸ਼ਨ ਪ੍ਰਮੋਸ਼ਨ ਲਾਅ ਦੇ ਮਸੌਦੇ ਮੁਤਾਬਕ ਬਹੁਤ ਬੁਰਾ ਵਤੀਰਾ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਨੂੰ ਬਣਨ ਵਾਲੇ ਕਾਨੂੰਨ ਤਹਿਤ ਜਨਤਕ ਤੌਰ ’ਤੇ ਝਾੜ ਪਾਈ ਜਾਵੇਗੀ ਤੇ ਉਨ੍ਹਾਂ ਨੂੰ ਫੈਮਿਲੀ ਐਜੂਕੇਸ਼ਨ ਗਾਈਡੈਂਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ। ਇਸ ਪ੍ਰੋਗਰਾਮ ’ਚ ਉਨ੍ਹਾਂ ਨੂੰ ਬੱਚਿਆਂ ਦੀ ਦੇਖਭਾਲ ਦੇ ਤਰੀਕਿਆਂ ਬਾਰੇ ਦੱਸਿਆ ਜਾਵੇਗਾ। ਦੱਸਿਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਨਾਲ ਆਪਣੇ ਵਿਗੜੇ ਬੱਚਿਆਂ ਨੂੰ ਸੁਧਾਰ ਸਕਦੇ ਹਨ। ਨੈਸ਼ਨਲ ਪੀਪਲਜ਼ ਕਾਂਗਰਸ ਦੇ ਕਾਨੂੰਨ ਮਾਮਲਿਆਂ ਦੇ ਕਮਿਸ਼ਨ ਦੇ ਬੁਲਾਰੇ ਜੇਂਗ ਤਾਈਵੇ ਮੁਤਾਬਕ ਕਿਸੇ ਨਾਬਾਲਿਗ ਬੱਚੇ ਵੱਲੋਂ ਮਾੜਾ ਵਤੀਰਾ ਕਰਨ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਨ ਪਰਿਵਾਰ ’ਚ ਪ੍ਰੈਕਟੀਕਲ ਐਜੂਕੇਸ਼ਨ ਦੀ ਕਮੀ ਹੁੰਦੀ ਹੈ। ਇਸ ਹਫ਼ਤੇ ਸੰਸਦ ਦੀ ਸਥਾਈ ਕਮੇਟੀ ਬਿੱਲ ਦੇ ਮਸੌਦੇ ਦੀ ਸਮੀਖਿਆ ਕਰੇਗੀ। ਉਸ ਦੀ ਮਨਜ਼ੂਰੀ ਤੋਂ ਬਾਅਦ ਫਾਰਮੇਟ ਨੂੰ ਬਿੱਲ ਦੇ ਰੂਪ ’ਚ ਸੰਸਦ ਦੇ ਸਾਹਮਣੇ ਵਿਚਾਰ ਲਈ ਰੱਖਿਆ ਜਾਵੇਗਾ। ਇਸ ’ਚ ਦੱਸਿਆ ਜਾਵੇਗਾ ਕਿ ਮਾਤਾ-ਪਿਤਾ ਕਿਸ ਤਰ੍ਹਾਂ ਨਾਲ ਬੱਚਿਆਂ ਨੂੰ ਆਰਾਮ, ਖੇਡਣ ਤੇ ਕਸਰਤ ਲਈ ਸਮਾਂ ਪੱਕਾ ਕਰਨ।
ਸਰਕਾਰ ਇਸ ਸਾਲ ਤੋਂ ਬੱਚਿਆਂ ਨੂੰ ਬੁਰੀਆਂ ਚੀਜ਼ਾਂ ਦੀ ਲਤ ਤੋਂ ਬਚਾਅ ਲਈ ਕਈ ਕਦਮ ਚੁੱਕ ਰਹੀ ਹੈ। ਉਹ ਬੱਚਿਆਂ ’ਚ ਆਨਲਾਈਨ ਗੇਮ ਦੀ ਲਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਕ ਤਰ੍ਹਾਂ ਨਾਲ ਅਫੀਮ ਦੇ ਨਸ਼ੇ ਦੀ ਲਤ ਵਰਗੀ ਹੈ। ਸਰਕਾਰ ਇੰਟਰਨੈੱਟ ਦੀਆਂ ਕਈ ਸੈਲੇਬਿ੍ਰਟੀਜ਼ ਦੀ ਰੱਬ ਵਾਂਗ ਪੂਜਾ ਕਰਨ ਤੇ ਉਨ੍ਹਾਂ ਦੇ ਅਸਰ ਨੂੰ ਬੱਚਿਆਂ ਵਿਚਾਲੇ ਘੱਟ ਕਰਨ ਦੀ ਕੋਸ਼ਿਸ਼ ’ਚ ਵੀ ਲੱਗੀ ਹੋਈ ਹੈ। ਸਿੱਖਿਆ ਮੰਤਰਾਲੇ ਨੇ ਹਾਲ ਦੇ ਮਹੀਨਿਆਂ ’ਚ ਜੋ ਫ਼ੈਸਲੇ ਕੀਤੇ ਹਨ ਉਨ੍ਹਾਂ ਤਹਿਤ ਇੰਟਰਨੈੱਟ ਗੇਮਿੰਗ ਦੇ ਘੰਟੇ ਸੀਮਤ ਕਰ ਦਿੱਤੇ ਗਏ ਹਨ। ਬੱਚਿਆਂ ਨੂੰ ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਕ-ਇਕ ਘੰਟਾ ਹੀ ਇੰਟਰਨੈੱਸ ਗੇਮ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿੱਖਿਆ ਮੰਤਰਾਲੇ ਨੇ ਬੱਚਿਆਂ ਨੂੰ ਸਕੂਲ ਤੋਂ ਮਿਲਣ ਵਾਲੇ ਹੋਮਵਰਕ ’ਚ ਵੀ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਸਕੂਲ ਤੋਂ ਬਾਅਦ ਟਿਊਸ਼ਨ ਦੀ ਪੜ੍ਹਾਈ ’ਤੇ ਵੀ ਰੋਕ ਲਗਾਈ ਹੈ। ਸਿਰਫ ਹਫ਼ਤੇ ਦੇ ਅਖੀਰ ’ਚ ਤੇ ਛੁੱਟੀ ਵਾਲੇ ਦਿਨਾਂ ’ਚ ਹੀ ਮੁੱਖ ਵਿਸ਼ਿਆਂ ਦੀ ਟਿਊਸ਼ਨ ਪੜ੍ਹਾਈ ਜਾ ਸਕੇਗੀ। ਅਜਿਹਾ ਬੱਚਿਆਂ ’ਤੇ ਪੜ੍ਹਾਈ ਦਾ ਬੋਝ ਘੱਟ ਕਰ ਕੇ ਉਨ੍ਹਾਂ ਨੂੰ ਹੱਸਦਾ-ਖੇਡਦਾ ਬਣਾਉਣ ਲਈ ਕੀਤਾ ਗਿਆ ਹੈ। ਇਸ ਨਾਲ ਬੱਚੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਗੇ ਤੇ ਉਨ੍ਹਾਂ ਦਾ ਚਹੁੰ-ਪੱਖੀ ਵਿਕਾਸ ਹੋ ਸਕੇਗਾ।

Real Estate