ਕੈਪਟਨ ਨੇ ਨਵੀਂ ਸਿਆਸੀ ਪਾਰਟੀ ਬਣਾ ਭਾਜਪਾ ਨਾਲ ਗਠਜੋੜ ਦੇ ਦਿੱਤੇ ਸੰਕੇਤ

131

ਕਾਂਗਰਸੀ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਉਹ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਅਤੇ ਉਹ ਭਾਜਪਾ, ਜੇਕਰ ਉਸਨੇ ਕਿਸਾਨ ਸੰਘਰਸ਼ ਦਾ ਨਿਬੇੜਾ ਕਰ ਦਿੱਤਾ ਸੀ, ਦੇ ਨਾਲ ਨਾਲ ਅਕਾਲੀ ਦਲ ਦੇ ਹੋਰ ਧੜਿਆਂ ਦੇ ਨਾਲ ਗਠਜੋੜ ਕਰ ਸਕਦੇ ਹਨ। ਕੈਪਟਨ ਅਮਰਿੰਦਰ‌ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਟਵੀਟਾਂ ਵਿਚ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਆਪਣੀ ਸਿਆਸੀ ਪਾਰਟੀ ਬਣਾਉਣਗੇ ਜੋ ਪੰਜਾਬ ਅਤੇ ਤਕਰੀਬਨ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਇਸਦੇ ਲੋਕਾਂ ਦੀ ਸੇਵਾ ਕਰੇਗੀ।
ਪਿਛਲੇ ਸਾਲ ਤੋਂ ਲੈ ਕੇ ਸਤੰਬਰ ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਾਫੀ ਤਲਖ਼ੀ ਵਧ ਗਈ ਸੀ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੈਪਟਨ ਵਿਰੋਧੀ ਗੁੱਟ ਕਾਫੀ ਮਜ਼ਬੂਤ ਹੋਇਆ ਸੀ ਅਤੇ ਇਸ ਸਾਲ 18 ਸਤੰਬਰ ਨੂੰ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੇ ਵੱਡੇ ਯੋਗਦਾਨ ਮਗਰੋਂ ਵੀ ਉਨ੍ਹਾਂ ਦਾ ਅਪਮਾਨ ਹੋਇਆ ਹੈ।ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਗੇ। ਹਾਲਾਂਕਿ, ਉਨ੍ਹਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਵੀ ਨਹੀਂ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਰ ਚੁੱਕੇ ਹਨ।

Real Estate