ਕੇਰਲਾ ਹੜ੍ਹਾਂ ਦੀ ਮਾਰ ਹੇਠ : 23 ਮੌਤਾਂ

107

ਕੇਰਲਾ ਵਿਚ ਜ਼ੋਰਦਾਰ ਮੀਂਹ ਤੇ ਜ਼ਮੀਨ ਖ਼ਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਕੋਟਿਅਮ ਤੇ ਇੱਡੂਕੀ ਦੇ ਇਲਾਕਿਆਂ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। ਫ਼ੌਜ, ਐਨਡੀਆਰਐਫ, ਪੁਲੀਸ ਤੇ ਅੱਗ ਬੁਝਾਊ ਅਮਲੇ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਕੂਟੀਕਲ ਤੇ ਕੋਕਿਆਰ ਪੰਚਾਇਤੀ ਖੇਤਰ ਵਿਚ ਦਰਜਨ ਤੋਂ ਵੱਧ ਲੋਕ ਲਾਪਤਾ ਹਨ। ਸ਼ਨਿਚਰਵਾਰ ਤੋਂ ਇਸ ਇਲਾਕੇ ਵਿਚ ਕਾਫ਼ੀ ਬਾਰਿਸ਼ ਹੋ ਰਹੀ ਹੈ ਤੇ ਜ਼ਮੀਨ ਵੀ ਖ਼ਿਸਕੀ ਹੈ। ਬਚਾਅ ਕਰਮੀਆਂ ਨੇ ਐਤਵਾਰ ਸਵੇਰੇ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਹਾਲੇ ਤੱਕ ਇਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਮ੍ਰਿਤਕਾਂ ਵਿਚ ਦੋ ਔਰਤਾਂ ਤੇ ਇਕ ਬੱਚਾ ਵੀ ਸ਼ਾਮਲ ਹਨ। ਇੱਡੂਕੀ ਜ਼ਿਲ੍ਹੇ ਵਿਚ ਇਕ ਕਾਰ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਈ ਤੇ ਦੋ ਜਣੇ ਮਾਰੇ ਗਏ। ਰਾਜ ਦੇ ਮੰਤਰੀ ਕੇ। ਰਾਜਨ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਕਿਤੇ ਮਲਬੇ ਜਾਂ ਗਾਰੇ ਵਿਚ ਹੋਰ ਲੋਕ ਤਾਂ ਨਹੀਂ ਫਸੇ ਹੋਏ ਜਾਂ ਫਿਰ ਲਾਪਤਾ ਤਾਂ ਨਹੀਂ। ਫ਼ੌਜ ਦੀ ਇਕ ਟੀਮ ਲਾਪਤਾ ਵਿਅਕਤੀਆਂ ਨੂੰ ਭਾਲ ਰਹੀ ਹੈ। ਜਲ ਸੈਨਾ ਦੇ ਹੈਲੀਕੌਪਟਰ ਨੂੰ ਰਾਹਤ ਕਾਰਜਾਂ ਲਈ ਲਾਇਆ ਗਿਆ ਹੈ। ਇਸ ਤੋਂ ਇਲਾਵਾ ਏਅਰ ਫੋਰਸ ਦੇ ਐਮਆਈ-17 ਹੈਲੀਕੌਪਟਰ ਵੀ ਮਦਦ ਕਰ ਰਹੇ ਹਨ। ਅਗਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕੈਂਪ ਖੋਲ੍ਹ ਦਿੱਤੇ ਗਏ ਹਨ। ਸੂਬੇ ਵਿਚ ਕਈ ਥਾਵਾਂ ’ਤੇ ਸੜਕਾਂ ਤਬਾਹ ਹੋ ਗਈਆਂ ਹਨ ਤੇ ਸੰਪਰਕ ਟੁੱਟ ਗਿਆ ਹੈ। ਸੰਪਰਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨਡੀਆਰਐਫ ਦੀ ਟੀਮ ਨੇ ਪਥਾਨਾਮਥਿੱਟਾ ਜ਼ਿਲ੍ਹੇ ਵਿਚ ਸੈਂਕੜੇ ਲੋਕਾਂ ਨੂੰ ਪਾਣੀ ਵਿਚ ਡੁੱਬੇ ਇਲਾਕੇ ’ਚੋਂ ਸੁਰੱਖਿਅਤ ਬਾਹਰ ਕੱਢਿਆ ਹੈ।

Real Estate