BSF ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨਾ ਪੰਜਾਬ ਦੇ “ਡੈਮੋਕ੍ਰੇਟਿਕ ਫਰੀਡਮ” ਅਤੇ ਪੰਜਾਬ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ : ਕੰਵਰ ਚੜ੍ਹਤ ਸਿੰਘ

64
ਕੰਵਰ ਚੜ੍ਹਤ ਸਿੰਘ(ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ)

ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਬੀ ਐੱਸ ਐੱਫ ਨੂੰ ਪੰਜਾਬ ਅਸਾਮ ਅਤੇ ਪੱਛਮ ਬੰਗਾਲ ਵਿਚ ਵੱਧ ਅਧਿਕਾਰ ਦੇ ਕੇ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ। ਇਹ ਸਿੱਧੇ ਤੌਰ ਤੇ ਪੰਜਾਬ ਦੇ “ਡੈਮੋਕ੍ਰੇਟਿਕ ਫਰੀਡਮ” ਅਤੇ ਪੰਜਾਬ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।ਇਸਦੇ ਨਾਲ ਪੰਜਾਬ ਵਾਸੀਆਂ ਵਿਚ ਅਸ਼ਾਂਤੀ ਅਤੇ ਅਸੁਰੱਖਿਆ ਫੈਲਣਾ ਵੀ ਲਾਜ਼ਮੀ ਹੈ ਕਿਓਂਕਿ ਧਾਰਾ 129 ਦੇ ਅਧੀਨ ਬੀ ਐੱਸ ਐੱਫ ਪੰਜਾਬ ਪੁਲਿਸ ਦੀ ਜਗਾ ਇੰਕੁਆਰੀ, ਸਰਚ ਅਤੇ ਗ੍ਰਿਫਤਾਰੀ ਕਰ ਸਕੇਗੀ ਅਤੇ ਸੂਬੇ ਦਾ ਇਸ ਵਿਚ ਕੋਈ ਰੋਲ ਜਾਂ ਕੰਟਰੋਲ ਨਹੀਂ ਰਹਿ ਜਾਵੇਗਾ। ਇਸਨੂੰ ਸਮਝਣ ਲਈ ਕਰੋਨੋਲੋਜੀ ਨੂੰ ਦੇਖਣ ਦੀ ਲੋੜ ਹੈ। ਕੇਂਦਰ ਬਹੁਤ ਪਹਿਲਾਂ ਤੋਂ ਪੰਜਾਬ ਦੇ ਹੱਕਾਂ ਨੂੰ ਦਬਾਉਣ ਦੇ ਯਤਨ ਕਰ ਰਿਹਾ ਹੈ। ਪਹਿਲਾਂ ਪੰਜਾਬ ਦੇ ਪਾਣੀਆਂ ਦੀ ਲੁੱਟ, ਫਿਰ ਪਠਾਨਕੋਟ ਅਤੇ ਗੁਰਦਸਪੂਰ ਨੂੰ ਹਿਮਾਚਲ ਵਿਚ ਮਿਲਾਉਣ ਦੇ ਯਤਨ ਅਤੇ ਹੁਣ ਬੀ ਐੱਸ ਐੱਫ ਨੂੰ 50 ਕਿਲੋਮੀਟਰ ਅੰਦਰ ਤੱਕ  ਸਿਧਾ ਕੰਟਰੋਲ। ਅੱਜ ਭਾਰਤ ਦੀ ਡੇਮੋਕ੍ਰੇਟਿਕ ਸਰਕਾਰ ਅਥੌਰੀਟੇਰੀਅਨ ਰੂਪ ਧਾਰਨ ਕਰ ਰਹੀ ਹੈ, ਜਿਸਨੂੰ ਸਾਫ ਲਫ਼ਜ਼ਾਂ ਵਿਚ ਡਿਕਟੇਟਰ ਰਾਜ ਕਹਿ ਸਕਦੇ ਹਾਂ। ਹੁਕਮਰਾਨ ਸਿਧੇ ਅਤੇ ਅਸਿੱਧੇ ਤੌਰ ਤੇ ਪੰਜਾਬ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰ ਆਪਣਾ ਰਾਜ ਅਸਥਾਪਤ ਕਰ ਰਿਹਾ ਹੈ। ਮੌਜੂਦਾ ਪਿ੍ਸਥਿਤੀ ਪੰਜਾਬ ਵਿਚ ਰਾਸ਼ਟਰਪਤੀ ਰਾਜ ਦੀ ਝਲਕ ਦੇ ਰਹੀ ਹੈ। ਅਜਿਹੇ ਕੋਝੇ ਪੰਜਾਬ ਵਿਰੋਧੀ ਯਤਨ 1984 ਤੋਂ ਪਹਿਲਾਂ ਵੀ ਕੀਤੇ ਗਏ ਸਨ ਅਤੇ ਅੱਜ ਉਹੀ ਯਤਨ ਫਿਰਤੋਂ ਦੁਹਰਾਏ ਜਾ ਰਹੇ ਹਨ, ਜਿਸਤੋਂ ਸਮੂਹ ਪੰਜਾਬ ਵਾਸੀਆਂ ਨੂੰ ਸੁਚੇਤ ਹੋਣਾ ਬੇਹੱਦ ਲੋੜ ਹੈ। ਇਤਿਹਾਸ ਵਿਚ ਵੀ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਦੇਖਣ ਨੂੰ ਮਿਲਿਆ ਹੈ ਕਿ ਜਾਲਮ ਹੁਕਮਰਾਨ ਜਾਣਬੁੱਝ ਕੇ ਅਜਿਹੇ ਕ਼ਨੂਨ ਅਤੇ ਹਲਾਤ ਬਣਾਉਂਦੀ ਹੈ ਜਿਸ ਦਾ ਵਿਰੋਧ ਹੋਣਾ ਲਾਜ਼ਮੀ ਹੈ। ਜਦੋਂ ਇਹ ਵਿਰੋਧ ਵੱਡੇ ਪੱਧਰ ਤੇ ਪਹੁੰਚ ਜਾਂਦਾ ਹੈ, ਓਦੋਂ ਮੀਡੀਆ ਵਿਚ ਉਸ ਇਲਾਕੇ/ਸੂਬੇ ਦੇ ਲੋਕਾਂ ਨੂੰ ਡਿਫੇਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਾਨੂੰ ਸਭਨੂੰ ਮੌਜੂਦਾ ਵਿਕਾਊ ਨੈਸ਼ਨਲ ਮੀਡੀਆ ਬਾਰੇ ਪਤਾ ਹੀ ਹੈ। ਇਸ ਮਗਰੋਂ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲਈ ਹਰ ਸੰਭਵ ਸ਼ਕਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿਚ ਵੱਡੇ ਪੱਧਰ ਤੇ ਨਸਲਕੁਸ਼ੀ ਜਾਂ ਜਾਨੀ ਨੁਕਸਾਨ ਨੂੰ ਵੀ ਜਾਇਜ਼ ਦਿਖਾਇਆ ਜਾਂਦਾ ਹੈ। ਬੀ ਐੱਸ ਐੱਫ ਲਈ ਇਹ ਕਨੂਨ ਸਾਡੀ ਚਲ ਰਹੀ ਵੱਧ ਅਧਿਕਾਰਾਂ ਅਤੇ ਪੰਜਾਬ ਦੀ ਖੁਦ ਮੁਖਤਿਆਰੀ ਦੀ ਲੜਾਈ ਦੇ ਵਿਰੁੱਧ ਹੈ। ਵਧਦੇ ਫਾਸ਼ੀਵਾਦ ਨੂੰ ਠੱਲ ਪਾਉਣ ਲਈ ਸਾਰੇ ਰਾਜਨੀਤਕ ਆਗੂਆਂ ਨੂੰ ਪੰਜਾਬ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਨ ਲਈ ਇਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ। ਇਸ ਪੰਜਾਬ ਵਿਰੋਧੀ ਚਾਲ ਨੂੰ ਸਮਝਕੇ ਪੰਜਾਬ ਚ ਵਸਦੇ ਹਰ ਵਰਗ ਦੇ ਲੋਕ ਇਸ ਮੁੱਦੇ ਨੂੰ ਘੰਬੀਰਤਾ ਨਾਲ ਲੈਣ ਅਤੇ ਇਕਜੂਠ ਹੋ ਕੇ ਪੰਜਾਬ ਦੇ ਅਧਿਕਾਰਾਂ ਲਈ ਖੜੇ ਹੋਣ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦੀ ਹੈ ਕਿ ਪੰਜਾਬ ਨੂੰ ਬਣਦੇ ਅਧਿਕਾਰ ਦਿੱਤੇ ਜਾਣ, ਪੰਜਾਬ ਵਾਸੀਆਂ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਹੋਣ ਅਤੇ ਇਸ ਸ਼ਾਂਤਮਈ ਮਹੌਲ ਨੂੰ ਖਰਾਬ ਨਾ ਕੀਤਾ ਜਾਵੇ।

Real Estate