ਬਾਪੂ ਜਗਜੀਤ ਸਿੰਘ ਥਿੰਦ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ…

97

ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਕੈਲੀਫੋਰਨੀਆਂ ਵਿੱਚ ਪੰਜਾਬੀ ਬੋਲੀ ਲਈ ਆਖ਼ਰੀ ਸਾਹ ਤੱਕ ਸਰਗਰਮ ਰਹਿਣ ਅਤੇ ਪਰਵਾਸੀ ਪੰਜਾਬੀ ਪੱਤਰਕਾਰੀ `ਚ ਬਹੁਤ ਅਹਿਮ ਹਿੱਸਾ ਪਾਉਣ ਵਾਲੇ ਬਜ਼ੁਰਗ ਸ. ਜਗਜੀਤ ਸਿੰਘ ਥਿੰਦ ਪਿਛਲੇ ਦਿਨੀਂ 91 ਸਾਲ ਦੀ ਉਮਰ ਭੋਗਕੇ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਦੇਹ ਦਾ ਸਸਕਾਰ ਅੱਜ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿੱਖੇ ਕੀਤਾ ਗਿਆ। ਜਿੱਥੇ ਵੀਕ-ਡੇਅ ਹੋਣ ਦੇ ਹੋਣ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚਕੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਉਹਨਾਂ ਦੀ ਦੋਹਤਰੀ ਪ੍ਰਨੀਤ ਕੌਰ, ਸੁਰਿੰਦਰ ਮੰਡਾਲੀ, ਸਾਧੂ ਸਿੰਘ ਸੰਘਾ, ਸੰਤੋਖ ਸਿੰਘ ਮਿਨਹਾਸ , ਰਾਜ ਬਰਾੜ, ਪਾਲ ਕੈਲੇ, ਚਰਨਜੀਤ ਸਿੰਘ ਬਾਠ, ਜਵਾਈ ਜੋਰਾ ਸਿੰਘ, ਸੁਰਿੰਦਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਮਾਨ ਅਤੇ ਪੋਤਰਾ ਸੁਖਦੀਪ ਸਿੰਘ  ਆਦਿ ਦੇ ਨਾਮ ਜਿੱਤਰਯੋਗ ਹਨ।ਉਪਰੰਤ ਭੋਗ ਗੁਰਦਵਾਰਾ ਅਨੰਦਗੜ੍ਹ ਸਹਿਬ ਕਰਮ ਵਿਖੇ ਪਿਆ। ਜਿੱਥੇ ਗੁਰਤੇਜ ਸਿੰਘ ਧਾਲੀਵਾਲ, ਕਰਨਲ ਹਰਦੇਵ ਸਿੰਘ ਗਿੱਲ, ਅਮਰੀਕ ਸਿੰਘ ਵਿਰਕ ਆਦਿ ਨੇ ਸ਼ਰਧਾਂਜਲੀ ਦਿੱਤੀ ਅਤੇ ਸਿੱਖ ਕੌਂਸਲ ਵੱਲੋਂ ਸਵ. ਜਗਜੀਤ ਸਿੰਘ ਥਿੰਦ ਨੂੰ ਯਾਦ ਕਰਦਿਆਂ ਉਹਨਾਂ ਦੇ ਪੁੱਤਰ ਸੁਰਿੰਦਰ ਸਿੰਘ ਥਿੰਦ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਸੋਢੀ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇੱਥੇ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਅਮਰੀਕਾ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਪੰਜਾਬ ਵਿਚਲੇ ਆਪਣੇ ਜੱਦੀ ਪਿੰਡ ਬਿੰਜਲ ਨਾਲ ਗੂੜ੍ਹਾ ਨਾਤਾ ਸੀ। ਸੰਨ 1931 ਵਿੱਚ ਜਨਮੇ ਸ. ਜਗਜੀਤ ਸਿੰਘ ਥਿੰਦ ਨੇ ਉਹਨਾਂ ਸਮਿਆਂ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਜਦੋਂ ਪੰਜਾਬ ਵਿੱਚ ਦੂਰ ਦੁਰਾਡੇ ਤੱਕ ਸਕੂਲ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਸੀ
ਸ. ਥਿੰਦ ਨੇ 23 ਸਾਲ ਬਿੰਜਲ ਪਿੰਡ ਦੀ ਸਰਪੰਚੀ ਆਪਣੇ ਤਰੀਕੇ ਨਾਲ ਲੋਕਾਂ ਨੂੰ ਨਾਲ ਜੋੜ ਕੇ ਕੀਤੀ। ਉਹ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ। ਆਪਣੇ ਅਸਰ ਰਸੂਖ ਸਦਕਾ ਪਿੰਡ ਦੀ ਭਲਾਈ ਦਾ ਹਰ ਕੰਮ ਨੇਪਰੇ ਚਾੜ੍ਹਿਆ। ਪਿੰਡ ਵਿਚ ਸਕੂਲ ਖੁਲ੍ਹਵਾਏ, ਸਲੋਤਰਖਾਨਾ ਬਣਵਾਇਆ, ਗਲੀਆਂ ਪੱਕੀਆਂ ਕਰਵਾਈਆਂ। ਸਭ ਤੋ ਵੱਡੀ ਦੇਣ ਆਪਣੇ ਜੱਦੀ ਪਿੰਡ ਵਿਚ ਪੰਜਾਬੀ ਲਾਇਬਰੇਰੀ ਦਾ ਖੋਲ੍ਹਣਾ ਸੀ।
ਅਮਰੀਕਾ ਆਉਣ ਪਿੱਛੋਂ ਕਰਮਨ ਸ਼ਹਿਰ ਵਿੱਚ ਪੰਜਾਬੀ ਲਾਇਬਰੇਰੀ ਬਣਾਉਣ ਅਤੇ ਸਰਕਾਰੀ ਸਕੂਲ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਦਾ ਸਿਹਰਾ ਵੀ ਸ. ਜਗਜੀਤ ਸਿੰਘ ਥਿੰਦ ਸਿਰ ਜਾਂਦਾ ਹੈ। ਉਹ ਬਹੁਤ ਮਿਲਾਪੜੇ ਸੁਭਾਅ ਵਾਲੇ ਅਤੇ ਹਰ ਇੱਕ ਦੀ ਮਦਦ ਕਰਨ ਵਾਲੇ ਇਨਸਾਨ ਸਨ। ਅੱਜ ਭਾਰੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਉਹਨਾਂ ਦੇ ਫਿਊਨਰਲ ਮੌਕੇ ਹਾਜ਼ਰੀ ਭਰਕੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਅਤੇ ਹਰਕੋਈ ਆਖ ਰਿਹਾ ਸੀ ਕਿ ਜਗਜੀਤ ਸਿੰਘ ਦੇ ਇਸ ਜਹਾਨ ਤੋਂ ਤੁਰ ਜਾਣ ਨਾਲ ਕੇਵਲ ਥਿੰਦ ਪਰਿਵਾਰ ਜਾ ਬਦੇਸ਼ਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ‘ਬਲਕਿ ਪੂਰਾ ਪੰਜਾਬੀ ਭਾਈਚਾਰਾ ਇੱਕ ਸੁੱਘੜ ਸਿਆਣੇ ਅਤੇ ਸੁਚੱਜੇ ਇਨਸਾਨ ਤੋਂ ਵਾਂਝਾ ਹੋ ਗਿਆ ਹੈ। ਉਹਨਾਂ ਦੀ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Real Estate