ਏਅਰਪੋਰਟ ‘ਤੇ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, 4 ਲੋਕਾਂ ਦੀ ਹੋਈ ਮੌਤ

42

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਐਟਲਾਂਟਾ ਵਿੱਚ ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਅਟਲਾਂਟਾ ਦੇ ਇੱਕ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ।
ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ ਏ ਏ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਲ-ਇੰਜਣ ਸੇਸਨਾ 210 ਜਹਾਜ਼ ਦੁਪਹਿਰ 1:10 ਵਜੇ ਦੇ ਕ੍ਰੈਸ਼ ਹੋਇਆ। ਡੀਕਲਬ-ਪੀਚਟਰੀ ਹਵਾਈ ਅੱਡੇ ‘ਤੇ ਉਡਾਣ ਭਰਨ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਉਂਟੀ ਦੇ ਫਾਇਰ ਅਧਿਕਾਰੀ ਕੈਪਟਨ ਜੇਸਨ ਡੈਨੀਅਲਸ ਅਨੁਸਾਰ ਕਾਉਂਟੀ ਦੇ ਮਾਲਕੀ ਵਾਲੇ ਹਵਾਈ ਅੱਡੇ ‘ਤੇ ਘੱਟੋ ਘੱਟ 15 ਫਾਇਰ ਫਾਈਟਰ ਰਨਵੇਅ’ ਤੇ ਪਹੁੰਚੇ ਅਤੇ ਅੱਗ ਨੂੰ ਤੇਜ਼ੀ ਨਾਲ ਬੁਝਾਇਆ, ਪਰ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਹਾਲਾਂਕਿ ਅਧਿਕਾਰੀਆਂ ਨੇ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਸੀ। ਇਹ ਹਵਾਈ ਅੱਡਾ ਅਟਲਾਂਟਾ ਦੇ ਡਾਊਨਟਾਊਨ ਤੋਂ 10 ਮੀਲ (16 ਕਿਲੋਮੀਟਰ) ਦੀ ਦੂਰੀ ‘ਤੇ 700 ਏਕੜ (280 ਹੈਕਟੇਅਰ) ਤੋਂ ਵੱਧ ਵਿੱਚ ਫੈਲਿਆ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਔਸਤਨ ਲਗਭਗ 209,000 ਸਾਲਾਨਾ ਉਡਾਣਾਂ ਉਤਰਨ ਦੇ ਨਾਲ ਇਹ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ਤੋਂ ਬਾਅਦ ਸਟੇਟ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਇਸ ਹਾਦਸੇ ਦੇ ਸਬੰਧ ਵਿੱਚ ਐੱਫ ਏ ਏ ਨੇ ਦੱਸਿਆ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਦੀ ਅਗਵਾਈ ਕਰੇਗਾ।

Real Estate